ਗੁਰਤੇਜ ਸਿੰਘ ਦੇ ਹੱਕ ਵਿਚ ਕਾਨੂੰਨੀ ਲੜਾਈ ਲੜਣ ਲਈ ਆਖਿਆ
ਮਾਨਸਾ, 20 ਜੁਲਾਈ 2020: ਦਿੱਲੀ ਪੁਲਿਸ ਵੱਲੋਂ ਖਾਲਿਸਤਾਨ ਗਤੀਵਿਧੀਆਂ ਦੇ ਦੋਸ਼ ਹੇਠ ਮਾਨਸਾ ਤੋਂ ਗ੍ਰਿਫਤਾਰ ਕੀਤੇ ਸ਼ਹਿਰ ਵਾਸੀ ਗੁਰਤੇਜ ਸਿੰਘ ਦੇ ਘਰ ਸੋਮਵਾਰ ਨੂੰ ਮਾਲਵਾ ਯੂਥ ਫੈਡਰੇਸ਼ਨ ਦੇ ਪ੍ਰਧਾਨ ਲੱਖਾ ਸਿਧਾਣਾ ਆਪਣੇ ਸਾਥੀਆਂ ਸਮੇਤ ਪੁੱਜੇ। ਉਨਾਂ ਗੁਰਤੇਜ ਸਿੰਘ ਦੀ ਧਰਮਪਤਨੀ ਅੰਮ੍ਰਿਤਪਾਲ ਕੌਰ ਤੇ ਉਸਦੇ ਪਰਿਵਾਰ ਦਾ ਹਾਲਚਾਲ ਪੁੱਛਣ ਉਪਰੰਤ ਪਰਿਵਾਰ ਦੀ ਹਰ ਤਰਾਂ ਦੀ ਸਹਾਇਤਾ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਪੰਜਾਬ ਨੂੰ ਫਿਰ ਪੁਰਾਣੇ ਕਾਲੇ ਦੌਰ ਵੱਲ ਧੱਕ ਰਹੀਆਂ ਹਨ। ਉਨਾਂ ਕਿਹਾ ਕਿ ਮਾਨਸਾ ਦੇ ਗੁਰਤੇਜ ਸਿੰਘ ਤੇ ਹੋਰਨਾਂ ਸਿੱਖ ਨੌਜਵਾਨਾਂ ਦਾ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਚ ਕੋਈ ਹੱਥ ਤੱਕ ਨਹੀਂ, ਪਰ ਸਰਕਾਰ ਯੁਆਪਾ ਕਾਨੂੰਨ ਰਾਹੀਂ ਨਿਰਦੋਸ਼ ਸਿੱਖ ਦਲਿਤ ਨੌਜਵਾਨਾਂ ਤੇ ਪਰਿਵਾਰਾਂ ਤੇ ਇਕ ਕਾਨੂੰਨ ਲਾਗੂ ਕਰਕੇ ਉਨਾਂ ਨਾਲ ਧੱਕਾ ਕਰ ਰਹੀ ਹੈ,ਜਿਸ ਦਾ ਆਮ ਆਦਮੀ, ਵਿਧਾਨ ਸਭਾ ਚ ਬੈਠੇ ਦਲਿਤ ਨੇਤਾਵਾਂ ਤੇ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਡੱਟਵਾਂ ਵਿਰੋਧ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਇਹ ਕਿੰਨੀ ਮਾੜੀ ਗੱਲ ਹੈ ਕਿ ਪੰਜਾਬ ਵਿਚ ਸੁਖਪਾਲ ਸਿੰਘ ਖਹਿਰਾ ਤੇ ਧਰਮਪਾਲ ਗਾਂਧੀ ਤੋਂ ਇਲਾਵਾ ਇਕਾ ਦੁੱਕਾ ਨੇਤਾ ਇਸ ਹੱਕ ਤੇ ਧੱਕੇਸ਼ਾਹੀ ਵਿਰੁੱਧ ਬੋਲ ਰਹੇ ਹਨ, ਪਰ ਕਿਸੇ ਹੋਰ ਨੇ ਇਸ ਦੇ ਖਿਲਾਫ ਮੂੰਹ ਖੋਲਣ ਦੀ ਹਿੰਮਤ ਨਹੀਂ ਕੀਤਾ। ਲੱਖਾ ਸਿਧਾਣਾ ਨੇ ਕਿਹਾ ਕਿ ਉਨਾਂ ਕਾਨੂੰਨੀ ਮਾਹਿਰਾਂ ਨਾਲ ਗੱਲਬਾਤ ਕਰਕੇ ਇਸ ਦੇ ਖਿਲਾਫ ਕਾਨੂੰਨੀ ਲੜਾਈ ਲੜਣ ਸੰਬੰਧੀ ਵਿਚਾਰ ਕਰਨਗੇ। ਉਨਾਂ ਪਰਿਵਾਰ ਨੁੰ ਬਣਦੀ ਯੋਗ ਸਹਾਇਤਾ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਨੇ ਵੀ ਪੁਲਿਸ ਵੱਲੋਂ ਅੱਤਵਾਦੀ ਗਤੀਵਿਧੀਆਂ ਚ ਸ਼ਾਮਿਲ ਦੱਸ ਕੇ ਫੜੇ ਸਿੱਖ ਨੌਜਵਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਉਨਾਂ ਇਸ ਮੌਕੇ ਗੁਰਤੇਜ ਸਿੰਘ ਦੇ ਪਰਿਵਾਰਿਕ ਮੈਂਬਰਾਂ ਤੇ ਬੱਚਿਆਂ ਦਾ ਹਾਲ ਚਾਲ ਪੁੱÎਛਿਆ।ਇਸ ਮੌਕੇ ਜਮਕੌਰ ਸਿੰਘ,ਭਿੱਦਾ ਚੌਹਾਨ, ਰਮਨ ਸਿੱਧੂ ਆਦਿ ਹਾਜਰ ਸਨ।