ਭੜਕਾਊ ਅਨਸਰ ਆਪਹੁਦਰੀਆਂ ਹਰਕਤਾਂ ਤੋਂ ਬਾਜ਼ ਆਉਣ - ਪੰਜਾਬ ਕਿਸਾਨ ਯੂਨੀਅਨ
- ਵੱਡੀ ਗਿਣਤੀ ਵਿਚ ਮੋਰਚਿਆਂ ਉਤੇ ਪਹੁੰਚਣ ਦੀ ਕੀਤੀ ਅਪੀਲ
ਮਾਨਸਾ, 27 ਅਪ੍ਰੈਲ 2021 - ਪੰਜਾਬ ਕਿਸਾਨ ਯੂਨੀਅਨ ਨੇ ਸਮੂਹ ਕਿਸਾਨ ਔਰਤਾਂ, ਮਰਦਾਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਦੇ ਤੇਜ਼ ਫੈਲਾਅ ਦੀ ਆੜ ਵਿਚ ਮੋਦੀ ਸਰਕਾਰ ਵਲੋਂ ਕਿਸਾਨ ਅੰਦੋਲਨ ਖ਼ਿਲਾਫ਼ ਬਣਾਏ ਜਾ ਰਹੇ ਸਾਜ਼ਿਸ਼ੀ ਮਨਸੂਬਿਆਂ ਦਾ ਟਾਕਰਾ ਕਰਨ ਲਈ ਉਹ ਵੱਡੀ ਗਿਣਤੀ ਵਿਚ ਦਿੱਲੀ ਬਾਰਡਰਾਂ ਉਤੇ ਪਹੁੰਚ ਕੇ ਮੋਰਚਿਆਂ ਨੂੰ ਮਜ਼ਬੂਤ ਕਰਨ।
ਜਥੇਬੰਦੀ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ, ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਅਤੇ ਸੂਬਾਈ ਆਗੂ ਜਸਬੀਰ ਕੌਰ ਨੱਤ ਵਲੋਂ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਦਾ ਕਿਸਾਨ ਅੰਦੋਲਨ ਇਸ ਵਕਤ ਫੈਸਲਾਕੁੰਨ ਦੌਰ ਵਿਚ ਹੈ। ਇਹ ਜਿਥੇ ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਤੇ ਮੰਗ ਪੱਤਰ ਵਿਚਲੀਆਂ ਬਾਕੀ ਮੰਗਾਂ ਮੰਨਵਾਉਣ ਲਈ ਕਾਰਪੋਰੇਟ ਕੰਪਨੀਆਂ ਦੀ ਪਿੱਠੂ ਮੋਦੀ ਸਰਕਾਰ ਖ਼ਿਲਾਫ਼ ਆਰ ਪਾਰ ਦੀ ਲੜਾਈ ਲੜੀ ਰਿਹਾ ਹੈ, ਉਥੇ ਇਸ ਨੂੰ ਮੋਰਚੇ ਦੇ ਅੰਦਰ ਵੀ ਕੁਝ ਮਾਹਰਕੇਬਾਜ਼ ਤੇ ਭੜਕਾਊ ਅਨਸਰਾਂ ਦੀਆਂ ਉਕਸਾਊ ਹਰਕਤਾਂ ਨਾਲ ਨਜਿਠਣਾ ਪੈ ਰਿਹਾ ਹੈ।
ਜਿਥੇ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਬੀਤੇ ਪੰਜ ਮਹੀਨਿਆਂ ਤੋਂ ਪੂਰਨ ਏਕਤਾ, ਸਫਲਤਾ ਤੇ ਠਰੰਮੇ ਨਾਲ ਅੰਦੋਲਨ ਦੀ ਅਗਵਾਈ ਕਰ ਰਹੀ ਹੈ, ਉਥੇ ਇਹ ਰੰਗ ਰੰਗ ਦੇ ਅਨਸਰ ਸੰਘਰਸ਼ ਨੂੰ ਮਾਹਰਕੇਬਾਜੀ ਦੇ ਰਾਹ ਪਾ ਕੇ ਇਕ ਵਾਰ ਮੁੜ 26 ਜਨਵਰੀ ਵਾਂਗ ਗਲਤ ਪਟੜੀ ਉਤੇ ਚਾੜਨਾ ਚਾਹੁੰਦੇ ਹਨ। ਪੰਜਾਬ ਕਿਸਾਨ ਯੂਨੀਅਨ ਇੰਨਾਂ ਅਨਸਰਾਂ ਵਲੋਂ ਪ੍ਰਮੁੱਖ ਕਿਸਾਨ ਆਗੂਆਂ ਨੂੰ ਘੇਰ ਕੇ ਜਬਰੀ ਮਨਮਾਨੇ ਫੈਸਲੇ ਕਰਵਾਉਣ ਵਰਗੀ ਘਟੀਆ ਹਰਕਤ ਦੀ ਸਖ਼ਤ ਨਿੰਦਾ ਕਰਦੀ ਹੈ । ਬਿਆਨ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਇੰਨਾਂ ਅਨਸਰਾਂ ਵਲੋਂ ਦੁਬਾਰਾ ਕੋਈ ਐਸੀ ਹਰਕਤ ਕੀਤੀ ਗਈ , ਤਾਂ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।
ਕਿਸਾਨ ਆਗੂਆਂ ਨੇ ਸਮੂਹ ਮਜ਼ਦੂਰਾਂ, ਮੁਲਾਜ਼ਮਾਂ, ਛੋਟੇ ਵਪਾਰੀਆਂ - ਦੁਕਾਨਦਾਰਾਂ, ਸਮਾਜਿਕ ਆਰਥਿਕ ਤੇ ਧਾਰਮਿਕ ਸੰਸਥਾਵਾਂ ਸਮੇਤ ਸਾਰੇ ਇਨਸਾਫਪਸੰਦ ਲੋਕਾਂ ਨੂੰ ਵੀ ਮੁੜ ਅਪੀਲ ਕੀਤੀ ਹੈ ਕਿ ਆਮ ਜਨਤਾ ਦੇ ਰੋਜ਼ੀ ਰੁਜ਼ਗਾਰ ਨੂੰ ਕਾਰਪੋਰੇਟ ਕੰਪਨੀਆਂ ਦੀ ਜਕੜ ਤੋਂ ਬਚਾਉਣ ਲਈ ਉਹ ਇਸ ਨਿਆਂ ਪੂਰਨ ਅੰਦੋਲਨ ਵਿਚ ਪੂਰੀ ਤਾਕਤ ਨਾਲ ਸ਼ਾਮਲ ਹੋਣ।