ਅਸ਼ੋਕ ਵਰਮਾ
ਬਠਿੰੰਡਾ, 27 ਜੁਲਾਈ 2020: ਪੰਜਾਬ ਦੀਆਂ 13 ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸਾਂਝੀ ਅਗਵਾਈ ਹੇਠ ਟਰਕੈਟਰ ਮਾਰਚ ਕਰਕੈ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਘਰ ਦਾ ਘਰਾਓ ਕੀਤਾ। ਇਸ ਮਾਰਚ ਦੌਰਾਨ ਪੁਲਿਸ ਨੇ ਰੋਕਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨੀ ਰੋਹ ਅੱਗੇ ਪੁਲਿਸ ਨੂੰ ਰਾਹ ਖਾਲੀ ਕਰਨੇ ਪਏ। ਇਸ ਮੌਕੇ ਦਿੱਤੇ ਗਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ,ਜਿਲਾ ਪਰਧਾਨ ਪਰਸ਼ੋਤਮ ਮਹਿਰਾਜ,ਤੀਰਥ ਰਾਮ ਸੇਲਬਰਾਹ,ਸੁਰਮੁੱਖ ਸਿੰਘ ਸੇਲਬਰਾਹ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪਰਧਾਨ ਅਮਰਜੀਤ ਹਨੀ ,ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਗਦੀਸ਼ ਗੁੰਮਟੀ ਤੇ ਸੁਖਦੇਵ ਢਪਾਲੀ, ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਸੇਲਬਰਾਹ ਅਤੇ ਲੋਕ ਸੰਗਰਾਮ ਮੋਰਚੇ ਦੀ ਸੂਬਾਈ ਆਗੂ ਸੁਖਵਿੰਦਰ ਕੌਰ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਐਕਟ ਸੋਧ ਬਿੱਲ 2020 ਦੇ ਹੱਕ ’ਚ ਭੁਗਤ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਤੇ ਨਾਲ ਧਰੋਹ ਕਮਾਇਆ ਹੈ। ਉਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪ੍ਰਮੱੁਖ ਅਕਾਲੀ ਆਗੂਆਂ ਅਤੇ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਗੁੱਸੇ ਤੋਂ ਬਚਾਉਣ ਲਈ ਵੱਡੀ ਪੱਧਰ ‘ਤੇ ਪੁਲਸ ਪ੍ਰਬੰਧ ਕੀਤੇ ਹਨ ਅਤੇ ਕਿਸਾਨ ਕਾਫਲਿਆਂ ਨੂੰ ਰਾਹ ’ਚ ਰੋਕਣ ਦਾ ਯਤਨ ਕੀਤਾ ਪਰ ਕਿਸਾਨੀ ਰੋਹ ਨੂੰ ਵੇਖਦਿਆਂ ਰੋਕਾਂ ਹਟਾਉਣੀਆਂ ਪਈਆਂ ਹਨ ਅਤੇ ਇਹ ਮਾਰਚ ਮਲੂਕਾ ਦੀ ਰਿਹਾਇਸ਼ ਤੱਕ ਪਹੁੰਚਣ ’ਚ ਸਫਲ ਹੋਇਆ ਹੈ।
ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਬੁਲਾਰਿਆਂ ਨੇ ਕਿਹਾ ਕਿ ਜੇਕਰ ਹਕੂਮਤ ਸੱਚ ਮੁੱਚ ਆਰਡੀਨੈਂਸਾਂ ਖਿਲਾਫ ਹੈ ਤਾਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਇੰਨਾਂ ਵਿਰੁੱਧ ਮਤਾ ਪਾਸ ਕਰਾਵੇ। ਉਨਾ ਕਿਹਾ ਕਿ ਅਸਲ ’ਚ ਪੰਜਾਬ ਸਰਕਾਰ ਵੀ ਮੋਦੀ ਸਰਕਾਰ ਦੀ ਤਰਜ ਤੇ ਨਿੱਜੀ ਕਰਨ ਦੀਆਂ ਨੀਤੀਆਂ ਲਾਗੂ ਕਰਨ ਲਈ ਕਾਹਲੀ ਹੈ ਇਸ ਲਈ ਇੱਕ ਪਾਸੇ ਆਰਡੀਨੈਂਸਾਂ ਦੇ ਮਾਮਲੇ ਤੇ ਕਿਸਾਨਾਂ ਦਾ ਸਹਿਯੋਗ ਮੰਗਿਆ ਜਾ ਰਿਹਾ ਹੈ ਜਦੋਂਕਿ ਕੇਂਦਰ ਦੇ ਪੱਖ ’ਚ ਭੁਗਤਣ ਲਈ ਸੰਘਰਸ਼ ਕਰਨ ਤੇ ਰੋਕਾਂ ਲਾਈਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਚਿਤਾਵਨਂ ਦਿੱਤੀ ਕਿ ਜੇਕਰ ਖੇਤੀ ਵਿਰੋਧੀ ਫੈਸਲੇ ਵਾਪਿਸ ਨਾਂ ਲਏ ਤਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦਾ ਵੱਡਾ ਰੋਹ ਝੱਲਣਾ ਪਵੇਗਾ।