ਤਿਰਛੀ ਨਜ਼ਰ / ਬਲਜੀਤ ਬੱਲੀ
ਡੇਰਾ ਸਿਰਸਾ ਮੁਖੀ ਨੂੰ ਸਾਧਵੀ ਬਲਾਤਕਾਰ ਕੇਸ ਵਿਚ ਮੁਜਰਮ ਕਰਾਰ ਦਿੱਤੇ ਜਾਣ ਬਾਅਦ ਡੇਰਾ ਪ੍ਰੇਮੀਆਂ ਵੱਲੋਂ ਪੰਚਕੂਲਾ ਅਤੇ ਪੰਜਾਬ , ਹਰਿਆਣਾ ਅਤੇ ਹੋਰ ਸੂਬਿਆਂ ਵਿਚ ਕੀਤੀ ਹਿੰਸਾ ਬਾਰੇ ਕਿਸੇ ਵੀ ਸਿਆਸੀ ਪਾਰਟੀ ਨੇ ਅਜੇ ਤੱਕ ਚੱਜ ਨਾਲ ਮੂੰਹ ਨਹੀਂ ਖੋਲ੍ਹਿਆ . ਅਕਾਲੀ ਦਲ ਸਮੇਤ ਹੋਰ ਪਾਰਟੀਆਂ ਦੇ ਨੇਤਾਵਾਂ ਨੇ ਖੁੱਲ੍ਹ ਕੇ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਸਰਕਾਰੀ ਅਤੇ ਆਮ ਲੋਕਾਂ ਦੀ ਗੈਰ-ਸਰਕਾਰੀ ਜਾਇਦਾਦ ਦੀ ਸਾੜ ਫ਼ੂਕ ਅਤੇ ਭੰਨ ਤੋੜ ਦੀ ਖੁੱਲ੍ਹ ਕੇ ਨਿੰਦਾ ਨਹੀਂ ਕੀਤੀ .
ਸਵਾਲ ਇਹ ਹੈ ਕੀ ਇੰਨਾ ਕੁੱਝ ਹੋਣ ਦੇ ਬਾਵਜੂਦ ਵੀ ਉਹ ਇਸ ਤਰ੍ਹਾਂ ਦੀ ਹਿੰਸਾ ਨੂੰ ਵਾਜਬ ਸਮਝਦੇ ਹਨ ? ਕੀ ਉਹ ਅਦਾਲਤੀ ਨਿਰਨੇ ਤੋਂ ਬਾਅਦ ਵੀ ਡੇਰਾ ਮੁਖੀ ਨੂੰ "ਭਲਾ-ਮਾਣਸ ਅਤੇ ਨਿਰਦੋਸ਼ " ਮੰਨਦੇ ਰਹਿਣਗੇ ? ਕਿਉਂ ਨਹੀਂ ਕਿਸੇ ਨੇਤਾ ਨੇ ਅਦਾਲਤੀ ਫ਼ੈਸਲੇ ਦੀ ਸ਼ਲਾਘਾ ਕੀਤੀ ਜਾਂ ਡੇਰਾ ਪ੍ਰੇਮੀਆਂ ਨੂੰ ਇਹ ਕਿਹਾ ਕਿ ਉਹ ਅਦਾਲਤੀ ਨਿਰਨੇ ਦਾ ਸਤਿਕਾਰ ਕਰਨ ? ਕੁੱਝ ਨੇਤਾਵਾਂ ਨੇ ਸਰਕਾਰ ਅਤੇ ਲੋਕਾਂ ਨੂੰ ਤਾਂ ਨਸੀਹਤਾਂ ਤੇ ਅਪੀਲਾਂ ਕੀਤੀਆਂ ਹਨ ਕਿ ਉਹ ਸ਼ਾਂਤ ਰਹਿਣ ਪਰ ਹਿੰਸਾ ਤੇ ਉਤਾਰੂ ਹੋਏ ਡੇਰਾ ਪ੍ਰੇਮੀਆਂ ਦੀ ਕਾਰਵਾਈ ਨੂੰ ਨਹੀਂ ਨਿੰਦਿਆਂ .
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰ ਕੇ " ਹਿੰਸਾ ਦੀ ਨਿੰਦਾ" ਕੀਤੀ ਹੈ . ਇਹ ਮੰਨ ਕੇ ਵੀ ਕਿ ਇੱਕ ਜਨਰਲ ਅਤੇ ਰਸਮੀ ਬਿਆਨ ਹੀ ਹੈ, ਫਿਰ ਉਹ ਠੀਕ ਬੋਲੇ ਹਨ ਪਰ ਰੂਲਿੰਗ ਪਾਰਟੀ ਬੀ ਜੇ ਪੀ ਦੇ ਪ੍ਰਧਾਨ ਅਤੇ ਹੋਰ ਨੇਤਾ ਚੁੱਪ ਹਨ . ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਤਾਂ ਡੇਰਾ ਪ੍ਰੇਮੀਆਂ ਨੂੰ ਇਹ ਕਹਿਕੇ ਕਲੀਨ ਚਿੱਟ ਦੇ ਦਿੱਤੀ ਕਿ " ਕੁੱਝ ਸ਼ਰਾਰਤੀ ਅਨਸਰ ਡੇਰਾ ਪੈਰੋਕਾਰਾਂ ਵਿਚ ਘੁੱਸ ਗਏ ਸਨ " ਪਰ ਪੰਜਾਬ , ਹਰਿਆਣਾ ਅਤੇ ਚੰਡੀਗੜ੍ਹ ਦੇ ਬਾਕੀ ਬੀ ਜੇ ਪੀ , ਕਾਂਗਰਸ ਅਤੇ ਹੋਰ ਪਾਰਟੀਆਂ ਦੇ ਨੇਤਾਵਾਂ ਦੇ ਮੂੰਹ ਵਿਚ ਘੁੰਗਣੀਆਂ ਪਈਆਂ ਲਗਦੀਆਂ ਨੇ . ਡੇਰੇ ਦੀਆਂ ਵੋਟਾਂ ਤੇ ਲਾਲਾਂ ਸੁੱਟਣ ਵਾਲੇ ਇਹ ਨੇਤਾ ਹਿੰਸਾ ਦੌਰਾਨ ਮਰੇ ਡੇਰਾ ਪ੍ਰੇਮੀਆਂ ਦੀ ਮੌਤ 'ਤੇ ਵੀ ਅਫ਼ਸੋਸ ਜ਼ਾਹਿਰ ਕਰਨਾ ਵੀ ਭੁੱਲ ਗਏ . ਹਰਿਆਣੇ ਦੇ ਕਾਂਗਰਸੀ , ਖੱਟੜ ਸਰਕਾਰ ਤੇ ਤਾਂ ਹਮਲੇ ਕਰ ਰਹੇ ਨੇ ਪਰ ਡੇਰਾ ਹਿੰਸਾ ਬਾਰੇ ਦਬਵੀਂ ਜ਼ੁਬਾਨ ਵਿਚ ਹੀ ਬੋਲ ਰਹੇ ਨੇ . ਲੋਹੜੇ ਦੀ ਗੱਲ ਤਾਂ ਇਹ ਹੈ ਕਿ ਬਹੁਤੇ ਸਿਆਸੀ ਨੇਤਾਵਾਂ ਨੇ ਤਾਂ ਮੀਡੀਆ ਕਰਮੀਆਂ ਤੇ ਹੋਏ ਹਮਲਿਆਂ ਦੀ ਵੀ ਨਿੰਦਾ ਨਹੀਂ ਕੀਤੀ .
ਕੀ ਅਜੇ ਵੀ ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਨੂੰ ਇਹ ਡਰ ਹੈ ਕਿ ਜੇਕਰ ਇਸ ਹਿੰਸਾ ਦੇ ਖ਼ਿਲਾਫ਼ ਜ਼ੁਬਾਨ ਖੋਲ੍ਹੀ ਤਾਂ ਕੱਲ੍ਹ ਨੂੰ ਫੇਰ ਵੋਟਾਂ ਲੈਣ ਲਈ ਕਿਵੇਂ ਡੇਰੇ ਜਾਂ ਡੇਰੇ ਵਾਲਿਆਂ ਕੋਲ ਜਾਵਾਂਗੇ ? ਕੀ ਉਨ੍ਹਾਂ ਨੂੰ ਆਮ ਲੋਕਾਂ ਦੇ ਜਾਨ -ਮਾਲ ਅਤੇ ਜੁਡੀਸ਼ੀਅਰੀ ਦੇ ਸਨਮਾਨ ਨਾਲੋਂ ਆਪਣਾ ਸਿਆਸੀ ਵੋਟ ਬੈਂਕ ਵੱਧ ਕੀਮਤੀ ਲੱਗਦਾ ਹੈ ?
ਯਾਦ ਰਹੇ ਕਿ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਦੀਆਂ ਵੋਟਾਂ ਲੈਣ ਲਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਪੈਰੀਂ ਪੈਣ ਦੇ ਮਾਮਲੇ ਵਿਚ ਮੇਨ ਪਾਰਟੀਆਂ ਅਤੇ ਇਨ੍ਹਾਂ ਦੇ ਬਹੁਤੇ ਨੇਤਾ ਕਾਣੇ ਹਨ . ਪਿਛਲੇ ਕਾਫ਼ੀ ਸਮੇਂ ਤੋਂ ਡੇਰਾ ਸਿਰਸਾ ਮੁਖੀ ਬੀ ਜੇ ਪੀ ਦੇ ਸਿਖਰ ਤੱਕ ਦੇ ਨੇਤਾਵਾਂ ਦੇ ਸਭ ਤੋਂ ਵੱਧ ਨੇੜੇ ਸੀ . 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਡੇਰਾ ਪ੍ਰੇਮੀਆਂ ਨੇ ਐਲਾਨ ਕਰ ਕੇ ਖੁੱਲ੍ਹੇ ਆਮ
ਅਕਾਲੀ ਦਲ -ਬੀ ਜੇ ਪੀ ਗੱਠਜੋੜ ਦੀ ਹਿਮਾਇਤ ਕੀਤੀ ਸੀ .
26 ਅਗਸਤ , 2017
ਬਲਜੀਤ ਬੱਲੀ, ਸੰਪਾਦਕ, ਬਾਬੂਸ਼ਾਹੀ ਡਾਟ ਕਾਮ
tirshinazar@gmail.com
+91-9915177722