ਬਠਿੰਡਾ, 24 ਅਗਸਤ, 2017 : ਜ਼ਿਲੇ ਅੰਦਰ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ ਸਬੰਧੀ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਸਬੰਧੀ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਦੀਪਰਵਾ ਲਾਕਰਾ ਅਤੇ ਜ਼ਿਲਾ ਪੁਲਿਸ ਮੁੱਖੀ ਬਠਿੰਡਾ ਸ੍ਰੀ ਨਵੀਨ ਸਿੰਗਲਾ ਨੇ ਜ਼ਿਲਾ ਵਾਸੀਆਂ ਨੂੰ ਅਮਨ ਕਾਨੂੰਨ ਕਾਇਮ ਰੱਖਣ ਦੀ ਅਪੀਲ ਕੀਤੀ।
ਸ੍ਰੀ ਲਾਕਰਾ ਨੇ ਸਮੂਹ ਵਰਗਾਂ ਨੂੰ ਅਪੀਲ ਕੀਤੀ ਕਿ ਸੰਭਾਵੀ ਫੈਸਲੇ ਤੋਂ ਪਹਿਲਾਂ ਅਤੇ ਬਾਅਦ ਵਿਚ ਕਿਸੇ ਵੀ ਤਰਾਂ ਨਾਲ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਬਲਕਿ ਆਪਣਾ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾ ਸਕੇ।
ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਕਿਸੇ ਵੀ ਪ੍ਰਕਾਰ ਦੀ ਸਥਿਤੀ ਨੂੰ ਨਜਿਠੱਨ ਲਈ ਤਿਆਰ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪ੍ਰਕਾਰ ਦੀਆਂ ਅਫਵਾਹਾਂ ਤੋਂ ਬਚਨ ਅਤੇ ਸਦਭਾਵਨਾ ਦਾ ਮਾਹੌਲ ਕਾਇਮ ਰੱਖਣ। ਸ੍ਰੀ ਲਾਕਰਾ ਨੇ ਦੱਸਿਆ ਕਿ ਜ਼ਿਲੇ ਦੇ 39 ਅਫਸਰਾਂ ਨੂੰ ਡਿਊਟੀ ਮੈਜਿਸਟਰੇਟ ਵਜੋਂ ਵੱਖ-ਵੱਖ ਥਾਵਾਂ ਤੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲੇ ਵਿੱਚ 2 ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਜਿਨਾਂ ਦੇ ਫੋਨ ਨੰਬਰ 0164-2214006, 75080-18100, 98784-21400 ਅਤੇ ਫੈਕਸ ਨੰਬਰ 0164-2219300, 0164-2240935 ਹਨ। ਉਨਾਂ ਕਿਹਾ ਕਿ ਇਹ ਕੰਟਰੋਲ 24 ਘੰਟੇ ਕੰਮ ਕਰਨਗੇ। ਜ਼ਿਲਾ ਮਾਲ ਅਫਸਰ ਅਤੇ ਸਹਾਇਕ ਕਮਿਸ਼ਨਰ ਜਨਰਲ ਇਸ ਦੇ ਨੋਡਲ ਇੰਚਾਰਜ ਹੋਣਗੇ।
ਉਨਾਂ ਦੱਸਿਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਸਾਰੇੇ ਵਿਦਿਅਕ ਅਦਾਰਿਆਂ ਵਿੱਚ ਅਗਸਤ 25 ਅਤੇ ਅਗਸਤ 26 ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼੍ਰੀ ਲਾਕਰਾ ਨੇ ਕਿਹਾ ਕਿ ਸੰਭਾਵੀ ਹਾਲਾਤਾਂ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਵਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ 31 ਅਗਸਤ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ । ਜ਼ਿਲਾ ਸਿਹਤ ਵਿਭਾਗ ਨੂੰ ਐਮਰਜੈਂਸੀ ਵਿੱਚ ਦਵਾਈਆਂ ਅਤੇ ਐਂਬੂਲੈਂਸ ਦਾ ਸੁਚੱਜਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ। ਸਿਹਤ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਗਈਆ ਹਨ ਕਿ ਸਰਕਾਰੀ ਹਸਪਤਾਲਾਂ ਦੇ ਬਰਨ ਯੂਨਿਟਾਂ ਨੂੰ ਅਲਰਟ ਕਰ ਦਿੱਤਾ ਜਾਵੇ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਿਪਟਣ ਲਈ ਫਾਇਰ ਬ੍ਰਿਗੇਡ ਵਿਭਾਗ ਨੂੰ ਅੱਗ ਬੁਝਾਉ ਗੱਡੀਆਂ ਨੂੰ ਤਿਆਰ ਕਰਨ ਰੱਖਣ ਲਈ ਵੀ ਕਿਹਾ ਗਿਆ ਹੈ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲਾ ਮੁੱਖੀ ਬਠਿੰਡਾ ਸ੍ਰੀ ਨਵੀਨ ਸਿੰਗਲਾ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਜ਼ਿਲੇ ਵਿਚ ਪੈਰਾ ਮਿਲਟਰੀ ਦੀਆਂ 11 ਕੰਪਨੀਆਂ ਸਮੇਤ ਵੱਡੀ ਤਾਦਾਦ ਵਿੱਚ ਲੋੜ ਅਨੁਸਾਰ ਪੁਲਿਸ ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ । ਇਸ ਤੋਂ ਇਲਾਵਾ ਜ਼ਿਲਾ ਬਠਿੰਡਾ ਵਿੱਚ ਮੌਜੂਦ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰਾਂ ਉੱਤੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਜ਼ਿਲਾ ਪੁਲਿਸ ਅਤੇ ਸੁਰੱਖਿਆ ਬਲ ਵਲੋਂ ਜ਼ਿਲੇ ਅੰਦਰ ਫਲੈਗ ਮਾਰਚ ਵੀ ਕੀਤਾ ਗਿਆ ।
-ਜ਼ਿਲੇ ਵਿਚ ਧਾਰਾ 144 ਲਾਗੂ
ਵਧੀਕ ਜ਼ਿਲਾ ਮੈਜਿਸਟਰੇਟ ਡਾ. ਸ਼ੇਨਾ ਅਗਰਵਾਲ ਦੁਆਰਾ ਸੰਭਾਵੀ ਫੈਸਲੇ ਤੋਂ ਪਹਿਲਾਂ ਅਤੇ ਬਾਅਦ ਵਿਚ ਕਿਸੇ ਵੀ ਤਰਾਂ ਨਾਲ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਜ਼ਿਲੇ ਵਿਚ ਧਾਰਾ 144 ਲਾਗੂ ਕੀਤੀ ਗਈ ਹੈ । ਜਿਸ ਤਹਿਤ ਲਾਇਸੰਸੀ ਹਥਿਆਰ/ਨੰਗੀਆਂ ਤਲਵਾਰਾਂ ਅਤੇ ਕਿਸੇ ਵੀ ਤਰਾ ਤੇਜ਼ ਤਾਰ ਹਥਿਆਰ ਨਾਲ ਲੈ ਕੇ ਚੱਲਣ ਤੇ ਪੂਰਨ ਪਾਬੰਦੀ ਹੈ। ਇਹ ਪਾਬੰਦੀ 9 ਸਤੰਬਰ 2017 ਤੱਕ ਲਾਗੂ ਰਹੇਗੀ। ਇਸ ਤੋਂ ਇਲਾਵਾ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਆਦਿ 'ਤੇ ਹਥਿਆਰ/ਪਟਾਕੇ/ਆਤਿਸ਼ਬਾਜੀ ਆਦਿ ਚਲਾਉਣਾ ਅਤੇ ਜ਼ਿਲੇ ਦੇ ਹਦੂਦ ਅੰਦਰ ਸਾਰੇ ਮੈਰਿਜ ਪੇਲਸ ਹੋਟਲਾ ਵਿੱਚ ਆਰਮ ਫਾਇਰ ਦੀ ਵਰਤੋਂ 'ਤੇ ਪੂਰਨ ਪਾਬੰਦੀ ਹੈ। ਇਹ ਪਾਬੰਦੀ 5 ਸਤੰਬਰ 2017 ਤੱਕ ਲਾਗੂ ਰਹੇਗੀ। ਇਸੇ ਤਰਾਂ ਜਲੂਸ ਕੱਢਣ, ਨਾਅਰੇ ਲਗਾਉਣ, ਭੜਕਾਊ ਪ੍ਰਚਾਰ ਕਰਨ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ, ਗੰਡਾਸੇ, ਤੇਜ਼ਧਾਰ ਟਕੂਏ, ਕੁਲਹਾੜੀਆਂ, ਵਿਸਫੋਟਕ ਸਮੱਗਰੀ ਅਤੇ ਹੋਰ ਘਾਤਕ ਅਸਲਾ/ਹਥਿਆਰ, ਭਾਵੇਂ ਉਹ ਲਾਇਸੈਂਸੀ ਹੀ ਕਿਉਂ ਨਾ ਹੋਵੇ ਜਨਤਕ ਥਾਂਵਾਂ ਤੇ ਚੁੱਕ ਕੇ ਚੱਲਣ 'ਤੇ ਪੂਰਨ ਪਾਬੰਦੀ ਹੋਵੇਗੀ । ਇਹ ਪਾਬੰਦੀ 9 ਸਤੰਬਰ 2017 ਤੱਕ ਲਾਗੂ ਰਹੇਗੀ।
-ਪੈਟ੍ਰੋਲੀਅਮ ਪਦਾਰਥਾਂ ਦੀ ਖੁੱਲੀ ਵਿਕਰੀ ਤੇ ਰੋਕ
ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਇ ਸ਼੍ਰੀਮਤੀ ਸ਼ੇਨਾ ਅਗਰਵਾਲ ਵਧੀਕ ਜ਼ਿਲਾ ਮੈਜਿਸਟ੍ਰੈਟ, ਬਠਿੰਡਾ ਦੁਆਰਾ ਪੈਟ੍ਰੋਲ ਪੰਪ ਮਾਲਕਾਂ ਨੂੰ ਪਾਬੰਦ ਕੀਤਾ ਹੈ ਕਿ ਉਹ ਆਪਣੇ ਪੰਪਾਂ ਤੇ ਆਉਣ ਵਾਲੇ ਵਹਿਕਲਾਂ ਦੀਆਂ ਕੇਵਲ ਟੈਂਕੀਆਂ ਵਿਚ ਹੀ ਤੇਲ ਭਰਨ ਅਤੇ ਕੈਨੀਆਂ ਵਗੈਰਾ ਜਾਂ ਡਰੰਮਾਂ ਆਦਿ ਜਿੰਨਾਂ ਵਿਚ ਪੈਟ੍ਰੋਲਿਮ ਪਦਾਰਥ ਸਟੋਰ ਕੀਤੇ ਜਾ ਸਕਦੇ ਹੋਣ, ਵਿਚ ਪੈਟ੍ਰੋਲ ਡੀਜ਼ਲ ਨਾ ਭਰਿਆ ਜਾਵੇ। ਇਹ ਹੁਕਮ ਮਿਤੀ 24 ਅਗਸਤ 2017 ਤੋਂ 31 ਅਗਸਤ 2017 ਤੱਕ ਲਾਗੂ ਰਹੇਗਾ।
ਵਾਇਰਲੈਸ ਸੈਟ ਦੀ ਵਰਤੋਂ ਕਰਨ 'ਤੇ ਪਾਬੰਦੀ
ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੀਆਂ ਸ਼੍ਰੀਮਤੀ ਸ਼ੇਨਾ ਅਗਰਵਾਲ ਵਧੀਕ ਜ਼ਿਲਾ ਮੈਜਿਸਟ੍ਰੇਟ, ਬਠਿੰਡਾ ਜ਼ਿਲੇ ਦੇ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਬਠਿੰਡਾ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵਲੋਂ ਵਾਇਰਲੈਸ ਸੈਟ ਦੀ ਵਰਤੋਂ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਦੇ ਹੁਕਮ ਦਿੱਤੇ ਹਨ। ਇਹ ਹੁਕਮ ਪੰਜਾਬ ਪੁਲਿਸ, ਫੌਜ, ਪੰਜਾਬ ਹੋਮਗਾਰਡ, ਰੇਲਵੇ ਪੁਲਿਸ ਫੋਰਸ, ਐਨ.ਡੀ.ਆਰ.ਐਫ, ਸੀ. ਆਰ.ਪੀ. ਐਫ਼, ਹੋਰ ਫੋਰਸਜ਼ ਅਤੇ ਹੋਰ ਸਰਕਾਰੀ ਅਧਿਕਾਰੀ ਜੋ ਸਰਕਾਰੀ ਡਿਊਟੀ ਸਮੇਂ ਵਾਇਰਲੈਸ ਦੀ ਵਰਤੋਂ ਕਰਨਗੇ ਉਨਾਂ 'ਤੇ ਲਾਗੂ ਨਹੀਂ ਹੋਣਗੇ। ਇਹ ਹੁਕਮ ਮਿਤੀ 23 ਅਗਸਤ 2017 ਤੋਂ 31 ਅਗਸਤ 2017 ਤੱਕ ਲਾਗੂ ਰਹੇਗਾ।