28 ਮਈ ਨੂੰ ਪਟਿਆਲਾ ਅਤੇ ਦਿੱਲੀ ਮੋਰਚੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚਣ ਦਾ ਸੱਦਾ
ਸੁਖਮੰਦਰ ਹਿੰਮਤਪੁਰੀ
- ਲੋਕਾਂ ਲਈ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਮੁਨਕਰ -- ਕੁਲਦੀਪ ਕੌਰ ਕੁੱਸਾ
ਨਿਹਾਲ ਸਿੰਘ ਵਾਲਾ, 26 ਮਈ 2021 - ਦਿੱਲੀ ਵਿਖੇ ਖੇਤੀ ਬਿੱਲਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਛੇ ਮਹੀਨੇ ਪੂਰੇ ਹੋਣ ਅਤੇ ਮੋਦੀ ਹਕੂਮਤ ਵੱਲੋਂ ਸੱਤਾ ਵਿਚ ਸੱਤ ਸਾਲ ਪੂਰੇ ਕਰਨ ਮੌਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਕਾਲਾ ਦਿਵਸ ਮਨਾਉਣ ਦੇ ਸੱਦੇ ਤੇ ਬਲਾਕ ਨਿਹਾਲ ਸਿੰਘ ਵਾਲਾ ਦੇ ਦੋ ਦਰਜਨ ਪਿੰਡਾਂ ਵਿੱਚ ਕੇਂਦਰ ਸਰਕਾਰ, ਕਾਰਪੋਰੇਟਾਂ ਘਰਾਣਿਆਂ,ਸਾਮਰਾਜੀ ਵਿੱਤੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ।ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਬਲਾਕ ਜਰਨਲ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਕਿਹਾ ਕਿ ਮੋਦੀ ਹਕੂਮਤ ਨੇ ਕਰੋਨਾ ਸੰਕਟ ਦੇ ਬਹਾਨੇ ਮੁਲਕ ਦੇ ਮਿਹਨਤਕਸ਼ ਲੋਕਾਂ ਤੇ ਅਨੇਕਾਂ ਹਮਲੇ ਕੀਤੇ ਹਨ ।
ਕਿਸਾਨੀ ਸਮੇਤ ਮੁਲਕ ਦੇ ਕੁੱਲ ਲੋਕਾਂ ਤੇ ਖੇਤੀ ਬਿੱਲਾਂ ਦਾ ਕੁਹਾੜਾ ਵਾਹਿਆ ਹੈ। ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਲੇਬਰ ਕੋਡ ਲਾਗੂ ਕੀਤੇ ਹਨ। ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ ਸਰਕਾਰਾਂ ਨੇ ਕਰੋਨਾ ਬਿਮਾਰੀ ਦੀ ਓਟ ਵਿੱਚ ਹਰ ਖੇਤਰ ਵਿੱਚ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਅਖੌਤੀ ਸੁਧਾਰਾਂ ਨੂੰ ਧੜੱਲੇ ਨਾਲ ਅੱਗੇ ਵਧਾਇਆ ਹੈ। ਕਰੋਨਾ ਮਹਾਂਮਾਰੀ ਨੂੰ ਹੱਥ ਆਏ ਮੌਕੇ ਵਜੋਂ ਵਰਤਿਆ ਹੈ । ਪਰ ਇਸ ਬਿਮਾਰੀ ਤੋਂ ਲੋਕਾਂ ਦੇ ਬਚਾਅ ਹਿੱਤ ਨਾ ਹੀ ਮੋਦੀ ਹਕੂਮਤ ਅਤੇ ਨਾ ਹੀ ਪੰਜਾਬ ਸਰਕਾਰ ਨੇ ਠੋਸ ਕਦਮ ਚੁੱਕੇ ਹਨ। ਕਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਕਿਰਤੀ ਲੋਕਾਂ ਨੇ ਅੰਤਾਂ ਦੀ ਬਦਜਨੀ ਝੱਲੀ ਹੈ। ਬਿਮਾਰੀ, ਭੁੱਖ ਅਤੇ ਬਦਇੰਤਜ਼ਾਮਾਂ ਕਾਰਨ ਅਨੇਕਾਂ ਬੇਸ਼ਕੀਮਤੀ ਜਾਨਾਂ ਅਜਾਈਂ ਚਲੀਆਂ ਗਈਆਂ ਸਨ। ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਆਉਣ ਦੀਆਂ ਪੇਸ਼ਨਗੋਈਆਂ ਦੇ ਬਾਵਜੂਦ ਸਾਡੇ ਮੁਲਕ ਦੇ ਹਾਕਮਾਂ ਨੇ ਹਸਪਤਾਲ, ਦਵਾਈਆਂ, ਆਕਸੀਜਨ, ਵੈਂਟੀਲੇਟਰ ਵਰਗੀਆਂ ਮੁੱਢਲੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਕੋਈ ਲੋੜ ਨਹੀਂ ਸਮਝੀ। ਇਸ ਕਰਕੇ ਕਰੋਨਾ ਦੀ ਦੂਜੀ ਲਹਿਰ ਮੌਕੇ ਵੀ ਮੁਲਕ ਪਹਿਲੇ ਸਾਲ ਨਾਲੋ ਵੀ ਬਦਤਰ ਸਥਿਤੀ ਵਿੱਚੋਂ ਲੰਘ ਰਿਹਾ ਹੈ।
ਇਸ ਸਮੇਂ ਵੀ ਸਰਕਾਰਾਂ ਵੱਲੋਂ ਸਿਹਤ ਸਹੂਲਤਾਂ ਅਤੇ ਲੋਕਾਂ ਦੀਆਂ ਮੁਢਲੀਆਂ ਜ਼ਰੂਰਤਾਂ ਦੀ ਪੂਰਤੀ ਦੀ ਥਾਂ ਜਬਰੀ ਲਾਕਡਾਊਨ ਤੇ ਪੁਲੀਸ ਸਖ਼ਤੀ ਰਾਹੀਂ "ਕਰੋਨਾ ਭਜਾਉਣ" ਦਾ ਅਮਲ ਵਿੱਢਿਆ ਹੈ। ਇੰਦਰਮੋਹਨ ਪੱਤੋਂ ਨੇ ਕਿਹਾ ਕਿ ਮੁਲਕ ਦੇ ਕਾਰਪੋਰੇਟ ਘਰਾਣਿਆਂ ਦੀ ਆਮਦਨ ਕਰੋਨਾ ਕਾਲ ਦੌਰਾਨ ਛੜੱਪੇ ਮਾਰ ਕੇ ਵਧੀ ਹੈ ਪਰ ਕਿਰਤੀ ਲੋਕਾਂ ਨੂੰ ਰੋਟੀ ਨਸੀਬ ਨਹੀਂ ਹੋ ਰਹੀ। ਲੋਕਾਂ ਦੀ ਸਿੱਧੀ ਲੁੱਟ ਦੇ ਨਾਲ ਨਾਲ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੋਡ਼ਾਂ ਦੇ ਆਰਥਿਕ ਪੈਕੇਜ ਰਾਹੀਂ ਵੀ ਕਾਰਪੋਰੇਟਾਂ ਨੂੰ ਗੱਫੇ ਵੰਡੇ ਗਏ ਹਨ ।
ਪਰ ਇਸ ਦੂਸਰੀ ਲਹਿਰ ਦੌਰਾਨ ਮੁਲਕ ਦੇ ਲੱਖਾਂ ਲੋਕ ਦਵਾਈਆਂ, ਬੈੱਡ, ਐਂਬੂਲੈਂਸ, ਆਕਸੀਜਨ ਜਾਂ ਵੈਂਟੀਲੇਟਰ ਵਰਗੀਆ ਮੁਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਏ ਹਨ। ਖਜ਼ਾਨਚੀ ਕੇਵਲ ਬੱਧਨੀ ਨੇ ਕਿਹਾ ਕਿ ਲੋਕਾਂ ਦੁਆਰਾ ਵਿਸ਼ਾਲ ਇਕੱਠ ਕਰਦਿਆਂ ਮੋਦੀ ਹਕੂਮਤ ਤੋਂ ਇਹ ਮੰਗ ਕਰਨੀ ਚਾਹੀਦੀ ਹੈ ਕਿ ਉਹ ਤਿੰਨੇ ਖੇਤੀ ਕਾਨੂੰਨ ਫੌਰੀ ਵਾਪਸ ਲਵੇ, ਕੋਰੋਨਾ ਤੋਂ ਪੀਡ਼ਤ ਲੋਕਾਂ ਦੇ ਇਲਾਜ ਲਈ ਢੁਕਵੇਂ ਬੰਦੋਬਸਤ ਕਰੇ, ਦਵਾਈਆਂ, ਆਕਸੀਜਨ ਅਤੇ ਵੈਂਟੀਲੇਟਰਾਂ ਦੀ ਤੋਟ ਪੂਰੀ ਕਰੇ, ਸਰਕਾਰੀ ਸਿਹਤ ਸਹੂਲਤਾਂ ਦਾ ਪਿੰਡ ਪੱਧਰ ਤੱਕ ਪਸਾਰਾ ਕਰੇ, ਮੁਲਕ ਦਾ ਖ਼ਜ਼ਾਨਾ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਖੋਲ੍ਹੇ, ਗ਼ੈਰ ਤਰਕਸੰਗਤ ਲਾਕਡਾਊਨ ਲਾਉਣ ਦੇ ਕਦਮ ਵਾਪਸ ਲਵੇ, ਕਾਰਪੋਰੇਟ ਘਰਾਣਿਆਂ ਤੇ ਟੈਕਸ ਲਾਵੇ ਅਤੇ ਉਗਰਾਹੀ ਯਕੀਨੀ ਯਕੀਨੀ ਬਣਾਉਦਿਆਂ ਹਾਸਲ ਕੀਤਾ ਪੈਸਾ ਮੁਲਕ ਦੇ ਲੋਕਾਂ ਦੀਆਂ ਲੋੜਾਂ ਤੇ ਖਰਚਿਆ ਜਾਵੇ। ਕੋਰੋਨਾ ਦੀ ਆੜ ਵਿੱਚ ਪਾਸ ਕੀਤੇ ਨਵੇ ਲੇਬਰ ਕੋਡ ਵਾਪਸ ਲਏ ਜਾਣ।
ਪਟਿਆਲਾ ਵਿਖੇ 28 ਮਈ ਤੋਂ 30 ਮਈ ਤੱਕ ਦਿਨ ਰਾਤ ਦੇ ਲੱਗ ਰਹੇ ਧਰਨੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਇਹਨਾਂ ਧਰਨਿਆਂ ਦੌਰਾਨ ਕਰੋਨਾ ਸਾਵਧਾਨੀਆਂ ਜਿਵੇਂ ਮਾਸਕ ਪਾਕੇ ਰੱਖਣਾ, ਹੱਥ ਸੈਨੇਟਾਈਜਰ ਕਰਨੇ, ਦੂਰੀ ਬਣਾ ਕੇ ਰੱਖਣੀ,ਹਰੇਕ ਕੋਲ ਪਾਣੀ ਦੀ ਬੋਤਲ ਹੋਣੀ ਆਦਿ ਗੱਲਾਂ ਦਾ ਧਿਆਨ ਰੱਖਣਾ ਯਕੀਨੀ ਬਣਾਇਆ ਜਾਵੇ। ਇਹਨਾਂ ਅਰਥੀ ਫੂਕ ਪ੍ਰਦਰਸ਼ਨ ਨੂੰ ਨੌਜਵਾਨ ਭਾਰਤ ਸਭਾ ਦੇ ਕਰਮ ਰਾਮਾਂ ਅਤੇ ਗੁਰਮੁਖ ਸਿੰਘ ਹਿੰਮਤਪੁਰਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਦਰਸ਼ਨ ਸਿੰਘ ਹਿੰਮਤਪੁਰਾ,ਡੀਟੀਐਫ ਅਮਨਦੀਪ ਸਿੰਘ ਮਾਛੀਕੇ ਨੇ ਸੰਬੋਧਨ ਕੀਤਾ।
ਸੁਦਾਗਰ ਸਿੰਘ ਖਾਈ,ਕੇਵਲ ਬੱਧਨੀ, ਜਗਜੀਤ ਬੱਧਨੀ ਕਲਾਂ, ਕਰਤਾਰ ਸਿੰਘ ਪੰਮਾ, ਗੁਰਮੇਲ ਸਿੰਘ ਸੈਦੋਕੇ, ਸ਼ਿੰਗਾਰਾ ਸਿੰਘ ਤਖਤੂਪੁਰਾ, ਦੇਵ ਭਾਗੀਕੇ, ਨੇਕ ਸਿੰਘ ਰਾਮਾਂ, ਮਲਕੀਤ ਸਿੰਘ ਕੁੱਸਾ, ਰਣਜੀਤ ਸਿੰਘ ਮੀਨੀਆਂ, ਨਿਰਮਲ ਸਿੰਘ ਖੋਟੇ, ਬੂਟਾ ਸਿੰਘ ਦੀਦਾਰੇ ਵਾਲਾ, ਕਾਕਾ ਬਾਰੇ ਵਾਲਾ, ਗੁਰਪ੍ਰੀਤ ਖਾਈ, ਇਕਬਾਲ ਰਣਸੀਹ, ਚਮਕੌਰ ਪੱਖਰਵੱਢ,ਹਰਦੇਵ ਨੰਗਲ,ਸੇਵਕ ਸਿੰਘ, ਗੁਰਨਾਮ ਸਿੰਘ ਮਾਛੀਕੇ, ਜਗਮੋਹਨ ਸਿੰਘ ਸੈਦੋਕੇ, ਬੂਟਾ ਸਿੰਘ ਬੱਧਨੀ ਖੁਰਦ, ਸਤਪਾਲ ਰਣੀਆਂ,ਗੁਰਵੰਤ ਰਾਊਕੇ,ਚਰਨਜੀਤ ਕੌਰ ਕੁੱਸਾ, ਹਰਪਾਲ ਕੌਰ ਗਾਜੀਆਣਾ,ਪਰਮ ਰਣਸੀਹ, ਕਰਮਜੀਤ ਕੌਰ ਸੋਹੀ, ਕਿਰਨਜੀਤ ਕੌਰ ਬੱਧਨੀ ਕਲਾਂ ਆਦਿ ਨੇ ਅਰਥੀ ਫੂਕ ਮੁਜ਼ਾਹਰਿਆਂ ਅਤੇ ਪ੍ਰਦਰਸ਼ਨਾਂ ਨੂੰ ਸੰਬੋਧਨ ਕੀਤਾ। ਅਰਥੀ ਫੂਕ ਮੁਜਾਹਰਾ ਫੂਕ ਮੁਜਾਹਰਿਆਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਅਤੇ ਔਰਤਾਂ ਹਾਜ਼ਰ ਸਨ।