ਗੁਰਪ੍ਰੀਤ ਸਿੰਘ ਮਹਿਦੂਦਾਂ
ਲੁਧਿਆਣਾ, 26 ਅਗਸਤ, 2017 : ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀਂ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਅੱਜ 15 ਸਾਲ ਇਨਸਾਫ ਦੀ ਲੜਾਈ ਲੜ੍ਹ ਕੇ ਸੌਧਾ ਸਾਧ ਨੂੰ ਜੇਲ੍ਹ ਭੇਜਣ ਵਾਲੀਆਂ ਦੋਵਾਂ ਬੀਬੀਆਂ ਦੀ ਬਹਾਦਰੀ ਨੂੰ ਸਲਿਊਟ ਕੀਤਾ ਅਤੇ ਕਿਹਾ ਕਿ ਪਾਰਟੀ ਵੱਲੋਂ ਦੋਵੇਂ ਬੀਬੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾਂ ਹੱਕ ਸੱਚ ਦੀ ਗੱਲ ਕੀਤੀ ਹੈ। ਪਾਰਟੀਬਾਜੀ , ਸਿਆਸਤ, ਜਾਤੀ ਅਤੇ ਧਰਮ ਤੋਂ ਉੱਪਰ ਕੇ ਮਾਨਵਤਾਵਾਦੀ ਸੋਚ ਤੇ ਪਹਿਰਾ ਦਿੰਦਿਆਂ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ ਸਿੱਖਾਂ, ਬੋਧੀਆਂ, ਮੁਸ਼ਲਮਾਨਾਂ, ਈਸਾਈਆਂ ਅਤੇ ਦਲਿਤਾਂ ਤੇ ਹੋ ਰਹੇ ਅੱਤਿਆਚਾਰ ਦੀ ਵਿਰੋਧਤਾ ਕੀਤੀ ਹੈ। ਔਰਤ ਭਾਵੇਂ ਕਿਸੇ ਵੀ ਧਰਮ ਦੀ ਕਿਉਂ ਨਾ ਹੋਵੇ ਜੇਕਰ ਉਸ ਨਾਲ ਧੱਕੇਸ਼ਾਹੀ ਜਾਂ ਜਿਆਦਤੀ ਹੋਈ ਤਾਂ ਸ: ਮਾਨ ਨੇ ਉਸ ਅਵਾਜ ਨੂੰ ਬੁਲੰਦ ਕੀਤਾ ਹੈ ਅਤੇ ਕਾਨੂੰਨੀ ਲੜਾਈ ਤੱਕ ਵੀ ਲੜੀ।
ਉਨ੍ਹਾਂ ਉਦਾਹਰਨਾਂ ਦਿੰਦਿਆਂ ਦੱਸਿਆ ਕਿ ਜਦੋਂ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਨੇ ਫਰਾਂਸ ਤੋਂ ਆਈ ਲੜਕੀ ਕੇਤੀਆ ਦੀ ਇੱਜਤ ਨੂੰ ਹੱਥ ਪਾਇਆ ਸੀ ਤਾਂ ਸ: ਮਾਨ ਨੇ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰਕੇ ਗੁਰਕੀਰਤ ਦੀ ਸਨਾਖਤੀ ਪ੍ਰੇਡ ਕਰਵਾਈ ਸੀ ਅਤੇ ਉਸਨੂੰ 9 ਮਹੀਨੇ ਲਈ ਜੇਲ੍ਹ ਭਿਜਵਾਇਆ ਸੀ। ਦੂਸਰੇ ਮਾਮਲੇ ਵਿੱਚ ਬੁੱਚੜ ਵਜੋਂ ਜਾਣੇ ਡੀ ਜੀ ਪੀ ਕੇ ਪੀ ਐਸ ਗਿੱਲ ਨੇ ਅਪਣੇ ਹੰਕਾਰੀ ਲਹਿਜੇ ਵਿੱਚ ਜਦੋਂ ਹਿੰਦੂ ਆਈ ਏ ਐਸ ਅਧਿਕਾਰੀ ਰੂਪਮ ਦਿਉਲ ਬਜਾਜ ਦੀ ਇੱਜਤ ਨੂੰ ਹੱਥ ਪਾਇਆ ਸੀ ਤਾਂ ਸ: ਮਾਨ ਨੇ ਕੇ ਪੀ ਐਸ ਗਿੱਲ ਤੇ ਪਰਚਾ ਦਰਜ ਕਰਵਾ ਕੇ ਛੇ ਮਹੀਨੇ ਦੀ ਜੇਲ੍ਹ ਕਰਵਾਈ ਸੀ। ਅਜਿਹੇ ਕਈ ਹੋਰ ਵੀ ਮਾਮਲੇ ਹਨ ਜਦੋਂ ਸ: ਮਾਨ ਨੇ ਧੀਆਂ ਭੈਣਾਂ ਦੀ ਬਾਂਹ ਫੜਕੇ ਸਹਾਰਾ ਦਿੱਤਾ ਤੇ ਇਨਸਾਫ ਦਿਵਾਇਆ।
ਸ: ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸੌਧਾ ਸਾਧ ਦੇ ਮਾਮਲੇ 'ਚ 15 ਸਾਲ ਕਾਨੂੰਨੀ ਲੜਾਈ ਲੜ੍ਹ ਕੇ ਬਹਾਦਰੀ ਅਤੇ ਬੀਬੀਆਂ ਲਈ ਮਾਰਗ ਦਰਸ਼ਕਾਂ ਦਾ ਕੰਮ ਕਰਨ ਵਾਲੀਆਂ ਦੋਵਾਂ ਬੀਬੀਆਂ ਲਈ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਨੇ ਦੋ ਸਬਦ ਸ਼ਾਬਾਸੀ ਦੇ ਨਹੀ ਕਹੇ। ਏਥੋਂ ਤੱਕ ਕੇ ਨੰਨੀ ਛਾਂ ਦੇ ਤੌਰ ਤੇ ਜਾਣੀ ਜਾਂਦੀ ਅਤੇ ਅਪਣੇ ਨਿੱਜੀ ਚੈਨਲ ਅਤੇ ਹੋਰ ਚੈਨਲਾਂ ਤੇ ਇਸ ਮੁੱਦੇ ਨੂੰ ਅਧਾਰ ਬਣਾ ਕੇ ਖੁਦ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਵੀ ਮੂੰਹ ਨਹੀ ਖੋਲਿਆ। ਆਰ ਐਸ ਐਸ ਦੀਆਂ ਕਈ ਮਹਿਲਾ ਜੱਥੇਵੰਦੀਆਂ ਵੀ ਚੁੱਪ ਰਹੀਆਂ ਜਿਸ ਕਾਰਨ ਉਨ੍ਹਾਂ ਦਾ ਔਰਤ ਵਿਰੋਧੀ ਚੇਹਰਾ ਵੀ ਬੇਨਕਾਬ ਹੋਇਆ ਹੈ। ਸੌਧਾ ਸਾਧ ਦੇ ਇਸ ਮਾਮਲੇ ਦੇ ਸੁਰੂਆਤੀ ਅੰਿਤਮ ਦੌਰ ਤੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਮੇਸ਼ਾਂ ਅਵਾਜ ਬੁਲੰਦ ਕਰਦਿਆਂ ਸੌਧਾ ਸਾਧ ਲਈ ਜੇਲ੍ਹ ਯਾਤਰਾ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੌਧਾ ਸਾਧ ਖਿਲਾਫ ਮੂੰਹ ਨਾ ਖੋਲਣ ਵਾਲੇ ਬਾਦਲ ਦਲੀਏ, ਕਾਂਗਰਸ, ਭਾਜਪਾ ਅਤੇ ਹੋਰਨਾਂ ਪਾਰਟੀਆਂ ਦੇ ਆਗੂ ਸੌਧਾ ਸਾਧ ਤੇ ਡੇਰੇ ਜਾ ਕੇ ਸਿਰ ਝੁਕਾ ਕੇ ਵੋਟਾਂ ਮੰਗਦੇ ਹੋਏ ਉਸ ਦੀ ਬਲਾਤਕਾਰੀ ਸੋਚ ਨੂੰ ਉਤਸ਼ਾਹਿਤ ਕਰਦੇ ਰਹੇ ਹਨ। ਕੱਲ ਪੈਦਾ ਹੋਈ ਆਮ ਆਦਮੀਂ ਪਾਰਟੀ ਵੀ ਇਸ ਪਾਪ ਦੀ ਬਰਾਬਰ ਦੀ ਭਾਗੀਦਾਰ ਹੈ ਜਿਸ ਦੇ ਆਗੂ ਕੇਜਰੀਵਾਲ ਅਤੇ ਹੋਰਾਂ ਨੇ ਸੌਧਾ ਸਾਧ ਦੇ ਡੇਰੇ ਜਾ ਕੇ ਹਾੜੇ ਕੱਢੇ ਹਨ।
ਉਨ੍ਹਾਂ ਕਿਹਾ ਕਿ ਹਰਿਆਣਾ ਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ ਜਿਸ ਨੇ ਧਾਰਾ 144 ਤਾਂ ਲਗਾਈ ਪਰ ਇਸਦੇ ਬਾਵਯੂਦ ਸੌਧਾ ਸਾਧ ਦੀ ਚਾਮਲੀ ਸੈਨਾ ਪੰਚਕੂਲੇ ਅਤੇ ਸਿਰਸੇ ਪਹੁੰਚ ਗਈ ਜਿਸਨੇ ਸੌਧੇ ਸਾਧ ਦੇ ਖਿਲਾਫ ਫੈਸਲਾ ਆਉਣ ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਸਰਕਾਰੀ ਤੇ ਪ੍ਰਾਈਵੇਟ ਸੰਪਤੀ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਸੌਧਾ ਸਾਧ ਨਾਲ 400 ਗੱਡੀਆਂ ਦਾ ਕਾਫਲਾ ਭੇਜਣ ਤੇ ਇਸ ਸਰਕਾਰ ਨੇ ਖੁੱਦ ਹੀ ਧਾਰਾ 144 ਦੀ ਉਲੰਘਣਾ ਕੀਤੀ ਹੈ। ਜੇਕਰ ਸੌਧਾ ਸਾਧ ਨੂੰ ਬਾਅਦ ਵਿੱਚ ਹੈਲੀਕਾਪਟਰ ਰਾਹੀਂ ਜੇਲ੍ਹ ਭੇਜਿਆ ਜਾ ਸਕਦਾ ਹੈ ਤਾਂ ਸਿਰਸੇ ਤੋਂ ਲਿਆਉਣ ਲਈ ਹੈਲੀਕਾਪਟਰ ਦੀ ਵਰਤੋਂ ਕਿਉਂ ਨਹੀ ਕੀਤੀ ਗਈ। ਇਸ ਲਈ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ, ਮੰਤਰੀਆਂ, ਹਿਮਾਇਤੀਆਂ ਅਤੇ ਜਿੰਮੇਵਾਰ ਅਧਿਕਾਰੀਆਂ ਤੇ ਲਾਪਰਵਾਹੀ ਕਰਨ ਦਾ ਅਤੇ ਗਈਆਂ ਜਾਨਾਂ ਤੇ ਸਪੰਤੀ ਦੇ ਨੁਕਸਾਨ ਨੂੰ ਦੇਖਦਿਆਂ ਧਾਰਾ 307 ਅਤੇ 120ਬੀ ਤਹਿਤ ਮੁੱਕਦਮਾ ਦਰਜ ਹੋਣਾ ਚਾਹੀਦਾ ਹੈ। ਜਾਣਬੁੱਝ ਕੇ ਦੰਗੇ ਕਰਵਾਉਣ ਜਿਹਾ ਮਾਹੌਲ ਪੈਦਾ ਕਰਨ ਵਾਲੀਆਂ ਹਿੰਦੂਆਂ ਜੱਥੇਵੰਦੀਆਂ, ਸ਼ਿਵ ਸੈਨਾ, ਬਜਰੰਗ ਦਲ, ਹਿੰਦੂ ਵਿਦਿਆਰਥੀ ਪ੍ਰੀਸਦ, ਆਰ ਐਸ ਐਸ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ।
ਜਿਲ੍ਹਾ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾ ਨੇ ਕਿਹਾ ਕਿ ਦੋਵਾਂ ਬੀਬੀਆਂ ਵੱਲੋਂ ਲੜੀ ਗਈ ਕਾਨੂੰਨੀ ਲੜਾਈ ਇੱਕ ਇਤਿਹਾਸ ਬਣ ਗਈ ਹੈ ਜਿਸ ਤੋਂ ਸਬਕ ਲੈ ਕੇ ਦੇਸ਼ ਦੀਆਂ ਜਿਨ੍ਹਾਂ ਔਰਤਾਂ ਨਾਲ ਕਿਸੇ ਵੀ ਥਾਂ ਤੇ ਬੇਇਨਸਾਫੀ ਜਾਂ ਧੱਕੇਸ਼ਾਹੀ ਹੁੰਦੀ ਹੈ ਉਸ ਦੇ ਖਿਲਾਫ ਡੱਟ ਜਾਣਾ ਚਾਹੀਦਾ ਹੈ। ਦੋਵਾਂ ਬੀਬੀਆਂ ਵੱਲੋਂ ਜਿਸ ਪ੍ਰਕਾਰ ਕਾਨੂੰਨੀ ਲੜਾਈ ਲੜ੍ਹਦਿਆਂ ਸੌਧਾ ਸਾਧ ਨੂੰ ਜੇਲ੍ਹ ਭੇਜਿਆ ਗਿਆ ਹੈ ਉਸ ਨੇ ਸਾਫ ਕਰ ਦਿੱਤਾ ਕਿ ਦੇਸ਼ ਦੀ ਔਰਤ ਜੇਕਰ ਦ੍ਰਿੜ ਇਰਾਦਾ ਕਰ ਲਵੇ ਤਾਂ ਵੱਡੇ ਤੋਂ ਵੱਡੇ ਜਾਲਮ ਨੂੰ ਸਬਕ ਸਿਖਾ ਸਕਦੀ ਹੈ। ਅੱਜ ਤੋਂ ਬਾਅਦ ਕਿਸੇ ਵੀ ਔਰਤ ਨੂੰ ਅਪਣੀ ਤਾਕਤ ਘੱਟ ਕਰਕੇ ਨੀ ਵੇਖਣੀ ਚਾਹੀਦੀ। ਇਸ ਮੌਕੇ ਰਣਜੀਤ ਸਿੰਘ ਸੰਘੇੜਾ ਅਤੇ ਹਰਦੇਵ ਸਿੰਘ ਪੱਪੂ ਵੀ ਹਾਜਰ ਸੀ।