ਚੰਡੀਗੜ੍ਹ, 3 ਅਕਤੂਬਰ, 2017 : ਪੰਜਾਬ ਸਰਕਾਰ ਨੇ ਅੱਜ ਉਨ੍ਹਾਂ ਖਬਰਾਂ ਦਾ ਸਿਰੇ ਤੋਂ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਹਨੀਪ੍ਰੀਤ ਇੰਸਾਂ ਪੰਜਾਬ ਪੁਲਿਸ ਦੀ ਹਿਰਾਸਤ ਵੀ ਹੈ ਜਾਂ ਸੀ ਅਤੇ ਉਸ ਨੂੰ ਪੰਜਾਬ ਸਰਕਾਰ ਵੱਲੋਂ ਹਿਫਾਜ਼ਤ ਦਿੱਤੀ ਜਾ ਰਹੀ ਹੈ।
ਸੋਸ਼ਲ ਮੀਡੀਆ ਉੱਤੇ ਹਨੀਪ੍ਰੀਤ ਇੰਸਾਂ ਦੀ ਹਿਰਾਸਤ ਅਤੇ ਹਿਫਾਜ਼ਤ ਸਬੰਧੀ ਚੱਲ ਰਹੀਆਂ ਖਬਰਾਂ ਦਾ ਖੰਡਨ ਕਰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਮਾਮਲੇ ਵਿਚ ਸਿਰਫ ਏਨੀ ਕੁ ਸ਼ਮੂਲੀਅਤ ਹੈ ਕਿ ਉਹ ਹਰਿਆਣਾ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਨੂੰ ਹਨੀਪ੍ਰੀਤ ਮਾਮਲੇ ਦੇ ਹੱਲ ਲਈ ਪੂਰਾ-ਪੂਰਾ ਸਾਥ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਹਨੀਪ੍ਰੀਤ ਦਾ ਪੰਜਾਬ ਪੁਲਿਸ ਦੀ ਗ੍ਰਿਫਤ ਵਿਚ ਹੋਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ ਕਿਉਂ ਕਿ ਪੰਜਾਬ ਵਿਚ ਉਸ ਖਿਲਾਫ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਅਤੇ ਨਾ ਹੀ ਉਹ ਕਿਸੇ 'ਵਾਂਟਡ ਲਿਸਟ' ਵਿਚ ਸ਼ੁਮਾਰ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਾਸ ਤੌਰ 'ਤੇ ਪੁਲਿਸ ਅਤੇ ਖੁਫੀਆ ਵਿਭਾਗ ਗੁਆਂਢੀ ਸੂਬੇ ਨੂੰ ਇਸ ਮਾਮਲੇ ਸਬੰਧੀ ਸਿਰਫ ਇਨਪੁਟਸ ਹੀ ਦੇ ਰਿਹਾ ਸੀ ਤਾਂ ਜੋ ਇਨਸਾਫ ਹੋ ਸਕੇ ਅਤੇ ਕਾਨੂੰਨ ਤੇ ਵਿਵਸਥਾ ਨੂੰ ਦਰੁਸਤ ਬਣਾ ਕੇ ਰੱਖਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਡੇਰੇ ਦਾ ਮੁੱਦਾ ਭਖਿਆ ਹੈ ਉਦੋਂ ਤੋਂ ਪੰਜਾਬ ਪੁਲਿਸ ਰਾਮ ਰਹੀਮ, ਜੋ ਕਿ ਬਲਾਤਕਾਰ ਦੇ ਮਾਮਲੇ ਵਿਚ ਸਜ਼ਾਯਾਫਤਾ ਹੈ, ਦੇ ਚੇਲਿਆਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਗੁਆਂਢੀ ਸੂਬੇ ਨਾਲ ਸਾਂਝੀਆਂ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਕੀਮਤ 'ਤੇ ਹਨੀਪ੍ਰੀਤ ਵਰਗੀ ਭਗੌੜਾ ਅਪਰਾਧੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਸਕਦੀ, ਜਿਸ ਖਿਲਾਫ ਕਿ ਹਰਿਆਣਾ ਵਿਚ ਮਾਮਲੇ ਦਰਜ ਹਨ ਅਤੇ ਉਸ ਨੂੰ ਇਕ 'ਵਾਂਟਡ ਅਪਰਾਧੀ' ਘੋਸ਼ਿਤ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਇਹ ਸਪੱਸ਼ਟੀਕਰਨ ਉਸ ਵੇਲੇ ਆਇਆ ਹੈ ਜਦੋਂ ਮੀਡੀਆ ਦੇ ਇਕ ਹਿੱਸੇ ਵਿਚ ਅਜਿਹੀਆਂ ਰਿਪੋਰਟਾਂ ਆਈਆਂ ਕਿ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹੈ ਅਤੇ ਭਾਜਪਾ ਦਾ ਇਕ ਬੁਲਾਰਾ ਕਹਿ ਰਿਹਾ ਸੀ ਕਿ ਪੰਜਾਬ ਸਰਕਾਰ ਹਨੀਪ੍ਰੀਤ ਨੂੰ ਹਿਫਾਜ਼ਤ ਦੇ ਰਹੀ ਸੀ, ਜਿਸ ਨੇ ਕਿ ਪੰਚਕੂਲਾ ਅਦਾਲਤ ਵਿਚ ਅੱਜ ਆਤਮ ਸਮਰਪਣ ਕੀਤਾ ਹੈ।