ਚੰਡੀਗੜ੍ਹ, 10 ਮਈ 2021 - ਟਿਕਰੀ ਬਾਰਡਰ 'ਤੇ ਬੰਗਾਲ ਤੋਂ ਆਈ 26 ਸਾਲਾ ਲੜਕੀ ਨਾਲ ਰੇਪ ਕਰਨ ਦੇ ਦੋਸ਼ 'ਚ ਹੋਈ ਐਫ.ਆਈ.ਆਰ ਦੇ ਇੱਕ ਮੁਲਜ਼ਮ ਅਨੂਪ ਸਿੰਘ ਚਾਨੌਟ ਨੇ ਫੇਸਬੁੱਕ 'ਤੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਅਨੂਪ ਸਿੰਘ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਦਿਆਂ ਇਸਨੂੰ ਕਿਸਾਨ ਮੋਰਚਾ ਖਰਾਬ ਕਰਨ ਦੀ ਕੋਝੀ ਸਾਜਿਸ਼ ਕਰਾਰਿਆ।
ਅਨੂਪ ਸਿੰਘ ਚਾਨੌਟ ਨੇ ਕਿਹਾ ਕਿ ਇਸ ਮਾਮਲੇ 'ਚ ਲੰਘੀ 6 ਤਰੀਕ ਨੂੰ ਮੀਟਿੰਗ ਹੋਈ ਸੀ ਜਿਸ 'ਚ ਬੰਗਾਲ ਗਏ ਸਾਰੇ ਕਿਸਾਨ ਆਗੂ ਵੀ ਸ਼ਾਮਲ ਸੀ। ਇਸ ਮੀਟਿੰਗ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਲੜਕੀ ਨਾਲ ਰੇਲਗੱਡੀ 'ਚ ਛੇੜਖਾਨੀ ਹੋਈ ਸੀ ਪਰ ਰੇਪ ਵਰਗੀ ਕੋਈ ਵੀ ਘਟਨਾ ਇੱਥੇ ਨਹੀਂ ਵਾਪਰੀ। ਅਨੂਪ ਸਿੰਘ ਦਾ ਕਹਿਣਾ ਹੈ ਕਿ ਜਿਸ ਲੜਕੇ ਅਨਿਲ ਮਲਿਕ 'ਤੇ ਛੇੜਖਾਨੀ ਦੇ ਦੋਸ਼ ਸੀ, ਉਸ ਨੂੰ ਕਿਸਾਨਾਂ ਨੇ ਸੰਗਠਨ 'ਚੋਂ ਬਾਹਰ ਕਰ ਦਿੱਤਾ ਸੀ ਤੇ ਇਹੀ ਲੜਕੀ ਸ਼ਿਕਾਇਤ ਕਰਨ ਤੋਂ ਅਗਲੇ ਦਿਨ ਅਨਿਲ ਮਲਿਕ ਨਾਲ ਘੁੰਮ ਰਹੀ ਸੀ ਤੇ ਸਿਗਰਟ ਪੀ ਰਹੀ ਸੀ।
ਅਨੂਪ ਸਿੰਘ ਚਾਨੌਟ ਨੇ ਆਪਣੇ ਕਿਸਾਨ ਮੋਰਚੇ 'ਚੋਂ ਗਾਇਬ ਹੋਣ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਸਨੂੰ ਕੁਝ ਆਗੂਆਂ ਨੇ ਹੀ ਕਿਹਾ ਸੀ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇੱਧਰ ਉਧਰ ਹੋ ਜਾਏ ਤੇ ਜਿਸ ਤੋਂ ਬਾਅਦ ਉਸਨੂੰ ਬੁਖਾਰ ਹੋਇਆ ਤੇ ਉਸਨੇ ਟੈਸਟ ਕਰਾਇਆ ਜਿਸ 'ਚ ਉਹ ਕੋਵਿਡ ਪਾਜ਼ਿਟਿਵ ਪਾਇਆ ਗਿਆ ਸੀ।
ਅਨੂਪ ਸਿੰਘ ਨੇ ਕਿਹਾ ਕਿ ਜੇ ਉਸਦੀ ਗਲਤੀ ਹੋਈ ਤਾਂ ਉਸਨੂੰ ਪੰਚਾਇਤ 'ਚ ਖੜ੍ਹਾ ਕੇ ਜੁੱਤੀਆਂ ਮਾਰੀਆਂ ਜਾਣ। ਉਸਨੇ ਕਿਹਾ ਕਿ ਜਿਸਨੇ ਵੀ ਗਲਤ ਕੀਤਾ ਹੈ, ਉਸਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਅਨੂਪ ਸਿੰਘ ਚਾਨੌਟ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਆਮ ਆਦਮੀ ਪਾਰਟੀ 'ਚ ਵੀ ਬਤੌਰ ਵਰਕਰ ਕੰਮ ਕਰ ਚੁੱਕਾ ਹੈ।