ਅਸ਼ੋਕ ਵਰਮਾ
ਬਠਿੰਡਾ, 27 ਜੁਲਾਈ 2020: ਜਮਹੂਰੀ ਅਧਿਕਾਰ ਸਭਾ ਨੇ ਬਠਿੰਡਾ ’ਚ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਦੀ ਮੰਗ ਕੀਤੀ ਹੈ। ਸਭਾ ਦਾ ਕਹਿਣਾ ਹੈ ਕਿ ਸਰਹਿੰਦ ਕਨਾਲ ਦੀ ਬੰਦੀ ਕਾਰਨ ਬਠਿੰਡਾ ਸਹਿਰ ਤੇ ਆਸ ਪਾਸ ਦੇ ਪੇਂਡੂ ਖੇਤਰਾਂ ਤੇ ਮੰਡੀਆਂ ਵਿੱਚ ਪਾਣੀ ਦਾ ਸੰਕਟ ਸਾਰੇ ਹੱਦਾਂ ਬੰਨੇ ਟੱਪ ਗਿਆ ਹੈ। ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਦੇ ਪ੍ਧਾਨ ਪਿ੍ੰ ਬੱਗਾ ਸਿੰਘ ਤੇ ਪੈ੍ਸ ਸਕੱਤਰ ਡਾ ਅਜੀਤਪਾਲ ਸਿੰਘ ਦਾ ਕਹਿਣਾ ਕਿ ਇਸ ਲਈ ਸਰਕਾਰ ਦੀ ਅਣਗਿਹਲੀ ਤੇ ਬੇਤਰਤੀਬੀ ਜਿੰਮੇਵਾਰ ਹੈ। ਪਾਣੀ ਦੇ ਇਸ ਮਸਲੇ ਸਬੰਧੀ ਪ੍ਰਸ਼ਾਸਨ ਦਾ ਕੰਟਰੋਲ ਕੋਈ ਹੈ ਨਹੀਂ,ਜਿਸ ਕਰਕੇ ਹਰ ਪਾਸੇ ਹਫੜਾ ਤਫੜੀ ਚਲ ਰਹੀ ਹੈ। ਨਹਿਰੀ ਮਹਿਕਮਾ ਤੇ ਨਗਰ ਨਿਗਮ ਬਠਿੰਡਾ ਲੋਕਾਂ ਦੀ ਇਸ ਬੁਨਿਆਦੀ ਲੋੜ ਨੂੰ ਵੀ ਪੂਰਾ ਕਰਨ ਤੋਂ ਅਸਮਰੱਥ ਹਨ। ਕੋਈ ਜੁਆਬ ਮੰਗੇ ਤਾਂ ਇੱਕ ਮਹਿਕਮਾ ਦੂਜੇ ਨੂੰ ਜਿੰਮੇਵਾਰ ਠਹਿਰਾ ਕੇ ਸੁਰਖਰੂ ਹੋ ਜਾਂਦਾ ਹੈ।
ਉਨਾਂ ਕਿਹਾ ਕਿ ਬਠਿੰਡਾ ਮਿਉੰਸਪਲ ਕਾਰਪੋਰੇਸ਼ਨ ਨੇ ਸ਼ਹਿਰੀ ਦੀ ਲੋੜ ਮੁਤਾਬਕ ਸਟੋਰੇਜ ਟੈੰਕ ਹੀ ਨਹੀਂ ਬਣਾਏ ਹੋਏ ਤੇ ਜੋ ਬਣੇ ਹਨ ਉਹਨਾਂ ਡਿੱਗੀਆ ਦੀ ਕਦੇ ਸਫਾਈ ਨਹੀਂ ਕਰਵਾਈ ਅਤੇ ਗਾਰ ਬਾਹਰ ਨਹੀਂ ਕੱਢੀ,ਜਿਸ ਕਰਕੇ ਉਹਨਾਂ ਦੀ ਪਾਣੀ ਸਟੋਰ ਕਰਨ ਦੀ ਸਮਰਥਾ ਬੇਹੱਦ ਘਟ ਚੁੱਕੀ ਹੈ। ਉਨਾਂ ਕਿਹਾ ਕਿ ਸਮੇਂ ਸਮੇਂ ਸਿਰ ਕੀਤੀ ਜਾਂਦੀ ਨਹਿਰੀ ਪਾਣੀ ਦੀ ਬੰਦੀ ਦਾ ਕੋਈ ਅਰਸਾ ਨਹੀ ਮਿਥਿਆ ਹੁੰਦਾ ਅਤੇ ਨਾ ਹੀ ਸ਼ਹਿਰ ਦੀ ਵਸੋਂ ਮੁਤਾਬਕ ਪਾਣੀ ਸਪਲਾਈ ਲਈ ਟਿਉੂਬਵੈਲ ਨਹੀਂ ਲੱਗੇ ਹੋਏ। ਉਨਾਂ ਆਖਿਆ ਕਿ ਅਸਰ-ਰਸੂਖ ਵਾਲਿਆਂ ਨੇ ਆਪਣੇ ਘਰਾਂ ਦੀ ਸਪਲਾਈ ਵੱਡੀਆ ਪਾਇਪਾਂ ਰਾਹੀਂ ਵੱਡੀਆਂ ਟੈਂਕੀਆ ਨਾਲ ਸਿੱਧੀ ਜੋੜ ਰੱਖੀ ਹੈ ਜਦੋਂ ਕਿ ਲੋਕਾਂ ਨੂੰ ਲਾਰਿਆਂ ਨਾਲ ਸਾਰੀ ਜਾਂਦੇ ਹਨ। ਉਨਾਂ ਕਿਹਾ ਕਿ ਲੋਕ ਪਾਣੀ ਭਰਨ ਲਈ ਸਾਰੀ ਸਾਰੀ ਰਾਤ ਮੋਟਰਾ ਚਲਾ ਕੇ ਵਾਰ ਵਾਰ ਪਾਣੀ ਆਉੰਦਾ ਵੇਖਣ ਲਈ ਜਾਗਦੇ ਵੇਖੇ ਜਾ ਸਕਦੇ ਹਨ।
ਸਭਾ ਆਗੂਆਂ ਨੇ ਕਿਹਾ ਕਿ ਲਾਈਨੋਂ ਪਾਰ ਸ਼ਹਿਰ ਦੀਆਂ ਬਸਤੀਆਂ ਲਾਲ ਸਿੰਘ ਬਸਤੀ ,ਸੰਗੂਆਣਾ,ਅਮਰਪੁਰਾ,ਸੰਜੇ ਨਗਰ,ਵਰਤਧਮਾਨ ਕਾਲੋਨੀ ,ਜਨਤਾ ਨਗਰ,ਪਰਸ ਰਾਮ ਨਗਰ,ਸੁਰਖਪੀਰ ਰੋਡ,ਮੁਲਤਾਨੀਆਂ ਰੋਡ ਆਦਿ ਇਲਾਕਿਆਂ ਵਿੱਚ ਤਾਂ ਸਾਰਾ ਸਾਲ ਹੀ ਪਾਣੀ ਦੀ ਕਿੱਲਤ ਚੱਲਦੀ ਰਹਿੰਦੀ ਹੈ। ਉਨਾਂ ਕਿਹਾ ਕਿ ਪਾਣੀ ਮਨੁੱਖ ਦੀ ਪਹਿਲੀ ਬੁਨਿਆਦੀ ਲੋੜ ਹੈ,ਜਿਸ ਨੂੰ ਯਕੀਨੀ ਬਣਾਉਣਾ ਸਰਕਾਰ ਦਾ ਸੰਵਿਧਾਨਕ ਫਰਜ ਹੈ। ਉਨਾਂ ਬਠਿੰਡਾ ਸਹਿਰ ,ਮੰਡੀਆਂ ਅਤੇ ਪੇਂਡੂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਘਰਾਂ ਤੱਕ ਸਪਲਾਈ ਯਕੀਨੀ ਬਣਾੳਣ ਲਈ ਪਾਣੀ ਦੇ ਟੈਂਕਾਂ ਦੀ ਸਮਰੱਥਾ ਵਧਾਉਣ, ਵਾਟਰ ਵਰਕਸਾਂ ਤੇ ਪਾਣੀ ਦੀਆਂ ਟੈਂਕੀਆਂ ਵਿੱਚੋਂ ਗਾਰ ਕੱਢਣ , ਪਾਣੀ ਦੀ ਸਪਲਾਈ ਵਧਾਉਣ ਲਈ ਹੋਰ ਵੱਧ ਗਿਣਤੀ ਵਿੱਚ ਡੂੰਘੇ ਟਿਊਬਵੈੱਲ ਲਾਉਣ, ਬੰਦ ਪਏ ਜਾਂ ਬੰਦ ਰੱਖੇ ਜਾਂਦੇ ਟਿਊਬਵੈੱਲ ਤੁਰੰਤ ਚਾਲੂ ਕਰਨ ਤੋਂ ਇਲਾਵਾ ਨਹਿਰ ਤੋਂ ਪਾਣੀ ਸਪਲਾਈ ਦੀ ਮਾਤਰਾ ਵਧਾਉਣ ਦਾ ਸੁਝ;ਅ ਵੀ ਦਿੱਤਾ ਹੈ।