ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਦੀਆਂ ਚਾਲਾਂ ਚੱਲ ਰਹੀ ਮੋਦੀ ਹਕੂਮਤ - ਹਰਿੰਦਰ ਬਿੰਦੂ
ਅਸ਼ੋਕ ਵਰਮਾ
ਨਵੀਂ ਦਿੱਲੀ,28 ਮਈ 2021:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ 'ਤੇ ਪਕੌੜਾ ਚੌਕ ਨੇੜੇ ਲਗਾਤਾਰ ਚੱਲ ਰਹੀ ਸਟੇਜ ਤੋਂ ਬਠਿੰਡਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਰਾਹੀਂ ਕਰਾਂਤੀਕਾਰੀ ਭਗਵਤੀ ਚਰਨ ਵੋਹਰਾ ਦੇ ਸ਼ਹੀਦੀ ਦਿਹਾੜੇ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੇ ਭਗਵਤ ਚਰਨ ਵੋਹਰਾ ਦੀ ਕੁਰਬਾਨੀ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ 6 ਅਪ੍ਰੈਲ 1928 ਨੂੰ ਨੌਜਵਾਨ ਭਾਰਤ ਸਭਾ ਦਾ ਸੰਗਠਨ ਕਾਇਮ ਕਰਕੇ ਮੈਨੀਫੈਸਟੋ ਲਿਖਿਆ ਗਿਆ ਜੋ ਮੈਨੀਫੈਸਟੋ ਉਸ ਸਮੇਂ ਲਿਖਿਆ ਸੀ ਅੱਜ ਵੀ ਉਹੀ ਹਾਲਾਤ ਬਣੇ ਹੋਏ ਹਨ।ਭਗਤ ਸਿੰਘ,ਰਾਜਗੁਰੂ ਸੁਖਦੇਵ ,ਚੰਦਰਸ਼ੇਖਰ ਆਜ਼ਾਦ, ਸ਼ਿਵ ਵਰਮਾ,ਯਸ਼ਪਾਲ ਅਤੇ ਭਗਵਤੀ ਚਰਨ ਵੋਹਰਾ ਨੇ ਕਿਹਾ ਕਿ ਜੇਕਰ ਤੁਸੀਂ ਲੋਕਾਂ ਦੀ ਮੁਕਤੀ ਦੀ ਗੱਲ ਕਰਦੇ ਹੋ ਤਦ ਤੁਹਾਨੂੰ ਆਪਣੇ ਦੇਸ ਅੰਦਰਲੇ ਅਤੇ ਬਾਹਰਲੇ ਦੁਸ਼ਮਣਾਂ ਨੂੰ ਜਾਣਨ ਦੀ ਲੋੜ ਪਵੇਗੀ।
ਇਸ ਤੋਂ ਬਾਅਦ ਸਟੇਜ ਸੰਚਾਲਨ ਦੀ ਕਾਰਵਾਈ ਔਰਤ ਭੈਣਾਂ ਨੂੰ ਸਮਰਪਿਤ ਕੀਤੀ ਗਈ।ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਕੇ ਦੀ ਭਾਜਪਾ ਹਕੂਮਤ ਫਿਰਕੂ ਫਾਸ਼ੀਵਾਦੀ ਕਦਮਾਂ 'ਤੇ ਚੱਲ ਰਹੀ ਹੈ।ਕਦੇ ਨਸਲ ਦਾ ਮੁੱਦਾ,ਕਦੇ ਜਾਤਪਾਤ ਦਾ ਮੁੱਦਾ ਬਣਾ ਕੇ ਸੰਘਰਸ਼ ਨੂੰ ਫੇਲ੍ਹ ਕਰਨ ਦੀਆਂ ਚਾਲਾਂ ਚੱਲ ਰਹੀ ਹੈ ਪਰ ਕਿਸਾਨਾਂ ਦੀ ਸੂਝਵਾਨ ਲੀਡਰਸਿਪ ਨੇ ਭਾਜਪਾ ਦੀ ਮੋਦੀ ਹਕੂਮਤ ਦੀ ਹਰ ਚਾਲ ਫੇਲ੍ਹ ਕਰ ਦਿੱਤੀ ਹੈ।ਇਸ ਘੋਲ ਅੰਦਰ ਔਰਤ ਭੈਣਾਂ ਆਗੂਆਂ ਅਤੇ ਬੁਲਾਰਿਆਂ ਵਜੋਂ ਅਹਿਮ ਰੋਲ ਨਿਭਾਅ ਰਹੀਆਂ ਹਨ।ਔਰਤ ਆਗੂਆਂ ਪਰਮਜੀਤ ਕੌਰ ਸਮੂਰਾ,ਗੁਰਮੇਲ ਕੌਰ ਕੋਠਾ ਗੁਰੂ ਅਤੇ ਹਰਮੀਤ ਕੌਰ ਕਾਲੇਕੇ ਨੇ ਕਿਹਾ ਕਿ ਮੋਰਚੇ ਨੂੰ ਫੇਲ੍ਹ ਕਰਨ ਵਾਲੇ ਸਿਆਸੀ ਲੋਕਾਂ ਨੇ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੂੰ ਪਾਣੀਆਂ ਦੇ ਮਸਲੇ 'ਤੇ ਲੜਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹਰਿਆਣੇ ਦੇ ਲੋਕਾਂ ਨੇ ਸਾਫ਼ ਕਹਿ ਦਿੱਤਾ ਕਿ ਪਾਣੀਆਂ ਦਾ ਮਸਲਾ ਅਸੀਂ ਆਪੇ ਨਜਿੱਠ ਲਵਾਂਗੇ ਪਰ ਅੱਜ ਸਾਡੀ ਰੋਟੀ ਸਾਡੇ ਮੂੰਹੋਂ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਲੜਾਈ ਬਹੁਤ ਵੱਡੀ ਹੈ।ਸਿਆਸੀ ਲੋਕ ਸੰਘਰਸ਼ ਨੂੰ ਫੇਲ੍ਹ ਕਰਨ ਦੀਆਂ ਚਾਲਾਂ ਚੱਲ ਰਹੇ ਹਨ। ਅਸੀਂ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਦਿੱਲੀ ਦੀਆਂ ਹੱਦਾਂ ਤੋਂ ਉੱਠਾਗੀਆਂ ਉਨ੍ਹਾਂ ਕਿਹਾ ਕਿ ਅੱਜ ਹਰਿਆਣਾ, ਉੱਤਰ ਪ੍ਰਦੇਸ਼,ਤਾਮਿਲਨਾਡੂ,ਪੱਛਮੀ ਬੰਗਾਲ,ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੂਬੇ ਜਾਗ ਪਏ ਹਨ।ਉਨ੍ਹਾਂ ਦੱਸਿਆ ਕਿ ਸਾਡੇ ਤੇ ਰਾਜ ਕਰਨ ਵਾਲੇ ਹਾਕਮ ਭਾਵੇਂ ਕੋਈ ਵੀ ਹੋਣ ਉਹ ਸਾਰੇ ਲੁਟੇਰੇ ਹਨ।ਉਨ੍ਹਾਂ ਦੱਸਿਆ ਕਿ ਭਾਜਪਾ ਦੀ ਮੋਦੀ ਹਕੂਮਤ ਲੋਕਾਂ ਦੇ ਮੂੰਹ ਵਿੱਚੋਂ ਰੋਟੀ ਖੋਹ ਕੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਨੂੰ ਦੇਣ ਜਾ ਰਹੀ ਹੈ।ਮੌਕੇ ਦੀ ਭਾਜਪਾ ਹਕੂਮਤ ਦੇਸ਼ ਜਨਤਕ ਅਦਾਰਿਆਂ ਨੂੰ ਘਾਟੇ 'ਚ ਕਹਿ ਕੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ। ਕਿਰਨਜੀਤ ਕੌਰ ਹਰੇੜੀ,ਰਾਜਵਿੰਦਰ ਕੌਰ ਹਰੇੜੀ ਅਤੇ ਕਮਲਜੀਤ ਕੌਰ ਹਰੇੜੀ ਨੇ ਕਿਹਾ ਕਿ ਜਦੋਂ ਲੋਕ ਸੰਘਰਸ਼ ਕਰਦੇ ਹਨ ਤਦ ਹਮੇਸ਼ਾਂ ਹੀ ਸਰਕਾਰਾਂ ਹਾਰਦੀਆਂ ਹਨ ਅਤੇ ਸੰਘਰਸ਼ ਕਰਨ ਵਾਲੇ ਲੋਕ ਹਮੇਸ਼ਾਂ ਜਿੱਤਦੇ ਹਨ।