ਭਰਤੀ ਪ੍ਰੀਕਿਰਿਆ ਦੌਰਾਨ ਬਹੁਕੌਮੀ ਕੰਪਨੀਆਂ ਦੀ ਗਿਣਤੀ 100 ਤੋਂ ਵੀ ਪਾਰ
ਇੰਜੀਨੀਅਰਿੰਗ ਖੇਤਰ ਦੇ ਵਿਦਿਆਰਥੀ ਨੂੰ 35 ਲੱਖ ਦੇ ਸਾਲਾਨਾ ਉਚ ਤਨਖ਼ਾਹ ਪੈਕੇਜ ਦੀ ਮਿਲੀ ਪੇਸ਼ਕਸ਼
ਕੋਰੋਨਾ ਸੰਕਟ ਦੇ ਬਾਵਜੂਦ ਵਿਦਿਆਰਥੀਆਂ ਦੀ ਪਲੇਸਮੈਂਟ ਵਾਸਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ 100 ਕੰਪਨੀਆਂ ਦੀ ਭਰਤੀ ਪ੍ਰੀਕਿਰਿਆ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ। ਵੱਖ-ਵੱਖ ਖੇਤਰ ਦੀਆਂ ਬਹੁਕੌਮੀ ਕੰਪਨੀਆਂ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਬੈਚ 2020-2021 ਦੇ ਵਿਦਿਆਰਥੀਆਂ ਦੀ ਪਲੇਸਮੈਂਟ ਵਾਸਤੇ ਭਰਤੀ ਪ੍ਰੀਕਿਰਿਆ ਆਨਲਾਈਨ ਹੀ ਮੁਕੰਮਲ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਨਾਲ ਰੋਜ਼ਗਾਰ ਦੀ ਵਚਨਬੱਧਤਾ ਪੂਰੀ ਕਰਨ ਵਾਸਤੇ ਸਿਰਤੋੜ ਯਤਨ ਕੀਤੇ ਗਏ।ਜਿਸ ਦੀ ਬਦੌਲਤ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਆਨਲਾਈਨ ਭਰਤੀ ਪ੍ਰੀਕਿਰਿਆ ਸ਼ੁਰੂ ਕੀਤੀ ਅਤੇ ਅੱਜ ਇਨ੍ਹਾਂ ਕੰਪਨੀਆਂ ਦੀ ਗਿਣਤੀ 100 ਤੋਂ ਪਾਰ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਭਰਤੀ ਪ੍ਰੀਕਿਰਿਆ ਦੌਰਾਨ ਬੈਚ 2020-2021 ਦੇ ਸੈਕੜੇ ਹੀ ਵਿਦਿਆਰਥੀਆਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਇੰਜੀਨੀਅਰਿੰਗ ਖੇਤਰ ਦੇ ਵਿਦਿਆਰਥੀ ਨੂੰ 35 ਲੱਖ ਸਾਲਾਨਾ ਦੇ ਉਚ ਤਨਖ਼ਾਹ ਦੀ ਪੇਸ਼ਕਸ਼ ਪ੍ਰਾਪਤ ਹੋਈ ਹੈ ਜੋ ਸੰਸਥਾ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਨਾਲ ਵਾਈਸ ਪ੍ਰੈਜ਼ੀਡੈਂਟ, ਕਾਰਪੋਰੇਟ ਰਿਲੇਸ਼ਨ ਪ੍ਰੋ. ਹਿਮਾਨੀ ਸੂਦ ਵੀ ਵਿਸੇਸ਼ ਤੌਰ 'ਤੇ ਹਾਜ਼ਰ ਸਨ।
ਸ. ਸੰਧੂ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਦੁਨੀਆਂ ਤੇ ਭਾਰਤ ਦੀ ਚੋਟੀ ਦੀਆਂ ਕੰਪਨੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ 'ਚ ਟਾੱਪ ਬ੍ਰਾਂਡ ਗੂਗਲ, ਐਮਾਜ਼ੋਨ, ਅਰਸੇਸੀਅਮ ਇੰਡੀਆ, ਆਈ.ਬੀ.ਐਮ, ਕੁਆਲਕਾੱਮ, ਫੋਨਪੇਅ, ਨਿਊਟੈਨਿਕਸ ਇੰਡੀਆ, ਬੋਇੰਗ ਇੰਟਰਨੈਸ਼ਨਲ, ਡੀਲੋਇਟ, ਕੈਸਲ ਟੈਕਨਾਲੋਜੀ, ਅਮਰੀਕਨ ਐਕਸਪ੍ਰੈਸ, ਹੈਸ਼ਇਡਨ ਟੈਕਨਾਲੋਜੀ, ਵਾਲਮਾਰਟ, ਕਲਿੱਕਲੈਬਜ਼, ਸਿਸਕੋ, ਜਸਪੇਅ, ਇਨਫੋਸਿਸ, ਟੈਕ ਸਿਸਟਮ, ਸਿੰਕਸੋਰਟ ਆਦਿ ਪ੍ਰਮੁੱਖ ਅਦਾਰਿਆਂ ਦੇ ਨਾਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਬੈਚਾਂ ਦੀ ਪਲੇਸਮੈਂਟ ਲਈ 57 ਨਵੇਂ ਅਦਾਰੇ 'ਵਰਸਿਟੀ ਨਾਲ ਜੁੜੇ ਹਨ। ਉਨ੍ਹਾਂ ਦੱਸਿਆ ਕਿ ਬੈਚ 2020-21 ਦੀ ਭਰਤੀ ਪ੍ਰੀਕਿਰਿਆ ਲਈ 119 ਕੰਪਨੀਆਂ ਨੇ ਵੱਖ-ਵੱਖ ਵਰਚੁਅਲ ਪਲੇਸਮੈਂਟ ਡਰਾਇਵਾਂ 'ਚ ਸ਼ਿਰਕਤ ਕੀਤੀ। ਚੋਟੀ ਦੇ ਅਦਾਰਿਆਂ ਵੱਲੋਂ 'ਵਰਸਿਟੀ ਦੇ ਕੁੱਲ 362 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ, ਜਿਨ੍ਹਾਂ ਵਿਚੋਂ 2020 ਬੈਚ ਦੇ 302 ਅਤੇ ਬੈਚ-2021 ਦੇ 60 ਵਿਦਿਆਰਥੀ ਸਨ।
ਸ. ਸੰਧੂ ਨੇ ਦੱਸਿਆ ਕਿ ਬਹੁਕੌਮੀ ਕੰਪਨੀਆਂ ਵੱਲੋਂ ਬੈਚ 2020-21 ਦੇ 8 ਵਿਦਿਆਰਥੀਆਂ ਨੂੰ 25 ਤੋਂ ਵੱਧ, 4 ਵਿਦਿਆਰਥੀਆਂ ਨੂੰ 20-25 ਲੱਖ, 12 ਵਿਦਿਆਰਥੀਆਂ ਨੂੰ 15-20 ਲੱਖ, 23 ਵਿਦਿਆਰਥੀਆਂ ਨੂੰ 10-15 ਲੱਖ ਅਤੇ 114 ਵਿਦਿਆਰਥੀਆਂ ਨੂੰ 5-10 ਲੱਖ ਸਾਲਾਨਾ ਤਨਖ਼ਾਹ ਦੀ ਪੇਸ਼ਕਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ 2020 ਬੈਚ ਦੇ ਵਿਦਿਆਰਥੀਆਂ ਨੂੰ 3.53 ਲੱਖ ਅਤੇ 2021 ਬੈਚ ਦੇ ਵਿਦਿਆਰਥੀਆਂ ਨੂੰ 7.22 ਲੱਖ ਸਾਲਾਨਾ ਤਨਖ਼ਾਹ ਦੇ ਐਵਰੇਜ਼ ਪੈਕੇਜ਼ ਦੀ ਪੇਸ਼ਕਸ਼ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ 7.89 ਲੱਖ ਅਤੇ ਐਮ.ਬੀ.ਏ ਦੇ ਵਿਦਿਆਰਥੀਆਂ ਨੂੰ 7 ਲੱਖ ਸਾਲਾਨਾ ਤੱਕ ਦਾ ਐਵਰੇਜ਼ ਪੈਕੇਜ਼ ਮਿਲਿਆ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਸਮੇਂ ਵਿੱਚ ਵੀ ਭਰਤੀ ਪ੍ਰੀਕਿਰਿਆ ਦੌਰਾਨ ਲਗਪਗ ਸਾਰੇ ਖੇਤਰਾਂ ਨੂੰ ਸਫ਼ਲਤਾਪੂਰਵਕ ਕਵਰ ਕੀਤਾ ਗਿਆ ਹੈ। ਜਿਸ ਅਧੀਨ ਆਈ.ਟੀ, ਇੰਜੀਨੀਅਰਿੰਗ, ਕੋਰ, ਮੈਨੂਫੈਕਚਰਿੰਗ, ਈ-ਕਮਰਸ, ਐਜੂਟੈਕ, ਫਾਰਮਾ, ਬਾਇਓਟੈਕ, ਹੈਲਥਕੇਅਰ, ਆਟੋ, ਸਾਫ਼ਟਵੇਅਰ ਪ੍ਰੋਡਕਟ, ਕੈਮੀਕਲ, ਪ੍ਰਿੰਟ ਅਤੇ ਡਿਜੀਟਲ ਮੀਡੀਆ, ਟੈਲੀਕਾੱਮ ਆਦਿ ਖੇਤਰਾਂ ਨਾਲ ਸਬੰਧਿਤ ਅਦਾਰਿਆਂ ਵੱਲੋਂ 'ਵਰਸਿਟੀ ਦੇ ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਵੱਲੋਂ ਆਨਲਾਈਨ ਪੱਧਰ 'ਤੇ ਹਾਲੇ ਵੀ ਭਰਤੀ ਪ੍ਰੀਕਿਰਿਆ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਰਹਿੰਦੇ ਵਿਦਿਆਰਥੀਆਂ ਨੂੰ ਜਲਦ ਨਿਯੁਕਤੀ ਪੱਤਰ ਸੌਂਪੇ ਜਾਣਗੇ। ਉਨ੍ਹਾਂ ਕਿਹਾ ਕਿ 2020 ਬੈਚ ਦੇ ਲਈ ਭਰਤੀ ਪ੍ਰੀਕਿਰਿਆ 'ਚ ਪਹੁੰਚਣ ਵਾਲੀਆਂ ਕੰਪਨੀਆਂ ਦੀ ਗਿਣਤੀ 691 ਦੇ ਅੰਕੜਿਆਂ ਤੱਕ ਪਹੁੰਚ ਗਈ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 30 ਫ਼ੀਸਦੀ ਜ਼ਿਆਦਾ ਹੈ ਅਤੇ ਕੰਪਨੀਆਂ ਵੱਲੋਂ ਕੀਤੀਆਂ ਜਾਂਦੀਆਂ ਪੇਸ਼ਕਸ਼ਾਂ ਦੀ ਗਿਣਤੀ ਪਿਛਲੇ ਸਾਲ ਨਾਲੋ ਵੱਧ ਕੇ 6617 ਤੱਕ ਪਹੁੰਚ ਗਈ ਹੈ।
ਸ. ਸੰਧੂ ਨੇ ਕਿਹਾ ਕਿ ਕੋਵਿਡ-19 ਨੇ ਜਿਥੇ ਹਰ ਪੱਧਰ 'ਤੇ ਤਬਦੀਲੀਆਂ ਪੈਦਾ ਕੀਤੀਆਂ ਹਨ ਉਥੇ ਹੀ ਨੌਕਰੀਦਾਤਾਵਾਂ ਵੱਲੋਂ ਵਿਦਿਆਰਥੀ ਪਲੇਸਮੈਂਟ ਦੀ ਵਿਧੀ 'ਚ ਤਬਦੀਲੀ ਕਰਦਿਆਂ ਪ੍ਰਣਾਲੀ ਨੂੰ ਆਨਲਾਈਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 'ਵਰਸਿਟੀ ਵੱਲੋਂ ਵਿਦਿਆਰਥੀ ਪਲੇਸਮੈਂਟ ਦੀ ਵਿਧੀ ਨੂੰ ਆਨਲਾਈਨ ਪਲੇਟਫਾਰਮ 'ਤੇ ਲਿਆਂਦਾ ਗਿਆ ਹੈ।ਕੰਪਨੀਆਂ ਵੱਲੋਂ ਪਲੇਸਮਂੈਟ ਲਈ ਵਰਤੀ ਜਾਂਦੀ ਵਿਧੀ ਸਬੰਧੀ ਜਾਣਕਾਰੀ ਦਿੰਦਿਆ ਸ. ਸੰਧੂ ਨੇ ਦੱਸਿਆ ਕਿ ਕੰਪਨੀਆਂ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਤੋਂ ਪਲੇਸਮੈਂਟ ਦੀ ਪ੍ਰੀਕਿਰਿਆ ਆਰੰਭੀ ਜਾਂਦੀ ਹੈ ਅਤੇ ਆਨਲਾਈਨ ਟੈਸਟ, ਹੈਕਾਥਨ, ਵਰਚੁਅਲ ਪੀ.ਪੀ.ਟੀ, ਟੈਕਨੀਕਲ ਟੈਸਟ, ਪ੍ਰੋਗਰਾਮਿੰਗ ਟੈਸਟ, ਗਰੁੱਪ ਡਿਸ਼ਕਸ਼ਨ, ਟੈਕਨੀਕਲ ਇੰਟਰਵਿਊ ਅਤੇ ਐਚ.ਆਰ ਇੰਟਰਵਿਊ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇੰਟਰਵਿਯੂ ਦੀ ਪ੍ਰੀਕਿਰਿਆ ਜ਼ੂਮ ਐਪ, ਟੀਮ, ਵੈਬੈਕਸ ਅਤੇ ਵੈਬਿਨਾਰਾਂ ਜ਼ਰੀਏ ਮੁਕੰਮਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਪਲੇਸਮੈਂਟ ਪ੍ਰੀਕਿਰਿਆ ਲਈ ਇੰਟਰਵਿਯੂ ਸਮੇਤ ਮੁਕੰਮਲ ਤੌਰ 'ਤੇ ਸਹਿਯੋਗ ਮੁਹੱਈਆ ਕਰਵਾਇਆ ਗਿਆ।
ਇਸ ਮੌਕੇ ਸ. ਸੰਧੂ ਨੇ ਕਿਹਾ ਕਿ ਨਿਰਸੰਦੇਹ ਕਰੋਨਾ ਮਹਾਂਮਾਰੀ ਦਾ ਰੋਜ਼ਗਾਰ ਦੇ ਖੇਤਰ 'ਤੇ ਵੱਡੇ ਪੱਧਰ 'ਤੇ ਪ੍ਰਭਾਵ ਪਿਆ ਲੇਕਿਨ ਫਾਰਮਾ, ਬਾਇਓਟੈਕਨਾਲੋਜੀ, ਆਈ.ਟੀ, ਇੰਜੀਨੀਅਰਿੰਗ, ਹੈਲਥਕੇਅਰ, ਈ-ਕਮਰਸ, ਕੈਮੀਕਲ ਅਤੇ ਸਾਫ਼ਟਵੇਅਰ ਪ੍ਰੋਡਕਟ ਆਦਿ ਖੇਤਰਾਂ 'ਚ ਰੋਜ਼ਗਾਰ ਦੀ ਮੰਗ ਵਧੀ ਹੈ।ਜਿਸ 'ਤੇ ਧਿਆਨ ਕੇਂਦਰਤ ਕਰਦਿਆਂ 'ਵਰਸਿਟੀ ਵੱਲੋਂ ਇਨ੍ਹਾਂ ਖੇਤਰਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਕੋਰੋਨਾਸੰਕਟ ਦੇ ਬਾਵਜੂਦ ਵੱਡੇ ਪੱਧਰ 'ਤੇ ਰੋਜ਼ਗਾਰ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਭਵਿੱਖ 'ਚ ਵੀ ਪਲੇਸਮੈਂਟ ਡਰਾਇਵਾਂ ਜ਼ਰੀਏ ਵਿਦਿਆਰਥੀਆਂ ਨੂੰ ਰੋਜ਼ਗਾਰ ਨਾਲ ਜੁੜਨ ਲਈ ਵਚਨਬੱਧਤਾ ਦੁਹਰਾਉਂਦੀ ਹੈ।