ਵਿਜੇਪਾਲ ਬਰਾੜ
ਚੰਡੀਗੜ੍ਹ, 27 ਅਗਸਤ, 2017 : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਪੰਚਕੂਲਾ ਵਿੱਚ ਤਾਂ ਭਾਂਵੇ ਮਹੌਲ ਸ਼ਾਂਤ ਹੋ ਗਿਆ ਪਰ ਸਿਰਸਾ ਵਿੱਚ ਸਥਿਤੀ ਹਾਲੇ ਵੀ ਬੇਹਦ ਤਣਾਅਪੂਰਣ ਬਣੀ ਹੋਈ ਹੈ । ਅੱਜ ਫੇਰ ਸਿਰਸਾ ਵਿੱਚ ਕਵਰੇਜ ਕਰ ਰਹੇ ਨਿਊਜ 18 ਟੀਵੀ ਚੈਨਲ ਦੇ ਪੱਤਰਕਾਰ ਧਰਮਵੀਰ, ਕੈਮਰਾਮੈਨ ਸੁਨੀਲ ਤੇ ਡਰਾਇਵਰ ਤੇ ਡੇਰਾ ਸਮਰਥਕਾਂ ਵੱਲੋਂ ਗੱਡੀ ਦਾ ਪਿੱਛਾ ਕਰਕੇ ਹਮਲਾ ਕੀਤਾ ਗਿਆ, ਉਹਨਾਂ ਨਾਲ ਕੁੱਟਮਾਰ ਕੀਤੀ, ਕੈਮਰਾ ਤੋੜ ਦਿੱਤਾ ਗਿਆ ਤੇ ਹਮਲਾਵਰ ਚੈਨਲ ਦੀ ਗੱਡੀ ਖੋਹ ਕੇ ਫਰਾਰ ਹੋ ਗਏ, ਜਿਸਨੂੰ ਬਾਅਦ ਵਿੱਚ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ । ਹੈਰਾਨੀ ਦੀ ਗੱਲ ਿੲਹ ਹੈ ਕਿ ਿੲਹ ਸਭ ਕੁਝ ਹਰਿਆਣਾ ਪੁਲਿਸ ਦੇ ਸਾਹਮਣੇ ਵਾਪਰਿਆ ਤੇ ਬਾਅਦ ਵਿੱਚ ਮਿਲਟਰੀ ਨੇ ਆ ਕੇ ਪੱਤਰਕਾਰਾਂ ਨੂੰ ਬਚਾਇਆ ।
ਫਿਲਹਾਲ ਫੌਜ ਨੇ ਡੇਰਾ ਸੱਚਾ ਸੌਦਾ ਸਿਰਸਾ ਨੂੰ ਚਾਰੇ ਪਾਸੇ ਤੋਂ ਘੇਰਿਆ ਹੋਇਆ ਹੈ, ਪਰ ਹਾਲੇ ਤੱਕ ਫੌਜ ਡੇਰੇ ਦੇ ਅੰਦਰ ਦਾਖਿਲ ਨਹੀਂ ਹੋਈ ਹੈ । ਬਹੁਤ ਸਾਰੇ ਡੇਰਾ ਪ੍ਰੇਮੀ ਡੇਰੇ ਨੂੰ ਛੱਡ ਕੇ ਪਿਛਲੇ ਰਸਤਿਆਂ ਰਾਹੀ ਆਪਣੇ ਘਰਾਂ ਨੂੰ ਵਾਪਿਸ ਵੀ ਚਲੇ ਗਏ ਹਨ । ਡੇਰੇ ਦਾ ਬਿਜਲੀ ਪਾਣੀ ਕੱਟ ਦਿੱਤਾ ਗਿਆ ਹੈ, ਕਰਫਿਊ ਵਿੱਚ ਸਵੇਰੇ ਕੁਝ ਘੰਟਿਆਂ ਦੀ ਢਿੱਲ ਜਰੂਰ ਦਿੱਤੀ ਗਈ ਸੀ ਪਰ ਸਥਿਤੀ ਤਣਾਅਪੂਰਣ ਹੋਣ ਤੇ ਦੁਬਾਰਾ ਸਖਤੀ ਕਰ ਦਿੱਤੀ ਗਈ । ਗੌਰਤਲਬ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੀ ਸ਼ਨੀਵਾਰ ਨੂੰ ਡੇਰਾ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ ।