ਅਸ਼ੋਕ ਵਰਮਾ
ਬਠਿੰਡਾ, 16ਅਪਰੈਲ2021: 21 ਅਪਰੈਲ ਨੂੰ ਗ਼ਦਰ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਖੇਤੀ ਵਿਰੋਧੀ ਕਾਲ਼ੇ ਕਾਨੂੰਨਾਂ ਵਿਰੁੱਧ ਚੱਲ ਰਹੇ ਦਿੱਲੀ ਦੇ ਬਾਰਡਰਾਂ ਤੇ ਮੋਰਚੇ ਵਿਚ ਵੱਧ ਤੋਂ ਵੱਧ ਕਿਸਾਨ, ਮਜ਼ਦੂਰ ਤੇ ਔਰਤਾਂ ਦੀ ਪਰਿਵਾਰਾਂ ਸਮੇਤ ਸ਼ਮੂਲੀਅਤ ਕਰ ਕੇ ਮੋਦੀ ਹਕੂਮਤ ਦਾ ਹਾੜੀ ਦੇ ਸੀਜ਼ਨ ਦੌਰਾਨ ਘੋਲ਼ ਮੱਠਾ ਪੈਣ ਦਾ ਭਰਮ ਤੋੜਿਆ ਜਾਵੇਗਾ ਜਿਹਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਬਠਿੰਡਾ ਜ਼ਿਲ੍ਹੇ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਦੀ ਪ੍ਰਧਾਨਗੀ ਹੇਠ ਭੁੱਚੋ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਪਹੁੰਚੇ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ 21 ਅਪਰੈਲ 1919 ਨੂੰ ਗ਼ਦਰ ਪਾਰਟੀ ਦੀ ਸਥਾਪਨਾ ਹੋਈ ਸੀ ਅਤੇ ਆਰਥਿਕ, ਸਮਾਜਿਕ ਅਤੇ ਨਿਆਂ ਦੇ ਬਰਾਬਰ ਹੱਕ ਲੈਣ ਲਈ ਚੱਲੀ ਇਸ ਲਹਿਰ ਵਿੱਚ ਅਨੇਕਾਂ ਗ਼ਦਰੀਆਂ ਨੇ ਕੁਰਬਾਨੀਆਂ ਦਿੱਤੀਆਂ।ਉਨ੍ਹਾਂ ਕਿਹਾ ਕਿ ਕੁਰਬਾਨੀਆਂ ਭਰੇ ਜਜ਼ਬੇ ਤਹਿਤ ਬਰਾਬਰ ਦੀ ਆਜ਼ਾਦੀ ਲੈਣ ਲਈ ਚੱਲੀਆਂ ਹਿੰਦੁਸਤਾਨ ਦੀਆਂ ਲਹਿਰਾਂ ਸਦਕਾ ਅੰਗਰੇਜ਼ ਤਾਂ ਭਾਵੇਂ ਉੱਨੀ ਸੌ ਸੰਤਾਲੀ ਵਿੱਚ ਇੱਥੋਂ ਚਲੇ ਗਏ ਪਰ ਹੁਣ ਵੀ ਇੱਥੇ ਹਰ ਪਾਸੇ ਨਾ ਬਰਾਬਰੀ ਦਾ ਬੋਲਬਾਲਾ ਹੈ । ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਹਕਮੂਤ ਵੱਲੋਂ ਕਿਸਾਨਾ ਦੀ ਸਹਿਮਤੀ ਤੋਂ ਬਿਨਾਂ ਧੱਕੇ ਨਾਲ ਉਨ੍ਹਾਂ ਤੇ ਕਨੂੰਨ ਮੜ੍ਹੇ ਜਾ ਰਹੇ ਹਨ ਅਤੇ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਕਿਸਾਨਾਂ ਨੂੰ ਦਿੱਲੀ ਦੇ ਬਾਡਰਾਂ ਤੇ ਲਾਏ ਮੋਰਚਿਆਂ ਨੂੰ ਲਗਪਗ ਪੰਜ ਮਹੀਨੇ ਹੋਣ ਵਾਲੇ ਹਨ ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਹਕੂਮਤ ਕਿਸਾਨਾਂ ਦੀ ਮੰਗ ਮੰਨਣ ਦੀ ਬਜਾਏ ਅੰਦੋਲਨਾਂ ਨੂੰ ਵੱਖ ਵੱਖ ਬਹਾਨਿਆਂ ਰਾਹੀਂ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।ਇੱਕੀ ਅਪ੍ਰੈਲ ਨੂੰ ਸਾਰੇ ਸੂਬਾ ਆਗੂਆਂ ਦੀ ਅਗਵਾਈ ਵਿੱਚ ਵੱਡੇ ਕਾਫ਼ਲੇ ਦਿੱਲੀ ਪਹੁੰਚਣ ਲਈ ਅੱਜ ਦੀ ਮੀਟਿੰਗ ਵਿੱਚ ਵਿਉਂਤਬੰਦੀ ਕੀਤੀ ਗਈ ਕਿਉਂਕਿ ਪਿਛਲੀ ਦਿਨੀਂ ਸਰੀਰਕ ਸਮੱਸਿਆਵਾਂ ਕਾਰਨ ਸੂਬਾ ਆਗੂਆਂ ਨੂੰ ਦਿੱਲੀ ਵਿੱਚੋਂ ਗੈਰਹਾਜ਼ਰ ਰਹਿਣਾ ਪਿਆ ਸੀ । ਅੱਜ ਦੀ ਮੀਟਿੰਗ ਵਿਚ ਮੋਠੂ ਸਿੰਘ ਕੋਟੜਾ, ਦਰਸ਼ਨ ਸਿੰਘ ਮਾਈਸਰਖਾਨਾ ,ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ ,ਸੁਖਦੇਵ ਸਿੰਘ ਰਾਮਪੁਰਾ ,ਜਸਪਾਲ ਸਿੰਘ ਕੋਠਾਗੁਰੂ ,ਅਮਰੀਕ ਸਿੰਘ ਸਿਵੀਆਂ, ਕੁਲਵੰਤ ਰਾਏ ਕੇ ਕਲਾਂ,ਬਲਜੀਤ ਸਿੰਘ ਪੂਹਲਾ, ਰਾਜਵਿੰਦਰ ਸਿੰਘ ਰਾਜੂ, ਪਰਮਜੀਤ ਕੌਰ ਪਿੱਥੋ ਚਰਨਜੀਤ ਕੌਰ ਭੁੱਚੋ ਖੁਰਦ ਬਲਵਿੰਦਰ ਕੌਰ ਵੀ ਹਾਜ਼ਰ ਸਨ ।