ਮਹਿਲਾ ਕਮਿਸ਼ਨ ਵੱਲੋਂ ਭੇਜੇ ਨੋਟਿਸ ਨੂੰ ਲੈ ਕੇ ਕਿਸਾਨਾਂ ਦਾ ਪਾਰਾ ਚੜ੍ਹਿਆ
ਅਸ਼ੋਕ ਵਰਮਾ
ਨਵੀਂ ਦਿੱਲੀ,14 ਮਈ 2021: ਕੇਂਦਰੀ ਮਹਿਲਾ ਕਮਿਸ਼ਨ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਮੋਰਚੇ ਵਿਚ ਔਰਤਾਂ ਦੀ ਸੁਰੱਖਿਆ ਸਬੰਧੀ ਭੇਜੇ ਨੋਟਿਸ ਨੂੰ ਲੈਕੇ ਦਿੱਲੀ ਮੋਰਚੇ ’ਚ ਅੱਜ ਆਗੂਆਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਇਸ ਕਾਰਵਾਈ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਵਰਿ੍ਹਆਂ ਤੋਂ ਔਰਤਾਂ ਜੱਥੇਬੰਦੀ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਦੇ ਮੈਦਾਨ ’ਚ ਕੁੱਦੀਆਂ ਹੋਈਆਂ ਹਨ ਜਿਨ੍ਹਾਂ ਚੋਂ ਬਹੁਤੀਆਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਪਛਾਣ ਬਣਾਈ ਹੈ ਇਸ ਲਈ ਭਾਰਤੀ ਜੰਤਾ ਪਾਰਟੀ ਸਰਕਾਰ ਵੱਲੋਂ ਬਣਾਏ ਕਮਿਸ਼ਨ ਤੋਂ ਔਰਤਾਂ ਦੀ ਰਾਖੀ ਲਈ ਸਰਟੀਫਿਕੇਟ ਦੀ ਜਰੂਰਤ ਨਹੀਂ ਹੈ। ਕਮਿਸ਼ਨ ਵੱਲੋਂ ਭੇਜੇ ਨੋਟਿਸ ਨੂੰ ਲੈਕੇ ਅੱਜ ਦਿੱਲੀ ਮੋਰਚੇ ’ਚ ਡਟੀਆਂ ਔਰਤਾਂ ਨੇ ਕੇਂਦਰ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ।
ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਜਵਾਬ ਮੰਗਿਆ ਹੈ ਜੇਕਰ ਕੇਂਦਰ ਸਰਕਾਰ ਨੂੰ ਔਰਤਾਂ ਦੇ ਮਾਮਲੇ ਅੰਦਰ ਐਨਾ ਵੱਡਾ ਫ਼ਿਕਰ ਹੈ ਤਾਂ ਕਾਲੇ ਕਾਨੂੰਨ ਰੱਦ ਕਰਕੇ ਮੋਰਚੇ ’ਚ ਬੈਠੀਆਂ ਮਾਵਾਂ ਭੈਣਾਂ ਘਰਾਂ ਨੂੰ ਭੇਜ ਦਿੱਤੀਆਂ ਜਾਣ। ਸੂਬਾ ਆਗੂ ਹਰਿੰਦਰ ਬਿੰਦੂ ਨੇ ਪੱਛਮੀ ਬੰਗਾਲ ਤੋਂ ਆਈ ਨੌਜਵਾਨ ਲੜਕੀ ਨਾਲ ਵਾਪਰੀ ਜਬਰਜਨਾਂਹ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਹ ਘਟਨਾ ਤਾਂ ਹੀ ਵਾਪਰੀ ਕਿਉਂਕਿ ਪੱਛਮੀ ਬੰਗਾਲ ਤੋਂ ਜੋ ਲੜਕੀ ਦਿੱਲੀ ਮੋਰਚੇ ਵਿਚ ਆਈ ਸੀ ਉਸ ਦਾ ਮੰਤਵ ਕਾਲੇ ਕਾਨੂੰਨ ਰੱਦ ਕਰਵਾਉਣ ਆਈ ਸੀ ਇਸ ਲਈ ਲੜਕੀ ਨਾਲ ਵਰਤੇ ਮੰਦਭਾਗੇ ਵਰਤਾਰੇ ਲਈ ਵੀ ਮੌਕੇ ਦੀ ਭਾਜਪਾ ਹਕੂਮਤ ਜਿੰਮੇਵਾਰ ਬਣਦੀ ਹੈ । ਦੋਵਾਂ ਆਗੂਆਂ ਨੇ ਸਮੂਹ ਔਰਤਾਂ ਨੂੰ ਮਹਿਲਾ ਕਮਿਸ਼ਨ ਵੱਲੋਂ ਭੇਜੇ ਨੋਟਿਸ ਖਿਲਾਫ ਰੋਸ ਜਤਾਉਣ ਦਾ ਸੱਦਾ ਵੀ ਦਿੱਤਾ।
ਕਿਸਾਨ ਆਗੂ ਬਹਾਦਰ ਸਿੰਘ ਭੁਟਾਲ ਖੁਰਦ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਵਲੋਂ ਕਰਜੇ ਦੇ ਸੰਬੰਧ ਵਿਚ ਜਿਆਦਾ ਖਰਚੇ ਜਾਂ ਕੰਮ ਨਾ ਕਰਨ ਦਾ ਦੋਸ਼ ਲਾ ਕੇ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਪਰ ਭਾਰਤ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਦੀ ਮੁੰਬਈ ਵਿੱਚ ਸਤਾਈ ਮੰਜ਼ਲਾ ਇਮਾਰਤ ਵਿੱਚ ਤਿੰਨ ਹੈਲੀਪੈਡ ‘ਨਾਚਖ਼ਾਨੇ, ਨੌ ਲਿਫਟਾਂ, ਝੂਲੇ ਬਾਗ਼ ਹਨ ਜਿੰਨ੍ਹਾਂ ਤੇ ਅਰਬਾਂ ਰੁਪਏ ਖਰਚਾ ਆਇਆ ਹੈ ਪਰ ਮੁਕੇਸ਼ ਅੰਬਾਨੀ ਦੇ ਸਿਰ ਕਰਜ਼ਾ ਕਿਉਂ ਨਹੀਂ ਚੜ੍ਹਿਆ । ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ਾ ਚੜ੍ਹਨ ਦਾ ਕਾਰਨ ਅਸਲ ’ਚ ਕਿਸਾਨ ਮਜਦੂਰ ਵਿਰੋਧੀ ਸਾਮਰਾਜੀ ਨੀਤੀਆਂ ਹੀ ਹਨ । ਜਗਬੀਰ ਸਿੰਘ ਝੱਜਰ ਹਰਿਆਣਾ ਨੇ ਕਿਹਾ ਕਿ ਲੱਖਾਂ ਰੁਪਏ ਤਨਖਾਹਾਂ, ਪੈਨਸ਼ਨ ,ਭੱਤੇ ,ਵਿਦੇਸ਼ੀ ਯਾਤਰਾਵਾਂ ਅਤੇ ਮੈਡੀਕਲ ਸਹੂਲਤਾਂ ਲੈ ਕੇ ਸੰਸਦ ਮੈਂਬਰ ਸਰਕਾਰੀ ਖਜਾਨਾ ਲੁੱਟ ਰਹੇ ਹਨ ।
ਓਧਰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਪੱਕੇ ਮੋਰਚੇ ਵਿੱਚ ਅੱਜ ਵੀ ਹਜਾਰਾਂ ਦੀ ਗਿਣਤੀ ’ਚ ਕਿਸਾਨ, ਮਜਦੂਰ ਅਤੇ ਮਾਵਾਂ ਭੈਣਾਂ ਵੀ ਹਾਜ਼ਰ ਹੋਈਆਂ। ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਮੁਸਲਮਾਨ ਭਾਈਚਾਰੇ ਨੂੰ ਈਦ ਉਲ ਫਿਤਰ ਦੇ ਵਿਸ਼ੇਸ਼ ਦਿਹਾੜੇ ਤੇ ਮੁਬਾਰਕਬਾਦ ਦਿੱਤੀ ।ਕਾਬਲ ਸਿੰਘ ਭੈਣੀ ਜ਼ਿਲ੍ਹਾ ਅੰਮਿ੍ਰਤਸਰ ,ਅਵਤਾਰ ਸਿੰਘ ਸੇਖਾ ਜ਼ਿਲ੍ਹਾ ਬਰਨਾਲਾ, ਬਲਦੇਵ ਕੌਰ ਗੱਜਣ ਮਾਜਰਾ ਜ਼ਿਲ੍ਹਾ ਪਟਿਆਲਾ, ਦਰਬਾਰਾ ਸਿੰਘ ਛਾਜਲਾ ਜਰਨਲ ਸਕੱਤਰ ਜਿਲ੍ਹਾ ਸੰਗਰੂਰ, ਸੁਦਾਗਰ ਸਿੰਘ ਘੁਡਾਣੀ ਜ਼ਿਲਾ ਜਨਰਲ ਸਕੱਤਰ ਲੁਧਿਆਣਾ ਆਦਿ ਬੁਲਾਰਿਆਂ ਨੇ ਕਿਹਾ ਕਿ ਸੰਘਰਸ਼ ਕਰਨ ਵਾਲੇ ਲੋਕ ਹਮੇਸ਼ਾ ਜਿੱਤਦੇ ਹਨ ਅਤੇ ਜਾਬਰ ਹਕੂਮਤਾਂ ਸਦਾ ਹੀ ਹਾਰਦੀਆਂ ਆਈਆਂ ਹਨ ਇਸ ਲਈ ਸਰਕਾਰਾਂ ਨੂੰ ਕਾਲੇ ਕਾਨੂੰਨ ਖਤਮ ਕਰਨੇ ਪੈਣਗੇ ਅਤੇ ਕਿਰਤੀ ਮਿਹਨਤੀ ਲੋਕਾਂ ਦੀ ਜਿੱਤ ਹੋਵੇਗੀ।