ਰੋਹਤਕ, 1 ਸਤੰਬਰ, 2017 : ਰੋਹਤਕ ਦੀ ਸੁਨਾਰਿਆ ਜੇਲ੍ਹ ਤੋਂ ਜ਼ਮਾਨਤ 'ਤੇ ਆਏ ਡਾ. ਸਵਦੇਸ਼ ਕਿਰਾੜ ਨੇ ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਬਾਰੇ ਅੱਖੀਂ ਦੇਖਿਆ ਹਾਲ ਦੱਸਦਿਆਂ ਕਿਹਾ ਕਿ ਰਾਮ ਰਹੀਮ ਦੇ ਰੋਹਤਕ ਜੇਲ੍ਹ ਪੁੱਜਦੇ ਹੀ ਹੋਰ ਕੈਦੀਆਂ ਦਾ ਜਿਉਂਣਾ ਹਰਾਮ ਹੋ ਗਿਆ ਹੈ। ਕੈਦੀਆਂ ਨੂੰ ਨਾ ਹੀ ਘੁੰਮਣ ਅਤੇ ਨਾ ਹੀ ਫੋਨ ਕਰਨ ਦਿੱਤਾ ਜਾ ਰਿਹਾ ਹੈ। ਕੈਦੀਆਂ ਨੂੰ ਪੇਸ਼ੀ ਲਈ ਵੀ ਨਹੀਂ ਲਿਜਾਇਆ ਜਾ ਰਿਹਾ। ਰਾਮ ਰਹੀਮ ਵੀ ਜੇਲ੍ਹ ਪੁੱਜਣ ਤੋਂ ਬਾਅਦ ਬੇਚੈਨ ਹਨ। ਕਿਰਾੜ ਜੇਲ੍ਹ 'ਚ ਪਿਛਲੇ 9 ਮਹੀਨੇ ਤੋਂ ਬੰਦ ਸੀ ਅਤੇ 29 ਅਗਸਤ ਨੂੰ ਜ਼ਮਾਨਤ 'ਤੇ ਰਿਹਾਅ ਹੋਇਆ ਹੈ।
ਸਵਦੇਸ਼ ਕਿਰਾੜ ਨੇ ਦੱਸਿਆ ਕਿ ਉਹ ਜਿਸ ਬੈਰੇਕ 'ਚ ਬੰਦ ਸੀ, ਉਸੇ ਨਾਲ ਲੱਗਦੀ ਸੈੱਲ 'ਚ ਰਾਮ ਰਹੀਮ ਨੂੰ ਰੱਖਿਆ ਗਿਆ ਹੈ। ਜੇਲ੍ਹ 'ਚ ਆਉਣ ਦੇ ਬਾਅਦ ਤੋਂ ਰਾਮ ਰਹੀਮ ਬਹੁਤ ਬੇਚੈਨ ਹੈ। ਇਹੀ ਨਹੀਂ ਉਹ ਖਾਣਾ ਵੀ ਬਹੁਤ ਘੱਟ ਖਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਦਿਨ ਉਸ ਨੂੰ ਸਜ਼ਾ ਸੁਣਾਈ, ਉਸ ਦਿਨ ਤਾਂ ਉਸ ਦੀ ਹਾਲਤ ਇੰਨੀ ਖਰਾਬ ਸੀ ਕਿ ਜੇਲ੍ਹ ਦੇ ਕਰਮਚਾਰੀ ਸੈੱਲ ਤੱਕ ਉਸ ਨੂੰ ਫੜ ਕੇ ਲਿਆਏ ਸਨ। ਉਸ ਨੂੰ 2 ਨੰਬਰਦਾਰ ਦਿੱਤੇ ਗਏ ਹਨ ਅਤੇ ਸੈੱਲ 'ਚ ਇਕੱਲੇ ਹੀ ਰੱਖਿਆ ਗਿਆ ਹੈ। ਉਸ ਨੇ ਦੱਸਿਆ ਕਿ ਜੇਲ ਮਨੁਅਲ ਅਨੁਸਾਰ ਹੀ ਉਸ ਨਾਲ ਵਤੀਰਾ ਕੀਤਾ ਜਾ ਰਿਹਾ ਹੈ।
ਕਿਰਾੜ ਨੇ ਦੱਸਿਆ ਕਿ ਜਿਸ 25 ਅਗਸਤ ਨੂੰ ਜਦੋਂ ਜੇਲ੍ਹ 'ਚ ਰਾਮ ਰਹੀਮ ਨੂੰ ਲਿਆਂਦਾ ਗਿਆ ਤਾਂ ਇਕ ਦਮ ਜੇਲ੍ਹ ਦੇ ਹਾਲਾਤ ਬਦਲ ਗਏ ਅਤੇ 25 ਤੇ 29 ਅਗਸਤ ਤੱਕ ਕਿਸੇ ਵੀ ਕੈਦੀ ਨੂੰ ਬੈਰੇਕ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ, ਨਾ ਹੀ ਕਿਸੇ ਕੈਦੀ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਗੱਲ ਕਰਨ ਦਿੱਤੀ ਗਈ। ਇਹੀ ਨਹੀਂ ਇਨ੍ਹਾਂ 5 ਦਿਨਾਂ 'ਚ ਤਾਂ ਕਿਸੇ ਵੀ ਕੈਦੀ ਨੂੰ ਪੇਸ਼ੀ 'ਤੇ ਨਹੀਂ ਲਿਜਾਇਆ ਗਿਆ। ਜਿਸ ਕਾਰਨ ਜਿਨ੍ਹਾਂ ਲੋਕਾਂ ਦੀ ਸੁਣਵਾਈ ਹੋਣੀ ਸੀ, ਉਨ੍ਹਾਂ ਦੀ ਤਾਰੀਕ ਅਦਾਲਤ ਨੇ ਅੱਗੇ ਵਧਾ ਦਿੱਤੀ ਹੈ। ਉਸ ਦੀ ਜ਼ਮਾਨਤ 24 ਅਗਸਤ ਨੂੰ ਹੋ ਗਈ ਸੀ ਪਰ ਉਹ 29 ਅਗਸਤ ਨੂੰ ਜੇਲ ਤੋਂ ਰਿਹਾਅ ਹੋ ਸਕਿਆ।