ਸੰਗਰੂਰ, 26 ਅਗਸਤ, 2017 : ਜ਼ਿਲ੍ਹਾ ਸੰਗਰੂਰ ਦੇ ਨਿਵਾਸੀਆਂ ਨੂੰ ਅਮਨ ਤੇ ਸ਼ਾਂਤੀ ਦਾ ਸੁਨੇਹਾ ਦੇਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਪੁਲਿਸ ਵੱਲੋਂ 'ਪੀਸ ਐਂਡ ਹਾਰਮਨੀ ਰੋਡ ਰੈਲੀ' ਦੇ ਨਾਂ ਹੇਠ ਸਾਈਕਲ ਰੈਲੀ ਕੀਤੀ ਗਈ ਜਿਸ ਦਾ ਆਗਾਜ਼ ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਮਹਾਂਵੀਰ ਚੌਂਕ ਤੋਂ ਕੀਤਾ। ਇਹ ਸਾਈਕਲ ਰੈਲੀ ਸੰਗਰੂਰ ਸ਼ਹਿਰ ਦੇ ਬਾਜ਼ਾਰਾਂ ਅਤੇ ਵੱਖ-ਵੱਖ ਪਿੰਡਾਂ ਰਾਹੀਂ ਲਗਭਗ 16 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਮਗਰੋਂ ਸੁਨਾਮ ਵਿਖੇ ਜਾ ਕੇ ਸਮਾਪਤ ਹੋਈ।
ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਸੰਗਰੂਰ ਵਿੱਚ ਕੀਤੇ ਗਏ ਮਿਆਰੀ ਪੁਲਿਸ-ਪ੍ਰਸ਼ਾਸਨਿਕ ਪ੍ਰਬੰਧਾਂ ਦੇ ਚਲਦਿਆਂ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਮਾੜੇ ਅਨਸਰਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਇਸ ਲਈ ਲੋਕ ਵੀ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਆਪਣੇ ਆਲੇ-ਦੁਆਲੇ ਪੂਰੀ ਚੌਕਸੀ ਰੱਖਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ ਤੇ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਐਸ.ਐਸ.ਪੀ ਸ਼੍ਰੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਾਈਕਲ ਰੈਲੀ ਦਾ ਮੰਤਵ ਲੋਕਾਂ ਵਿੱਚ ਇਹ ਸੁਨੇਹਾ ਦੇਣਾ ਹੈ ਕਿ ਅਮਨ ਅਤੇ ਕਾਨੂੰਨ ਦੀ ਰਾਖੀ ਲਈ ਪੁਲਿਸ ਤੇ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਲੋਕਾਂ ਨੂੰ ਵੀ ਸਹਿਯੋਗ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਭਾਈਚਾਰਕ ਸਾਂਝ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ ਬਲਕਿ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਸਾਈਕਲ ਰੈਲੀ ਵਿੱਚ ਸੰਗਰੂਰ ਸਾਈਕਲ ਕਲੱਬ ਦੇ ਅਹੁਦੇਦਾਰ ਤੇ ਮੈਂਬਰ, ਇੰਡੀਅਨ ਮੈਡੀਕਲ ਐਸੋ: ਸਮੇਤ ਹੋਰ ਸਮਾਜ ਸੇਵੀ ਸੰਗਠਨਾਂ ਨੇ ਵੀ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਣਯੋਗ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜ਼ਿਲ੍ਹਾ ਸੰਗਰੂਰ 'ਚ ਕੁਝ ਕੁ ਥਾਂਵਾਂ 'ਤੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲੇ ਮਾੜੇ ਅਨਸਰਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ ਅਤੇ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਲੰਘੀ ਅਤੇ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੂੰ ਅਮਨ ਤੇ ਸ਼ਾਂਤੀ ਦਾ ਸੁਨੇਹਾ ਦਿੱਤਾ। ਇਸ ਰੈਲੀ ਦੌਰਾਨ ਐਸ.ਡੀ.ਐਮ ਅਵਿਕੇਸ਼ ਗੁਪਤਾ, ਡੀ.ਐਸ.ਪੀ ਸੰਦੀਪ ਵਡੇਰਾ, ਸਹਾਇਕ ਕਮਿਸ਼ਨਰ ਦੀਪਜੋਤ ਕੌਰ ਅਤੇ ਪੰਜਾਬ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੇ ਜਵਾਨ ਵੀ ਹਾਜ਼ਰ ਸਨ।