ਅਸ਼ੋਕ ਵਰਮਾ
ਬਠਿੰਡਾ, 14ਅਪਰੈਲ2021:ਇੱਕ ਅਕਤੂਬਰ ਤੋਂ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਅੱਜ ਭਾਰਤੀ ਸੰਵਿਧਾਨ ਦੇ ਘਾੜੇ ਡਾ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਬਠਿੰਡਾ ਜ਼ਿਲ੍ਹੇ ਵਿੱਚ ਵਿੱਚ ਚੱਲ ਰਹੇ ਮੋਰਚਿਆਂ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਟੋਲ ਪਲਾਜ਼ਾ ਜੀਦਾ,ਬੈਸਟ ਪ੍ਰਾਈਜ਼ ਭੁੱਚੋ ਮੰਡੀ ਅਤੇ ਰਿਲਾਇੰਸ ਪੰਪ ਰਾਮਪੁਰਾ ਵਿਖੇ ਇਕੱਠਾਂ ਨੂੰ ਸੰਬੋਧਨ ਕੀਤਾ । ਉਨ੍ਹਾਂ ਕਿਹਾ ਕਿ ਡਾ ਭੀਮ ਰਾਓ ਜੀ ਨੇ ਦਲਿਤਾਂ ਦੇ ਹੱਕਾਂ ਲਈ ਸੰਘਰਸ਼ ਕੀਤਾ । ਉਨੀ ਸੌ ਸੰਤਾਲੀ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਡਾ. ਸਾਹਿਬ ਨੇ ਕਿਹਾ ਸੀ ਕਿ ਦੇਸ਼ ਨੂੰ ਸਿਆਸੀ ਆਜ਼ਾਦੀ ਤਾਂ ਮਿਲ ਗਈ ਹੈ ਪਰ ਆਰਥਿਕ ਤੇ ਸਮਾਜਿਕ ਆਜ਼ਾਦੀ ਨਹੀਂ ਜਿਸ ਕਾਰਨ ਹੀ ਅਮੀਰੀ ਤੇ ਗ਼ਰੀਬੀ ਦਾ ਪਾੜਾ ਲਗਾਤਾਰ ਵਧ ਰਿਹਾ ਹੈ ਅਤੇ ਗ਼ਰੀਬਾਂ ਦਲਿਤਾਂ ਤੇ ਅੱਤਿਆਚਾਰ ਹੋ ਰਹੇ ਹਨ ।
ਉਨ੍ਹਾਂ ਕਿਹਾ ਕਿ 1949 ਵਿੱਚ ਸੰਵਿਧਾਨ ਵਿੱਚ ਉਨ੍ਹਾਂ ਨੇ ਗ਼ਰੀਬਾਂ ਪ੍ਰਤੀ ਕਾਨੂੰਨ ਲਿਖੇ ਜਾਣ ਤੋਂ ਬਾਅਦ ਸ਼ੰਕਾ ਜ਼ਾਹਰ ਕੀਤਾ ਸੀ ਕਿ ਜੇ ਦੇਸ਼ ਦੀ ਵਾਂਗਡੋਰ ਸ਼ਰਮਾਏਦਾਰਾਂ ਦੇ ਹੱਥਾਂ ਵਿੱਚ ਰਹੀ ਤਾਂ ਇਨ੍ਹਾਂ ਕਾਨੂੰਨਾਂ ਦੀ ਦੁਰਵਰਤੋਂ ਹੋਵੇਗੀ । ਉਹਨਾਂ ਆਖਿਆ ਕਿ ਭਾਵੇਂ ਦਲਿਤਾਂ ਤੇ ਸਦੀਆਂ ਤੋਂ ਜਾਤਪਾਤੀ ਵਿਵਸਥਾ ਤਹਿਤ ਅਤਿਆਚਾਰ ਹੁੰਦੇ ਆ ਰਹੇ ਹਨ ਪਰ ਭਾਜਪਾ ਦੇ 2014 ਤੋਂ ਸਤਾ ਚ ਆਉਣ ਤੋਂ ਬਾਅਦ 2015 ਦੇ ਮੁਕਾਬਲੇ 2019 ਚ ਦਲਿਤਾਂ ਤੇ ਜ਼ਬਰ ਦੀਆਂ ਘਟਨਾਵਾਂ ਚ 19 ਫੀਸਦੀ ਵਾਧਾ ਦਰਜ਼ ਦਰਜ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਭਾਜਪਾ ਵੱਲੋਂ ਕਿਰਤ ਕਾਨੂੰਨਾਂ ਚ ਸੋਧਾਂ ਕਰਕੇ 8 ਘੰਟੇ ਦੀ ਕੰਮ ਦਿਹਾੜੀ ਦਾ ਅਥਾਹ ਕੁਰਬਾਨੀਆਂ ਦੇਕੇ ਹਾਸਲ ਕੀਤਾ ਹੱਕ ਖੋਹ ਕੇ 12 ਘੰਟੇ ਦੀ ਕੰਮ ਦਿਹਾੜੀ ਦਾ ਕਾਨੂੰਨ ਪਾਸ ਕਰਨ ਤੋਂ ਇਲਾਵਾ 44 ਲੇਬਰ ਕਾਨੂੰਨਾਂ ਨੂੰ ਤੋੜਕੇ 4 ਕੋਡ ਬਣਾ ਦਿੱਤੇ ਹਨ।
ਉਹਨਾਂ ਕਿਹਾ ਮਜ਼ਦੂਰਾਂ ਕਿਸਾਨਾਂ ਦੀ ਮੁਕਤੀ ਲਈ ਜ਼ਮੀਨੀ ਵੰਡ ਤੋਂ ਇਲਾਵਾ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਲੁੱਟ ਨੂੰ ਖਤਮ ਕਰਨਾ ਬੇਹੱਦ ਅਹਿਮ ਕਾਰਜ ਹੈ। ਖੇਤ ਮਜ਼ਦੂਰ ਆਗੂਆਂ ਨੇ ਕਿਹਾ ਕਿ ਮੌਜੂਦਾ ਖੇਤੀ ਕਾਨੂੰਨ ਕਿਸਾਨਾਂ ਦੀ ਜ਼ਮੀਨ ਖੋਹਣ ਦੇ ਨਾਲ ਮਜ਼ਦੂਰਾਂ ਦਾ ਰੁਜਗਾਰ ਤੇ ਰੋਟੀ ਖੋਹਣ ਦਾ ਸਾਧਨ ਬਣਨਗੇ। ਉਹਨਾਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਮੋਰਚੇ ਵਿਚ ਸ਼ਾਮਲ ਹੋਣ ਤਾਂ ਜੋ ਇਹ ਲੋਕ ਵਿਰੋਧੀ ਕਾਨੂੰਨ ਰੱਦ ਕਰਵਾ ਕੇ ਗ਼ਰੀਬਾਂ ਪੱਖੀ ਜੋ ਕਾਨੂੰਨ ਬਣਵਾਏ ਜਾਣ ਅਤੇ ਬਣੇ ਹੋਏ ਵਿਖਾਵਾ ਮਾਤਰ ਮਜ਼ਦੂਰ ਤੇ ਲੋਕ ਪੱਖੀ ਕਾਨੂੰਨਾਂ ਨੂੰ ਲਾਗੂ ਕਰਵਾਇਆ ਜਾ ਸਕੇ ।
ਗ਼ਦਰ ਪਾਰਟੀ ਦੀ ਸਥਾਪਨਾ ਦਿਵਸ ਮੌਕੇ 21 ਅਪਰੈਲ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਵਲੋਂ ਪਰਿਵਾਰਾਂ ਸਮੇਤ ਪਹੁੰਚਣ ਦੇ ਦਿੱਤੇ ਸੱਦੇ ਤਹਿਤ ਕਿਸਾਨ ਆਗੂਆਂ ਸੁਖਦੇਵ ਸਿੰਘ ਰਾਮਪੁਰਾ ,ਅਮਰੀਕ ਸਿੰਘ ਸਿਵੀਆਂ ,ਅਜਮੇਰ ਸਿੰਘ ਚੱਕ ਫਤਿਹ ਸਿੰਘ ਵਾਲਾ ਅਤੇ ਔਰਤ ਜਥੇਬੰਦੀ ਦੀ ਆਗੂ ਹਰਪ੍ਰੀਤ ਕੌਰ ਜੇਠੂਕੇ ਨੇ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇੱਕੀ ਅਪ੍ਰੈਲ ਨੂੰ ਦਿੱਲੀ ਬਾਰਡਰ ਤੇ ਲੱਗੇ ਮੋਰਚੇ ਵਿੱਚ ਸ਼ਮੂਲੀਅਤ ਕਰਨ ।