ਅਣਪਛਾਤੀ ਟਵੇਰਾ ਗੱਡੀ ਦੇ ਡਰਾਇਵਰ ਨੇ ਸਾਈਕਲ ਨੂੰ ਮਾਰੀ ਟੱਕਰ
ਇਲਾਜ਼ ਦੌਰਾਨ ਪਟਿਆਲਾ ਹਸਪਤਾਲ ਚ,ਜਿੰਦਗੀ ਦੀ ਜੰਗ ਹਾਰਿਆ ,,ਗੁਰੀ,,
ਹਰਿੰਦਰ ਨਿੱਕਾ
ਬਰਨਾਲਾ 27 ਜੁਲਾਈ 2020: 45 ਕੁ ਵਰ੍ਹਿਆਂ ਨੂੰ ਢੁੱਕਿਆ ਸੁਖਦੇਵ ਸਿੰਘ ਉਰਫ ਗੁਰੀ ਆਪਣੇ ਘਰ ਤੋਂ ਰੋਜਾਨਾ ਦੀ ਤਰਾਂ ਪਰਿਵਾਰ ਦੀ ਦੋ ਡੰਗ ਦੀ ਰੋਟੀ ਦੇ ਜੁਗਾੜ ਲਈ ਮਜਦੂਰੀ ਲੱਭਣ ਲਈ ਆਪਣੇ ਪਿੰਡ ਵਜੀਦਕੇ ਕਲਾਂ ਤੋਂ ਸਾਇਕਲ ਤੇ ਬਰਨਾਲਾ ਪਹੁੰਚਿਆ। ਪਰੰਤੂ ਸ਼ਾਮ ਨੂੰ ਵਾਪਿਸ ਮੁੜਦੇ ਹੋਇਆ ਉਸ ਨੂੰ ਇੱਕ ਟਵੇਰਾ ਗੱਡੀ ਦੇ ਡਰਾਈਵਰ ਨੇ ਟੱਕਰ ਮਾਰ ਦਿੱਤੀ। ਫਿਰ ਉਹ ਆਪ ਤਾਂ ਨਹੀਂ, ਪਰ ਉਸ ਦੀ ਲਾਸ਼ ਹੀ ਘਰ ਪਹੁੰਚੀ। ਇਸ ਦੁਰਘਟਨਾ ਨਾਲ ਗੁਰੀ ਦੀ ਮੌਤ ਹੀ ਨਹੀਂ, ਉਹਦੇ ਤੇ ਆਸ਼ਰਿਤ ਪਰਿਵਾਰ ਦੇ ਸਪਨੇ ਵੀ ਚੂਰ ਚੂਰ ਹੋ ਗਏ। ਹੁਣ ਪਰਿਵਾਰ ਦਾ ਗੁਜਾਰਾ ਚਲਾਉਣ ਵਾਲਾ ਉਸ ਦੇ ਪਰਿਵਾਰ ਚ, ਕੋਈ ਹੋਰ ਕਮਾਊ ਨਹੀਂ ਰਿਹਾ। ਇਹ ਹਾਦਸਾ 25 ਜੁਲਾਈ ਦੀ ਸ਼ਾਮ ਨੂੰ ਪਿੰਡ ਠੀਕਰੀਵਾਲਾ ਕੋਲ ਵਾਪਰਿਆ, ਤੇ ਹਰਿਆਣਾ ਨੰਬਰ ਦੀ ਗੱਡੀ ਦਾ ਡਰਾਇਵਰ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਨੂੰ ਲੱਭਣਾ ਹੁਣ ਪੁਲਿਸ ਦੇ ਹੱਥ ਰਹਿ ਗਿਆ ਹੈ ਕਿ ਆਖਿਰ ਉਹ ਦੋਸ਼ੀ ਨੂੰ ਕਦੋਂ ਤੱਕ ਗਿਰਫਤਾਰ ਕਰਕੇ ਕਟਹਿਰੇ ਵਿੱਚ ਖੜ੍ਹਾ ਕਰੇਗੀ।
-ਅਸੀਂ ਦੋਵੇਂ ਭਰਾ ਆਪੋ ਆਪਣੇ ਸਾਇਕਲ ਤੇ ਜਾ ਰਹੇ ਸੀ,,
ਮੱਘਰ ਸਿੰਘ ਪੁੱਤਰ ਕਰਨੈਲ ਸਿੰਘ ਨਿਵਾਸੀ ਵਜੀਦਕੇ ਕਲਾਂ ਨੇ ਦੱਸਿਆ ਕਿ ਉਹ ਤੇ ਉਸ ਦਾ ਛੋਟਾ ਭਰਾ ਸੁਖਦੇਵ ਸਿੰਘ ਗੁਰੀ ਰੋਜ ਦੀ ਤਰਾਂ ਪਿੰਡ ਤੋਂ ਮਜਦੂਰੀ ਦੀ ਭਾਲ ਵਿੱਚ ਬਰਨਾਲਾ ਦੇ ਲੇਬਰ ਚੌਂਕ ਚ, ਪਹੁੰਚੇ। ਜਦੋਂ ਮਜਦੂਰੀ ਕਰਕੇ ਵਾਪਿਸ ਘਰ ਨੂੰ ਮੁੜ ਰਹੇ ਸੀ ਤਾਂ ਪਿੰਡ ਠੀਕਰੀਵਾਲਾ ਕੋਲ ਹਰਿਆਣਾ ਨੰਬਰ HR-67- 3476 ਦੀ ਚਿੱਟੇ ਰੰਗ ਦੀ ਟਵੇਰਾ ਗੱਡੀ ਨੇ ਡਰਾਇਵਰ ਨੇ ਬਹੁਤ ਹੀ ਲਾਪਰਵਾਹੀ ਤੇ ਤੇਜ਼ ਰਫਤਾਰ ਨਾਲ ਸੁਖਦੇਵ ਦੇ ਸਾਇਕਲ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਚ, ਉਹ ਗੰਭੀਰ ਰੂਪ ਚ, ਜਖਮੀ ਹੋ ਗਿਆ। ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ। ਪਰੰਤੂ ਅਤੀ ਨਾਜੁਕ ਹਾਲਤ ਦੇ ਚੱਲਦਿਆਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ, ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਹੀ 26 ਜੁਲਾਈ ਨੂੰ ਉਹ ਜਿੰਦਗੀ ਲਈ ਮੌਤ ਨਾਲ ਲੜਦਾ ਜੰਗ ਹਾਰ ਗਿਆ। ਉਨਾਂ ਦੱਸਿਆ ਕਿ ਸੁਖਦੇਵ ਦੀ ਪਤਨੀ ਤੋਂ ਇਲਾਵਾ 3 ਛੋਟੇ ਛੋਟੇ ਵੀ ਬੱਚੇ ਹਨ। ਇੱਕ ਵੱਡੀ ਕੁੜੀ ਦਾ ਕੁਝ ਸਮਾਂ ਪਹਿਲਾਂ ਵਿਆਹ ਕਰ ਦਿੱਤਾ ਸੀ। ਹੁਣ ਉਸ ਦੇ ਘਰ ਚ, ਕੋਈ ਹੋਰ ਕਮਾਉ ਬੰਦਾ ਵੀ ਨਹੀਂ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਏਐਸਆਈ ਜਰਨੈਲ ਸਿੰਘ ਦੀ ਅਗਵਾਈ ਚ, ਪੁਲਿਸ ਪਾਰਟੀ ਵੀ ਪਹੁੰਚ ਗਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨ ਦੇ ਅਧਾਰ ਦੇ ਟਵੇਰਾ ਗੱਡੀ ਦੇ ਅਣਪਛਾਤੇ ਡਰਾਇਵਰ ਦੇ ਖਿਲਾਫ ਅਧੀਨ ਜੁਰਮ 279/304 A .IPC ਦੇ ਤਹਿਤ ਕੇਸ ਦਰਜ਼ ਕਰਕੇ ਦੋਸ਼ੀ ਡਰਾਇਵਰ ਤੇ ਟਵੇਰਾ ਗੱਡੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਵਿੰਦਰ ਕੌਰ ਨੇ ਹੰਝੂ ਭਰੀਆਂ ਅੱਖਾਂ ਨਾਲ ਪਰਿਵਾਰ ਦੀ ਦਾਸਤਾਂ ਸਾਂਝੀ ਕਰਦਿਆਂ ਕਿਹਾ ਕਿ ਸਿਰਫ ਮੇਰੇ ਪਤੀ ਤੇ ਹੀ ਪੂਰੇ ਟੱਬਰ ਦਾ ਗੁਜਾਰਾ ਨਿਰਭਰ ਸੀ, ਉਹ ਕਮਾ ਕੇ ਲਿਆਉਂਦਾ ਸੀ ਤਾਂ ਘਰ ਦਾ ਚੱਲ੍ਹਾ ਚੱਲਦਾ ਸੀ। ਪਰ ਹੁਣ ਕੀ ਬਣੂ, ਇਹ ਕਹਿ ਕੇ ਹੀ ਡੂੰਘੀਆਂ ਸੋਚਾਂ ਚ, ਘਿਰ ਕੇ ਚੁੱਪ ਹੋ ਗਈ। ਇਸ ਮੌਕੇ ਮੌਜੂਦ ਪਿੰਡ ਵਾਸੀ ਅਤੇ ਸਮਾਜ ਸੇਵੀ ਚਿੰਤਕ ਮਾਸਟਰ ਜਸਵੀਰ ਸਿੰਘ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਬੇਹੱਦ ਗਰੀਬ ਤੇ ਜਰੂਰਤਮੰਦ ਪਰਿਵਾਰ ਤੇ ਅਚਾਣਕ ਟੁੱਟੇ ਦੁੱਖਾਂ ਦੇ ਪਹਾੜ ਸਮੇਂ ਆਰਥਿਕ ਮੱਦਦ ਲਈ ਅੱਗੇ ਆ ਕੇ ਪਰਿਵਾਰ ਨੂੰ ਭੁੱਖਮਰੀ ਤੋਂ ਬਚਾਉਣ ਦਾ ਹਰ ਸੰਭਵ ਉਪਰਾਲਾ ਕਰੇ।
-ਟਵੇਰਾ ਗੱਡੀ ਦਾ ਮਾਲਿਕ ਕੌਣ ?
ਬਰਨਾਲਾ ਟੂਡੇ ਦੁਆਰਾ ਕੀਤੀ ਪੜਤਾਲ ਤੋਂ ਪਤਾ ਲੱਗਿਆ ਕਿ HR-67- 3476 ਟਵੇਰਾ ਗੱਡੀ ਦੀ ਰਜਿਸਟ੍ਰੇਸ਼ਨ ਅਨੁਸਾਰ ਉਸ ਦਾ ਮਾਲਿਕ ਸੱਤ ਪਾਲ ਹੈ, ਗੱਡੀ ਦੀ ਰਜਿਸਟ੍ਰੇਸ਼ਨ ਪਾਣੀਪਤ ਤੋਂ ਹੋਈ ਹੈ। ਹੁਣ ਤਫਤੀਸ਼ ਦੇ ਗੱਡੀ ਅਤੇ ਡਰਾਇਵਰ ਦੀ ਤਲਾਸ਼ ਦੀ ਗੇਂਦ ਤਫਤੀਸ਼ ਅਧਿਕਾਰੀ ਦੇ ਪਾਲੇ ਵਿੱਚ ਹੈ ਕਿ ਉਹ ਕਿੰਨ੍ਹਾਂ ਛੇਤੀ ਗੱਡੀ ਨੂੰ ਬਰਾਮਦ ਕਰਕੇ ਦੋਸ਼ੀ ਡਰਾਇਵਰ ਨੂੰ ਗਿਰਫਤਾਰ ਕਰ ਲੈਂਦਾ ਹੈ।