ਕਿਸਾਨ ਆਗੂਆਂ ਨਾਲ਼ ਦੁਰਵਿਹਾਰ ਘੋਲ਼ ਲੀਹੋਂ ਲਾਹੁਣ ਦੀ ਸਾਜ਼ਿਸ਼ - ਖੇਤ ਮਜ਼ਦੂਰ ਯੂਨੀਅਨ
ਅਸ਼ੋਕ ਵਰਮਾ
ਬਠਿੰਡਾ, 25ਅਪਰੈਲ2021:ਬੀਤੇ ਦਿਨੀਂ ਕਿਸਾਨ ਸੰਘਰਸ਼ ਨੂੰ ਅੱਗੇ ਵਧਾਉਣ ਦੇ ਬਹਾਨੇ ਹੇਠ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ਼ ਕੁਝ ਫਿਰਕੂ ਤੇ ਆਪ ਹੁਦਰੇ ਅਨਸਰਾਂ ਵੱਲੋਂ ਦੁਰਵਿਹਾਰ ਕਰਨ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਸਖ਼ਤ ਨਿੰਦਾ ਕਰਦੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਆਖਿਆ ਕਿ ਅਜਿਹਾ ਵਿਹਾਰ ਕਿਸਾਨ ਘੋਲ਼ ਨੂੰ ਲੀਹੋਂ ਲਾਹੁਣ ਦੀ ਗਿਣੀ ਮਿਥੀ ਸਾਜ਼ਿਸ਼ ਹੈ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੋਧੀ ਇਸ ਸੰਘਰਸ਼ ਦੇ ਸਰਗਰਮ ਹਮਾਇਤੀਆਂ ਵਜੋਂ ਖੇਤ ਮਜ਼ਦੂਰਾਂ ਦਾ ਇਸਦੇ ਸਭਨਾ ਐਕਸ਼ਨਾਂ ਨਾਲ ਨੇੜਲਾ ਸਰੋਕਾਰ ਹੈ । ਉਹਨਾਂ ਆਖਿਆ ਕਿ ਖੇਤ ਮਜ਼ਦੂਰ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨਾਲ ਡਟ ਕੇ ਖੜ੍ਹੀ ਹੈ।
ਉਹਨਾਂ ਆਖਿਆ ਕਿ ਨੌਜਵਾਨਾਂ ਅਤੇ ਵਿਦਿਆਰਥੀ ਜਥੇਬੰਦੀ ਦੇ ਪਰਦੇ ਹੇਠ ਕਿਸਾਨ ਆਗੂਆਂ ਦੀ ਘੇਰਾਬੰਦੀ ਕਰਨ ਦੀ ਇਹ ਕੋਸ਼ਿਸ਼ ਮੋਦੀ ਸਰਕਾਰ ਦੇ ਪੂਰੀ ਤਰ੍ਹਾਂ ਰਾਸ ਬੈਠਦੀ ਹੈ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਲਾਲ਼ ਕਿਲੇ ਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਜਿਵੇਂ ਮੋਦੀ ਸਰਕਾਰ ਵਲੋਂ ਕਿਸਾਨ ਅੰਦੋਲਨ ਉਤੇ ਜਾਬਰ ਤੇ ਫਿਰਕੂ ਫਾਸ਼ੀ ਹੱਲਾ ਬੋਲਿਆ ਸੀ ਉਹ ਕਿਸਾਨ ਲੀਡਰਸ਼ਿਪ ਦੀ ਸੂਝ ਸਿਆਣਪ ਅਤੇ ਹਰਿਆਣਾ ਤੇ ਯੂ ਪੀ ਦੇ ਕਿਸਾਨਾਂ ਵੱਲੋਂ ਸਖ਼ਤ ਮਿਹਨਤ ਨਾਲ ਸਫ਼ਲਤਾ ਸਾਹਿਤ ਇੱਕ ਵਾਰ ਨਾਕਾਮ ਕਰ ਦਿੱਤਾ ਹੈ। ਪਰ ਘੋਲ਼ ਨੂੰ ਲੀਹੋਂ ਲਾਹੁਣ ਲਈ ਤਹੂ ਤਾਕਤਾਂ ਨੂੰ ਇਹ ਕਿਸਾਨ ਏਕਤਾ ਫੁੱਟੀ ਅੱਖ ਨਹੀਂ ਭਾਉਂਦੀ ਅਤੇ ਉਹ ਹੁਣ ਫਿਰ ਸਰਗਰਮ ਹੋ ਗਈਆਂ ਹਨ ਜਿਹਨਾਂ ਦੀ ਸਭਨਾਂ ਕਿਸਾਨ ਤੇ ਲੋਕ ਹਿਤੈਸ਼ੀ ਤਾਕਤਾਂ ਵੱਲੋਂ ਪੁਰਜ਼ੋਰ ਨਿਖੇਧੀ ਕਰਦਿਆਂ ਇਹਨਾਂ ਦੇ ਖੋਟੇ ਮਨਸੂਬੇ ਜੱਗ ਜ਼ਾਹਰ ਕਰਨੇ ਚਾਹੀਦੇ ਹਨ ।