ਔਰਤਾਂ ਦੀ ਲਗਾਤਾਰ ਵੱਡੀ ਸ਼ਮੂਲੀਅਤ ਨੇ ਮਜ਼ਬੂਤ ਕੀਤੇ ਕਿਸਾਨੀ-ਧਰਨੇ
- ਪੰਜਾਬ 'ਚ ਵੀ ਜਾਰੀ ਹਨ 100 ਤੋਂ ਵੱਧ ਥਾਵਾਂ 'ਤੇ ਕਿਸਾਨੀ-ਧਰਨੇ
- ਜਥੇਬੰਦੀਆਂ ਵੱਲੋਂ ਪਿੰਡਾਂ 'ਚ ਵੀ ਔਰਤ-ਇਕਾਈਆਂ ਦੇ ਗਠਨ ਜਾਰੀ
- 26 ਮਈ ਨੂੰ 'ਕਾਲਾ-ਦਿਵਸ' ਮਨਾਉਣ ਲਈ ਹੋ ਰਹੀਆਂ ਨੇ ਤਿਆਰੀ-ਮੀਟਿੰਗਾਂ
ਚੰਡੀਗੜ੍ਹ, 21 ਮਈ 2021 - ਸੰਯੁਕਤ ਕਿਸਾਨ ਮੋਰਚਾ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਪੰਜਾਬ 'ਚ ਪੱਕੇ-ਧਰਨੇ 233ਵੇਂ ਦਿਨ ਵੀ ਵੱਡੀਆਂ ਗਿਣਤੀਆਂ ਨਾਲ ਜਾਰੀ ਰਹੇ। ਕਿਸਾਨ-ਔਰਤਾਂ ਦੀ ਵੱਡੀ ਗਿਣਤੀ 'ਚ ਹੋ ਰਹੀ ਲਗਾਤਾਰ ਸ਼ਮੂਲੀਅਤ ਨੇ ਧਰਨਿਆਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ।
ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਆਗੂਆਂ ਦੇ ਘਰਾਂ ਅੱਗੇ, ਟੌਲ ਪਲਾਜ਼ਿਆਂ ’ਤੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਖੁਸ਼ਕ ਬੰਦਰਗਾਹ-ਰਾਏਪੁਰ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਇਲੋ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਧਰਨੇ ਚੱਲ ਰਹੇ ਹਨ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਕੇਂਦਰ-ਸਰਕਾਰ ਦੇ 3 ਖੇਤੀ ਕਾਨੂੰਨਾਂ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਕਿਉਂਕਿ ਕੇਂਦਰ-ਸਰਕਾਰ ਨੇ ਜੋ ਬੇਰੁਖੀ ਧਾਰੀ ਹੈ, ਸਖ਼ਤੀ ਕੀਤੀ ਜਾ ਰਹੀ ਹੈ ਜਾਂ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ, ਦਾ ਡਟਵਾਂ ਵਿਰੋਧ ਕਰਨ ਲਈ ਲੰਮੇ ਸੰਘਰਸ਼ ਦੀ ਜਰੂਰਤ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਔਰਤਾਂ ਦੇ ਇਕੱਠਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਿਕ ਅਤੇ ਸਰੀਰਕ ਲੜਾਈਆਂ ਵਿਚ ਪਿੱਛੇ ਰਹਿਣ ਵਾਲੀਆਂ ਨਹੀਂ, ਬਲਕਿ ਬਰਾਬਰ ਦੀ ਹੈਸੀਅਤ ਵਿਚ ਸ਼ਾਮਿਲ ਹੁੰਦੀਆਂ ਹਨ। ਉਹ ਆਪਣੀ ਜਗ੍ਹਾ ਹਾਸਿਲ ਕਰਨ ਲਈ ਜਾਗਰੂਕ ਵੀ ਹਨ ਅਤੇ ਸਟੇਜਾਂ ਤੋਂ ਵਿਚਾਰਧਾਰਕ ਤੇ ਜਥੇਬੰਦਕ ਜਵਾਬ ਦੇਣ ਦੇ ਸਮਰੱਥ ਵੀ। ਇਨ੍ਹਾਂ ਵੱਡੀਆਂ ਸਟੇਜਾਂ ਤੋਂ ਔਰਤਾਂ ਦੇ ਬੋਲਣ ਅਤੇ ਉਨ੍ਹਾਂ ਨੂੰ ਸੁਣਨ ਦੀ ਰਵਾਇਤ ਭਵਿੱਖ ਵਿਚ ਅੰਦੋਲਨਾਂ ਦੀ ਮਜ਼ਬੂਤੀ ਅਤੇ ਔਰਤਾਂ ਨੂੰ ਸੰਘਰਸ਼ਾਂ ਵਿਚ ਹੋਰ ਸਰਗਰਮ ਥਾਂ ਦੇਣ ਦਾ ਆਧਾਰ ਬਣੇਗੀ। ਔਰਤਾਂ ਨੇ ਆਪਣੇ ਨਾਲ ਹੋਣ ਵਾਲੇ ਸਮਾਜਿਕ ਵਿਤਕਰਿਆਂ ਨੂੰ ਵੀ ਉਭਾਰਿਆ ਹੈ ਅਤੇ ਅੰਦੋਲਨਾਂ ਰਾਹੀਂ ਹਰ ਤਰ੍ਹਾਂ ਦੀ ਬੇਇਨਸਾਫ਼ੀ ਖ਼ਿਲਾਫ਼ ਲੜਨ ਦੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ।
ਕੇਂਦਰ- ਸਰਕਾਰ ਦੇ ਵਤੀਰੇ ਤੋਂ ਸੰਘਰਸ਼ ਲੰਮਾ ਚੱਲਣ ਦੇ ਆਸਾਰ ਹਨ। ਲੰਮੇਰੇ ਪੰਧਾਂ ਦੇ ਔਖੇ ਰਸਤਿਆਂ ਨੂੰ ਸਫਲਤਾ ਪੂਰਵਕ ਪਾਰ ਕਰਨ ਲਈ ਔਰਤਾਂ ਨੇ ਕਮਰਕੱਸ ਲਈ ਹੈ। ਇਸ ਦੀ ਮਿਸਾਲ ਪੰਜਾਬ ਵਿਚੋਂ ਦਿੱਲੀ ਵੱਲ ਜਾ ਰਹੇ ਜਥਿਆਂ ਵਿਚ ਔਰਤਾਂ ਦੀ ਸ਼ਮੂਲੀਅਤ ਤੋਂ ਮਿਲ ਜਾਂਦੀ ਹੈ। ਮੋਰਚਾ ਲੰਮਾ ਚੱਲਦਾ ਵੇਖਦਿਆਂ ਬੀਬੀਆਂ ਨੇ ਪਿੰਡਾਂ 'ਚ ਇਕਾਈ ਬਣਾ ਅਹਿਦ ਕਰ ਲਿਆ ਹੈ ਕਿ ਉਹ ਵੱਡੀ ਜ਼ਿੰਮੇਵਾਰੀ ਸੰਭਾਲਣਗੀਆਂ।
ਔਰਤ-ਆਗੂਆਂ ਨੇ ਕਿਹਾ ਕਿ ਖੇਤੀ ਸਬੰਧੀ ਇਨ੍ਹਾਂ ਕਾਨੂੰਨਾਂ ਅਤੇ ਪਿਛੋਂ ਬਣੇ ਹਾਲਾਤਾਂ ਜਿਸ ’ਚ ਵਿਸ਼ੇਸ਼ ਕਰਕੇ ਮਹਿੰਗਾਈ, ਰੋਜ਼ਗਾਰ ਵਿਹੂਣਤਾ ਅਤੇ ਸਰਕਾਰੀ ਜਬਰ ਆਦਿ ਹਨ, ਦਾ ਸਭ ਤੋਂ ਵੱਡਾ ਪ੍ਰਭਾਵ ਔਰਤਾਂ ਉੱਤੇ ਹੀ ਪੈ ਰਿਹਾ ਹੈ ਅਤੇ ਪਵੇਗਾ। ਕਿਸਾਨ ਔਰਤਾਂ ਹੀ ਨਹੀਂ ਮਜ਼ਦੂਰ ਔਰਤਾਂ ਵੀ ਜਿਹਨਾਂ ਨੂੰ ਸਸਤੇ ਅਨਾਜ ਦੇਣ ਦੀ ਸਮਾਜੀ ਸਕੀਮ ਤੋਂ ਵਾਂਝਾ ਕੀਤਾ ਜਾ ਰਿਹਾ ਹੈ, ਇਸ ਤੋਂ ਵੀ ਮੰਦਹਾਲੀ ਵਾਲੀ ਹਾਲਤਾਂ ਵਿੱਚ ਵਧਣਗੀਆਂ।
ਖੇਤੀ ਕਾਨੂੰਨਾਂ ਦਾ ਇਹ ਹਮਲਾ ਸਾਡੇ ਖੇਤੀ ਸੰਕਟ ਨੂੰ ਹੋਰ ਡੂੰਘਾ ਤੇ ਤਿੱਖਾ ਕਰਨ ਜਾ ਰਿਹਾ ਹੈ। ਇਹ ਸੰਕਟ ਸਾਡੇ ਲਈ ਘਾਟੇਵੰਦਾ ਧੰਦਾ ਬਣੀ ਹੋਈ ਖੇਤੀ ਦਾ ਸੰਕਟ ਹੈ। ਇਸ ਸੰਕਟ ਦੀ ਸਭ ਤੋਂ ਵੱਧ ਮਾਰ ਗਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ ’ਤੇ ਪੈ ਰਹੀ ਹੈ। ਇਹਨਾਂ ਤਬਕਿਆਂ ਦੀਆਂ ਔਰਤਾਂ ਇਸ ਸੰਕਟ ਦੀ ਸਭ ਤੋਂ ਤਿੱਖੀ ਮਾਰ ਦਾ ਸ਼ਿਕਾਰ ਹਨ। ਪਹਿਲਾਂ ਹੀ ਸਮਾਜਿਕ ਪੌੜੀ ਦੇ ਸਭ ਤੋ ਹੇਠਲਿਆਂ ਡੰਡਿਆਂ ‘ਤੇ ਬੈਠੀਆਂ ਔਰਤਾਂ, ਇਸ ਸੰਕਟ ਤੋਂ ਉਪਜੀਆਂ ਘਰਾਂ ਦੀਆਂ ਤੰਗੀਆਂ ਤਰੁੱਸ਼ੀਆਂ ਨੂੰ ਸਭ ਤੋਂ ਜਿਆਦਾ ਹੰਢਾਉਂਦੀਆਂ ਹਨ। ਇਹਨਾਂ ਤੰਗੀਆਂ ਦਾ ਸਭ ਤੋਂ ਜਿਆਦਾ ਬੋਝ ਚੁੱਕਦੀਆਂ ਹਨ। ਕਰਜਿਆਂ ਦਾ ਭਾਰ ਨਾਂ ਸਹਾਰਦੇ ਹੋਏ ਖੁਦਕੁਸੀਆਂ ਕਰ ਗਏ ਪਤੀਆਂ-ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਾ ਦੇ ਕੇ, ਸਾਰੀ ਉਮਰ ਕਬੀਲਦਾਰੀ ਦਾ ਭਾਰ ਢੋਹਦੀਆਂ ਹਨ। ਸਖਤ ਘਾਲਣਾ ਨਾਲ ਬੱਚੇ ਪਾਲਦੀਆਂ ਹਨ, ਹਰ ਤਰ੍ਹਾਂ ਦੇ ਦਰਦ ਸਹਾਰਦੀਆਂ ਹਨ, ਬਿਨਾਂ ਨਸ਼ਿਆਂ ਦਾ ਆਸਰਾ ਲਏ ਸਹਾਰਦੀਆਂ ਹਨ। ਸਾਡੇ ਸੰਘਰਸ਼ ਦਾ ਇਹ ਇਕ ਤਾਕਤਵਰ ਪਹਿਲੂ ਹੈ ਕਿ ਖੇਤੀ ਕਾਨੂੰਨਾਂ ਦੇ ਇਸ ਕਾਰਪੋਰੇਟੀ ਹੱਲੇ ਨੂੰ ਕਿਸਾਨ ਔਰਤਾਂ ਨੇ ਵੀ ਪਛਾਣਿਆਂ ਹੈ। ਇਸਨੂੰ ਖੇਤੀ ਕਿੱਤੇ ਦੀ ਤਬਾਹੀ ਦੇ ਵਰੰਟਾਂ ਵਜੋਂ ਲਿਆ ਹੈ। ਮਰਦਾਂ ਦੇ ਬਰਾਬਰ ਹੋ ਕੇ ਸੰਘਰਸ਼ਾਂ ’ਚ ਕੁੱਦੀਆਂ ਹਨ। ਕਿਸਾਨ ਸੰਘਰਸ਼ ਦੀ ਸਭ ਤੋਂ ਜਾਨ ਦਾਰ ਤੇ ਨਿਭਣਹਾਰ ਸਕਤੀ ਬਣੀਆਂ ਹਨ। ਸਬਰ, ਤਹੱਮਲ, ਸੰਘਰਸ਼-ਨਿਹਚਾ ਤੇ ਕੁਰਬਾਨੀ ਦੇ ਅਥਾਹ ਮਾਦੇ ਵਰਗੇ ਗੁਣਾਂ ਸਦਕਾ ਕਿਸਾਨ ਸੰਘਰਸ਼ ਦੀ ਤਾਕਤ ਬਣਕੇ ਉੱਭਰੀਆਂ ਹਨ।
ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਧਰਨਿਆਂ ਵਿਚ ਸ਼ਮੂਲੀਅਤ ਤੋਂ ਇਲਾਵਾ ਧਰਨਾ-ਸਥਾਨਾਂ 'ਤੇ ਲੰਗਰ ਪਾਣੀ ਦੀ ਸੇਵਾ ਤੋਂ ਇਲਾਵਾ ਪਿੱਛੇ ਘਰ ਅਤੇ ਖੇਤਾਂ ਵਿਚਲੇ ਕੰਮਾਂ ਵਿਚ ਵੀ ਔਰਤਾਂ ਦੀ ਵੱਡੀ ਸ਼ਮੂਲੀਅਤ ਹੈ। ਦਿੱਲੀ ਵੱਲ ਜਾਂਦੀਆਂ ਟਰੈਕਟਰ ਟਰਾਲੀਆਂ ਦੀਆਂ ਵਹੀਰਾਂ ਵਿਚ ਕਈ ਟਰੈਕਟਰਾਂ ਦੇ ਸਟੇਰਿੰਗ ਔਰਤਾਂ ਵੱਲੋਂ ਸੰਭਾਲਣ ਦੇ ਦਿ੍ਸ਼ ਆਮ ਵੀ ਵੇਖੇ ਜਾ ਸਕਦੇ ਹਨ। ਔਰਤਾਂ ਦੇ ਇਸੇ ਜ਼ਜ਼ਬੇ ਨੂੰ ਵੇਖਦਿਆਂ ਵਿਸ਼ਵ ਪ੍ਰਸਿੱਧ ਰਸਾਲੇ ਟਾਈਮ ਮੈਗਜ਼ੀਨ ਨੇ ਕਵਰ ਪੇਜ 'ਤੇ ਕਿਸਾਨੀ ਅੰਦੋਲਨ ਵਿਚ ਸ਼ਾਮਲ ਬੀਬੀਆਂ ਨੂੰ ਜਗ੍ਹਾਂ ਦਿੱਤੀ ਹੈ। ਮੈਗਜ਼ੀਨ ਦੇ ਕਵਰ ਪੇਜ 'ਤੇ ਇਨ੍ਹਾਂ ਬੀਬੀਆਂ ਨੂੰ ਥਾਂ ਮਿਲਣਾ ਔਰਤਾਂ ਲਈ ਵੱਡੇ ਮਾਣ ਵਾਲੀ ਗੱਲ ਹੈ।
ਜਥੇਬੰਦੀਆਂ ਵੱਲੋਂ ਪਿੰਡਾਂ 'ਚ ਔਰਤਾਂ ਇਕਾਈਆਂ ਦਾ ਗਠਨ ਜਾਰੀ ਹੈ ਅਤੇ 26 ਮਈ ਨੂੰ 'ਕਾਲਾ-ਦਿਵਸ' ਮਨਾਉਣ ਦਾ ਸੱਦਾ ਦਿੰਦਿਆਂ ਤਿਆਰੀ-ਮੀਟਿੰਗਾਂ ਦਾ ਦੌਰ ਜਾਰੀ ਹੈ।