ਪਟਿਆਲਾ ਦੇ ਥਾਪਰ ਚੌਂਕ ਹਾਦਸੇ ਦੇ ਸ਼ਹੀਦਾਂ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਲੜੀਵਾਰ ਪ੍ਰਦਰਸ਼ਨ
ਜੀ ਐਸ ਪੰਨੂ
- ਥਾਪਰ ਕਾਲਜ ਚੌਕ ਨੂੰ ਕਿਸਾਨ ਮੋਰਚਾ ਸ਼ਹੀਦ ਚੌਕ ਵਜੋਂ ਸਥਾਪਿਤ ਕਰਨ ਦੀ ਮੰਗ
ਪਟਿਆਲਾ, 6 ਮਈ,2021: ਪਟਿਆਲ਼ਾ ਸ਼ਹਿਰ ਦੇ ਥਾਪਰ ਚੌਕ ਵਿੱਚ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਕਿਸਾਨ ਲਹਿਰ ਨਾਲ ਇਕਜੁੱਟਤਾ ਪ੍ਰਗਟ ਕਰਨ ਦੌਰਾਨ ਹੋਏ ਭਿਆਨਕ ਹਾਦਸੇ ਕਾਰਨ ਜਾਨ ਗਵਾਉਣ ਤੇ ਗੰਭੀਰ ਜ਼ਖ਼ਮੀ ਹੋਣ ਵਾਲੇ ਕਾਰਕੁਨਾਂ ਤੇ ਆਮ ਸ਼ਹਿਰੀਆਂ ਲਈ ਇਨਸਾਫ ਦੀ ਮੰਗ ਅਤੇ ਆਮ ਸ਼ਹਿਰੀਆਂ ਨੂੰ ਜਾਗਰੂਕ ਕਰਨ ਨੂੰ ਲੈ ਕੇ ਕਿਸਾਨ ਮੋਰਚਾ ਇਨਸਾਫ ਕਮੇਟੀ ਦੀ ਅਗਵਾਈ 'ਚ ਥਾਪਰ ਚੌਕ ਵਿੱਚ ਰੋਜਾਨਾ ਸ਼ਾਮ ਨੂੰ ਕੀਤੇ ਜਾਂਦੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ।
ਇਸ ਪ੍ਰਦਰਸ਼ਨ ਦੌਰਾਨ ਕਿਸਾਨ ਮੋਰਚਾ ਇਨਸਾਫ ਕਮੇਟੀ ਦੇ ਕਨਵੀਨਰ ਅਜਾਇਬ ਸਿੰਘ ਟਿਵਾਣਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਹਰਿੰਦਰ ਸਿੰਘ ਸੈਣੀਮਾਜਰਾ ਹੇਠ ਇਕੱਤਰ ਹੋਏ ਸੰਘਰਸੀਆਂ ਨੇ ਮੰਗ ਕੀਤੀ ਕਿ ਕਾਰਪੋਰੇਟ ਪੱਖੀ ਅਤੇ ਫ਼ਾਸ਼ੀਵਾਦੀ ਢੰਗ ਤਰੀਕਿਆਂ ਨਾਲ ਰਾਜ ਕਰਨ ਵਾਲੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਲੋਕ ਵਿਰੋਧੀ ਤਿੰਨ ਖੇਤੀ ਕਾਨੂੰਨ, ਬਿਜਲੀ ਐਕਟ ਸੋਧ ਬਿੱਲ 2020 ਅਤੇ ਕਿਰਤ ਕਾਨੂੰਨਾਂ ਵਿਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ।
ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬੀਤੀ 29 ਮਾਰਚ ਨੂੰ ਥਾਪਰ ਚੌਕ ਵਿਚ ਹੋਏ ਭਿਆਨਕ ਹਾਦਸੇ ਦਾ ਸ਼ਿਕਾਰ ਕਿਸਾਨ ਲਹਿਰ ਦੇ ਸ਼ਹੀਦਾਂ ਅਤੇ ਜ਼ਖਮੀਆਂ ਨੂੰ ਸਹੀ ਮੁਆਵਜਾ ਦਿੱਤਾ ਜਾਵੇ। ਘਟਨਾ ਵਾਲੇ ਸਥਾਨ ਥਾਪਰ ਕਾਲਜ ਚੌਕ ਨੂੰ ਕਿਸਾਨ ਮੋਰਚਾ ਸ਼ਹੀਦ ਚੌਕ ਵਜੋਂ ਸਥਾਪਿਤ ਕੀਤਾ ਜਾਵੇ ਅਤੇ ਆਮ ਸ਼ਹਿਰੀਆਂ ਦੀ ਸੁਰੱਖਿਆ ਅਤੇ ਟ੍ਰੈਫਿਕ ਦੇ ਸੁਚਾਰੂ ਪ੍ਰਬੰਧ ਲਈ ਇਸ ਚੌਕ ਨੂੰ ਆਕਾਰ ਵਿੱਚ ਵੱਡਾ ਕੀਤਾ ਜਾਵੇ। ਆਪਣੀ ਜਿੰਮੇਵਾਰੀ ਤੋਂ ਭੱਜਣ ਵਾਲੇ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਮੇਂ ਨੌਜਵਾਨ ਭਾਰਤ ਸਭਾ ਪਟਿਆਲਾ ਤੋਂ ਗੁਰਪ੍ਰੀਤ ਗੋਪੀ, ਰਾਹੁਲ, ਅਕਾਸ਼, ਬਲਵਿੰਦਰ ਸਿੰਘ, ਡੀ ਟੀ ਐਫ ਤੋਂ ਜਗਪਾਲ ਚਹਿਲ ਤੇ ਸੁਖਵੀਰ ਸਿੰਘ, ਅਧਿਆਪਕ ਦਲਵੀਰ ਸਿੰਘ, ਹਰਜੀਤ ਸਿੰਘ ਲੈਕਚਰਾਰ, ਛੋਟਾ ਬੱਚਾ ਮਨਰਾਜ, ਤਰਨਦੀਪ ਕੌਰ, ਕੁਲਦੀਪ ਕੌਰ ਟਿਵਾਣਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਸਰਗਰਮ ਵਰਕਰ ਸ਼ਾਮਿਲ ਰਹੇ ਹਨ।