ਕਿਸਾਨ ਭਾਜਪਾ ਦੇ ਐਮ ਪੀਜ਼, ਐਮ ਐਲ ਏਜ਼ ਦੇ ਦਫਤਰਾਂ ਅੱਗੇ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ
- ਕਿਸਾਨ 5 ਜੂਨ ਨੂੰ "ਸੰਪੂਰਨ ਕ੍ਰਾਂਤੀ ਦਿਹਾੜਾ" ਮਨਾਉਣਗੇ
- ਕਿਸਾਨਾਂ ਵੱਲੋਂ ਚੌਧਰੀ ਚਰਨ ਸਿੰਘ ਦੀ ਬਰਸੀ 'ਤੇ ਸ਼ਰਧਾਂਜਲੀਆਂ ਭੇਟ
- ਪੰਜਾਬ ਤੋਂ ਕਿਸਾਨਾਂ ਦੇ ਜਥੇ ਦਿੱਲੀ ਪੁੱਜੇ
ਨਵੀਂ ਦਿੱਲੀ, 29 ਮਈ 2021 - 184 ਵਾਂ ਦਿਨ
ਕੱਲ੍ਹ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ 5 ਜੂਨ ਨੂੰ “ਸੰਪੂਰਨ ਕ੍ਰਾਂਤੀ ਦਿਵਸ” ਵਜੋਂ ਮਨਾਇਆ ਜਾਵੇਗਾ। ਪਿਛਲੇ ਸਾਲ ਇਸੇ ਦਿਨ ਖੇਤੀ-ਕਾਨੂੰਨ ਆਰਡੀਨੈਂਸ ਵਜੋਂ ਲਿਆਂਦੇ ਗਏ ਸਨ। ਇਸੇ ਦਿਨ ਹੀ 5 ਜੂਨ, 1974 ਨੂੰ ਜੈਪ੍ਰਕਾਸ਼ ਨਾਰਾਇਣ ਨੇ ਸੰਪੂਰਨ ਕ੍ਰਾਂਤੀ ਦਾ ਨਾਅਰਾ ਦਿੰਦਿਆਂ ਦੇਸ਼ ਵਿੱਚ ਇੱਕ ਵਿਸ਼ਾਲ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਸੰਯੁਕਤ ਕਿਸਾਨ ਮੋਰਚਾ ਨੇ ਸਾਰੇ ਦੇਸ਼ ਵਾਸੀਆਂ ਨੂੰ ਇਸ ਦਿਨ ਕਿਸਾਨੀ ਅੰਦੋਲਨ ਵਿੱਚ ਆਪਣਾ ਸਮਰਥਨ ਜਾਰੀ ਰੱਖਣ ਦੀ ਅਪੀਲ ਕੀਤੀ ਅਤੇ
ਭਾਜਪਾ ਸੰਸਦ ਮੈਂਬਰ, ਵਿਧਾਇਕਾਂ ਅਤੇ ਹੋਰ ਨੁਮਾਇੰਦਿਆਂ ਦੇ ਘਰਾਂ ਅੱਗੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀ ਅਪੀਲ ਕੀਤੀ।
ਮੋਰਚੇ ਨੇ ਸੰਪੂਰਨ ਕ੍ਰਾਂਤੀ ਦਿਵਸ ਸਬੰਧੀ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਸੰਪੂਰਨ ਇਨਕਲਾਬ ਲਈ ਪ੍ਰਣ ਲੈਣ। ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਹੋਰ ਵਿਸ਼ਾਲ-ਲਹਿਰ ਖੜ੍ਹੀ ਕਰਨ ਤਾਂ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।
ਅੱਜ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਜਾਣੇ ਜਾਂਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਬਰਸੀ ਹੈ। ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ ਅਤੇ ਖੇਤੀ ਸੈਕਟਰ, ਕਿਸਾਨਾਂ ਅਤੇ ਪਿੰਡਾਂ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਦਾ ਹੈ। ਚੌਧਰੀ ਚਰਨ ਸਿੰਘ ਸੱਚਮੁੱਚ ਦੇਸ਼ ਨੂੰ "ਆਤਮਨਿਰਭਰ" ਬਣਾਉਣਾ ਚਾਹੁੰਦੇ ਸਨ, ਜਿਸ ਵਿੱਚ ਕਿਸਾਨ-ਮਜ਼ਦੂਰ ਅਤੇ ਪਿੰਡ ਦੇ ਲੋਕ ਖੁਸ਼ਹਾਲੀ ਨਾਲ ਰਹਿ ਸਕਣ। ਅੱਜ ਕੇਂਦਰ ਦੀ ਮੋਦੀ ਸਰਕਾਰ ਆਤਮਨਿਰਭਰ ਭਾਰਤ ਦਾ ਝੂਠਾ ਨਾਅਰਾ ਦੇਕੇ ਕਾਰਪੋਰੇਟਾਂ ਦੀ ਸਰਕਾਰ ਸਾਬਤ ਹੋ ਰਹੀ ਹੈ, ਜਿਥੇ ਉਹ ਕਿਸਾਨਾਂ ਅਤੇ ਮਜ਼ਦੂਰਾਂ ਦੀ ਗੱਲ ਹੀ ਨਹੀਂ ਸੁਣਦੀ। ਕਿਸਾਨ ਆਗੂਆਂ ਨੇ ਦਿੱਲੀ ਵਿਖੇ ਕਿਸਾਨ ਘਾਟ ਪਹੁੰਚ ਕੇ ਚੌਧਰੀ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਪੰਜਾਬ ਤੋਂ ਕਿਸਾਨਾਂ ਦੇ ਜਥਿਆਂ ਦਾ ਸਿੰਘੂ ਅਤੇ ਟੀਕਰੀ ਆਉਣਾ ਜਾਰੀ ਹੈ, ਅੱਜ ਵੀ ਦੋਆਬੇ ਤੋਂ ਕਿਸਾਨਾਂ ਦਾ ਇੱਕ ਵਿਸ਼ਾਲ ਜਥਾ ਸਿੰਘੂ ਪਹੁੰਚਿਆ ਅਤੇ ਕਿਸਾਨਾਂ ਨੇ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਕੀਤਾ।
ਪੰਜਾਬ ਤੋਂ ਵੈੱਬ ਚੈੱਨਲ 'ਅੱਖ਼ਰ' ਲਈ ਕੰਮ ਕਰਦੇ ਪੱਤਰਕਾਰ ਰਵੀ ਦੇ ਅਚਾਨਕ ਵਿਛੋੜੇ 'ਤੇ ਸੰਯੁਕਤ ਕਿਸਾਨ ਮੋਰਚਾ ਦੁਖ ਦਾ ਇਜ਼ਹਾਰ ਕਰਦਾ ਹੈ। ਨੌਜਵਾਨ ਪੱਤਰਕਾਰ ਰਵੀ ਸ਼ੁਰੂ ਤੋਂ ਹੀ ਦਿੱਲੀ ਦੇ ਕਿਸਾਨ ਮੋਰਚੇ ਲਈ ਕੰਮ ਕਰ ਰਿਹਾ ਸੀ। ਇਹ ਨਾ ਸਿਰਫ ਉਸਦੇ ਪਰਿਵਾਰ ਲਈ ਘਾਟਾ ਹੈ, ਸਗੋਂ ਕਿਸਾਨੀ-ਸੰਘਰਸ਼ ਲਈ ਵੀ ਵੱਡਾ ਘਾਟਾ ਹੈ।