ਸਿਰਸਾ, 9 ਸਤੰਬਰ, 2017 : ਸਿਰਸਾ 'ਚ ਗੁਰਮੀਤ ਰਾਮ ਰਹੀਮ ਦੇ ਡੇਰੇ 'ਚ ਦੂਸਰੇ ਦਿਨ ਸਰਚ ਆਪ੍ਰੇਸ਼ਨ ਦੌਰਾਨ AK-47 ਰਾਈਫਲ ਦਾ ਖਾਲੀ ਮੈਗਜ਼ੀਨ ਬਰਾਮਦ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਡੇਰੇ ਅੰਦਰੋਂ ਵਿਸਫੋਟਕ ਪਦਾਰਥ ਜ਼ਬਤ ਕੀਤੇ ਹਨ। ਹਰਿਆਣਾ ਸਰਕਾਰ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਡਿਪਟੀ ਡਾਇਰੈਕਟਰ ਸਤੀਸ਼ ਮਿਸ਼ਰਾ ਨੇ ਦੱਸਿਆ ਕਿ ਡੇਰੇ ਦੇ ਅੰਦਰ ਇਕ ਗੈਰ-ਕਾਨੂੰਨੀ ਤਰੀਕੇ ਨਾਲ ਪਟਾਖਾ ਫੈਕਟਰੀ ਚਲਾਈ ਜਾ ਰਹੀ ਸੀ, ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਡੇਰਾ ਮੁਖੀ ਦੇ ਕਮਰੇ ਤੋਂ ਸਾਧਵੀ ਨਿਵਾਸ ਤੱਕ ਜਾਣ ਵਾਲੇ ਰਸਤੇ ਦਾ ਵੀ ਪਤਾ ਲਗਾ ਹੈ। ਉਨ੍ਹਾਂ ਕਿਹਾ ਕਿ ਸਰਚ ਆਪ੍ਰੇਸ਼ਨ ਕਾਫੀ ਬਾਰੀਕੀ ਨਾਲ ਚੱਲਿਆ ਜਾ ਰਿਹਾ ਹੈ ।
ਇਸ ਦੇ ਨਾਲ ਹੀ ਡੇਰੇ ਅੰਦਰ ਮਨੁੱਖੀ ਪਿੰਜਰਾਂ ਨੂੰ ਦਬਾਏ ਜਾਣ ਦੀਆਂ ਖਬਰਾਂ ਨੂੰ ਲੈ ਕੇ ਜਦੋਂ ਮਿਸ਼ਰਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਇਸ ਮਾਮਲੇ 'ਚ ਕੁਝ ਨਹੀਂ ਕਿਹਾ ਜਾ ਸਕਦਾ। ਇਸ ਮਾਮਲੇ ਦੀ ਜਾਂਚ ਦੇ ਲਈ ਮਾਹਰਾਂ ਦੀ ਟੀਮ ਬੁਲਾਈ ਗਈ ਹੈ। ਦਰਅਸਲ ਸਿਰਸਾ ਸਥਿਤ ਡੇਰਾ ਕੰਪਲੈਕਸ ਬਹੁਤ ਵੱਡਾ ਹੈ ਅਤੇ ਐਤਵਾਰ ਤੋਂ ਹੀ ਖੋਦਣ ਦਾ ਕੰਮ ਸ਼ੁਰੂ ਹੋ ਸਕੇਗਾ। ਖੁਦ ਨੂੰ ਰੱਬ ਦੱਸਣ ਵਾਲੇ ਰਾਮ ਰਹੀਮ ਦੀਆਂ ਜੜ੍ਹਾਂ ਖੋਦਣ 'ਚ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਇਸ ਲਈ ਲੰਬੀ ਚੌੜੀ ਸਰਚ ਟੀਮ ਵੀ ਇਸ ਅਭਿਆਨ ਨਾਲ ਜੁੜੀ ਰਹੇਗੀ।
ਡੇਰੇ ਦੇ ਸਰਚ ਆਪਰੇਸ਼ਨ 'ਚ ਸਭ ਤੋਂ ਵਧ ਚਰਚਾ ਮਨੁੱਖੀ ਪਿੰਜਰਾਂ ਦੀ ਹੋ ਰਹੀ ਹੈ। ਡੇਰੇ ਦੇ 2 ਸਾਬਕਾ ਸਾਧੂਆਂ ਹੰਸਰਾਜ ਅਤੇ ਗੁਰਦਾਸ ਸਿੰਘ ਇਹ ਦੋਸ਼ ਲਗਾ ਚੁੱਕੇ ਹਨ ਕਿ ਡੇਰੇ 'ਚ ਕਈ ਲੋਕਾਂ ਦੇ ਕਤਲ ਕਰਕੇ ਖੇਤਾਂ 'ਚ ਦੱਬ ਦਿੱਤਾ ਜਾਂਦਾ ਸੀ ਅਤੇ ਬਾਅਦ 'ਚ ਉਸ ਤੇ ਦਰੱਖਤ ਲਗਾ ਦਿੱਤਾ ਜਾਂਦਾ ਸੀ। ਇਸ ਦੀ ਜਾਂਚ ਲਈ ਹੀ ਜੇ.ਸੀ.ਬੀ. ਮਸ਼ੀਨਾਂ ਅਤੇ ਖਾਸ ਔਜ਼ਾਰ ਸਰਚ ਲਈ ਲਿਆਉਂਦੇ ਗਏ ਹਨ।
ਡੇਰਾ ਕੰਪਲੈਕਸ ਦੇ ਖੇਤ ਕਰੀਬ ਸਾਢੇ 750 ਏਕੜ 'ਚ ਫੈਲੇ ਹਨ। ਡੇਰੇ 'ਚ 1000 ਤੋਂ ਵੱਧ ਇਮਾਰਤਾਂ ਹਨ। ਇਸ ਲਈ ਫਿਲਹਾਲ ਜਾਂਚ ਟੀਮ ਪਹਿਲੇ ਪੱਧਰ 'ਤੇ ਵੱਖ-ਵੱਖ ਇਮਾਰਤਾਂ 'ਚ ਜਾਂਚ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਖੁਦਾਈ ਦਾ ਕੰਮ ਕਰਨ 'ਚ ਅਜੇ ਸਮਾਂ ਲੱਗ ਸਕਦਾ ਹੈ।
ਡੇਰਾ ਸੱਚਾ ਸੌਦਾ ਦੇ ਸਰਚ ਆਪਰੇਸ਼ਨ ਦੇ ਪਹਿਲੇ ਹੀ ਦਿਨ ਸ਼ੱਕੀ ਸਮਾਨ ਮਿਲਣ ਤੋਂ ਬਾਅਦ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਸਰਚ ਆਪਰੇਸ਼ਨ ਦੌਰਾਨ ਭਾਰੀ ਸੰਖਿਆ 'ਚ ਜੰਗਲੀ ਜਾਨਵਰ ਮਿਲੇ ਹਨ। ਇਨ੍ਹਾਂ 'ਚ ਹਿਰਨ, ਮੋਰ ਆਦਿ ਜੰਗਲੀ ਜਾਨਵਰ ਮਿਲੇ ਹਨ। ਜੰਗਲੀ ਜਾਨਵਰ ਐਕਟ ਦੇ ਅਨੁਸਾਰ ਕੋਈ ਵੀ ਵਿਅਕਤੀ ਜੰਗਲੀ ਜਾਨਵਰ ਨੂੰ ਪਾਲਤੂ ਨਹੀਂ ਰੱਖ ਸਕਦਾ। ਡੇਰੇ ਨੇ ਇਸ ਮਾਮਲੇ 'ਚ ਵੀ ਕਾਨੂੰਨ ਵੀ ਦੀ ਉਲੰਘਨਾ ਕੀਤੀ ਹੈ। ਇਸ ਉਲੰਘਨਾ 'ਤੇ ਜੰਗਲੀ ਜਾਨਵਰਾਂ ਦੇ ਲਈ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਰਿਆਣੇ ਦੇ ਹੀ ਨਰੇਸ਼ ਕਾਦਿਯਾਨ ਨੇ ਪ੍ਰਧਾਨ ਮੰਤਰੀ ਵਿੰਡੋ 'ਚ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ। ਕਾਦਿਯਾਨ ਨੇ ਹਵਾਲਾ ਦਿੱਤਾ ਹੈ ਕਿ ਵਾਈਲਡ ਲਾਈਫ ਐਕਟ 1972 ਦੇ ਅੰਤਰਗਤ ਡੇਰਾ ਸੱਚਾ ਸੌਦਾ ਦੇ ਖਿਲਾਫ ਇਕ ਵੀ ਕੇਸ ਦਰਜ ਨਹੀਂ ਕੀਤਾ ਗਿਆ ਹੈ, ਜਦੋਂਕਿ ਅੱਜ ਸਰਚ ਆਪਰੇਸ਼ਨ ਦੇ ਦੌਰਾਨ ਮੀਡੀਆ ਰਿਪੋਰਟਰਸ ਦੇ ਅਨੁਸਾਰ ਡੇਰਾ ਕੰਪਲੈਕਸ 'ਚ ਜੰਗਲੀ ਜਾਨਵਰ ਦੇਖੇ ਗਏ ਹਨ।
ਖਾਸ ਇਹ ਵੀ ਹੈ ਕਿ ਡੇਰੇ ਦੀਆਂ ਗੱਡੀਆਂ ਹਮੇਸ਼ਾਂ ਚਰਚਾ 'ਚ ਰਹੀਆਂ ਹਨ। ਗੁਰਮੀਤ ਸਿੰਘ ਦੇ ਕਾਫਿਲੇ 'ਚ ਲੈਕਸੇਸ ਗੱਡੀਆਂ ਹੁੰਦੀਆਂ ਸਨ। ਜੈੱਡ ਬਲੈਕ ਰੰਗ ਦੀਆਂ ਇਨ੍ਹਾਂ ਸਾਰੀਆਂ ਗੱਡੀਆਂ ਦਾ ਨੰਬਰ ਇਕੋ ਜਿਹਾ ਹੁੰਦਾ ਸੀ। ਰੌਚਕ ਅਤੇ ਹੈਰਾਨ ਕਰਨ ਵਾਲੀ ਗੱਲ ਦੇਖੋ ਜਿਸ ਦਿਨ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਣੀ ਸੀ , ਉਸ ਤੋਂ ਕੁਝ ਸਮਾਂÎ ਪਹਿਲਾਂ ਹੀ ਸਿਰਸਾ ਦੇ ਪਿੰਡ ਫੂਲਕਾ ਦੇ ਕੋਲ ਇਕ ਲੈਕਸੇਸ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਡੇਰੇ ਵਲੋਂ ਇਸ ਗੱਡੀ ਸਮੇਤ ਤਿੰਨ ਗੱਡੀਆਂ 'ਚ ਲੋਕ ਸਵਾਰ ਹੋ ਕੇ ਆਏ ਸਨ। ਮੌਕੇ 'ਤੇ ਮੌਜੂਦ ਗਵਾਹਾਂ ਅਨੁਸਾਰ ਕੁਝ ਹੀ ਸਮੇਂ 'ਚ ਗੱਡੀ ਸੜ ਗਈ ਸੀ। ਇਹ ਵੀ ਸ਼ੱਕ ਜ਼ਾਹਰ ਕੀਤਾ ਗਿਆ ਸੀ ਕਿ ਇਸ ਗੱਡੀ 'ਚ ਸ਼ੱਕੀ ਕਾਗਜ਼ਾਤ ਸਨ, ਜਿਨ੍ਹਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਤਲਾਸ਼ੀ ਅਭਿਆਨ ਦੇ ਦੌਰਾਨ ਵੀ ਸਰਚ ਟੀਮ ਨੂੰ ਡੇਰੇ 'ਚੋਂ ਇਕ ਹੋਰ ਬਿਨ੍ਹਾਂ ਨੰਬਰ ਦੀ ਲੈਕਸੇਸ ਗੱਡੀ ਮਿਲੀ ਹੈ।
ਰਾਮ ਰਹੀਮ ਨੇ ਕਾਫੀ ਸਮਾਂ ਪਹਿਲਾ ਇਕ ਸ਼ੇਰ ਦਾ ਬੱਚਾ ਮੰਗਵਾਇਆ ਸੀ। ਰਾਮ ਰਹੀਮ ਨੂੰ ਕਈ ਵਾਰ ਇਸ ਬੱਚੇ ਦੇ ਨਾਲ ਦੇਖਿਆ ਗਿਆ ਸੀ। ਬਾਅਦ 'ਚ ਕਿਸੇ ਨੇ ਵੀ ਰਾਮ ਰਹੀਮ ਨੂੰ ਸ਼ੇਰ ਦੇ ਬੱਚੇ ਨਾਲ ਨਹੀਂ ਦੇਖਿਆ। ਇਸ ਤੋਂ ਇਲਾਵਾ ਮੋਰ, ਹਿਰਨ, ਮਹਿੰਗੇ ਕੁੱਤਿਆਂ ਦਾ ਵੀ ਸ਼ੌਂਕ ਸੀ।