ਹਰਜਿੰਦਰ ਸਿੰਘ ਬਸਿਆਲਾ
ਨਿਊਜ਼ੀਲੈਂਡ ਕੰਪਨੀ 'ਮਿਸਟਰ ਐਪਲ' ਦਾ ਨਾਂਅ ਹੇਠ ਪੰਜਾਬ ਦੇ ਵਿਚ ਕਾਮਿਆਂ ਦੀ ਭਰਤੀ ਕਰਨ ਵਾਲਾ ਗਰੋਹ ਸਰਗਰਮ
15 ਇਲੈਕਟ੍ਰੀਸ਼ਨ, 15 ਡ੍ਰਾਈਵਰ, 10 ਕੁੱਕ, 25 ਸਕਿਉਰਿਟੀ ਗਾਰਡ, 40 ਜਨਰਲ ਵਰਕਰ/ਹੈਲਪਰ, 50 ਡੇਅਰੀ ਫਾਰਮ ਵਰਕਰ, 33 ਵੈਜੀਟੇਬਲ ਪੈਕਰ, 23 ਵੈਜੀਟੇਬਲ ਕਟਰ, 10 ਡਿਲਵਰੀ ਡ੍ਰਾਈਵਰਜ਼, 9 ਹਾਊਸ ਕੀਪਰ, 6 ਕੇਟਰਿੰਗ ਸਟਾਫ, 12 ਵੇਟਰ/ਵੇਟਰਸ
ਦਸਵੀਂ ਪਾਸ ਵੀ ਯੋਗ, ਕੰਮ 6 ਦਿਨ ਤਨਖਾਹ 1600 ਤੋਂ 2500 ਡਾਲਰ ਤੱਕ, ਖਾਣਾ ਫ੍ਰੀ, ਰਿਹਾਇਸ਼ ਫ੍ਰੀ, ਟਰਾਂਸਪੋਰਟੇਸ਼ਨ ਫ੍ਰੀ, ਇੰਸ਼ੋਰੈਂਸ਼ ਫ੍ਰੀ, ਮੈਡੀਕਲ ਫ੍ਰੀ, ਮੋਹਰ ਵਾਲਾ 100% ਵੀਜ਼ਾ ਉਹ ਵੀ 60 ਦਿਨਾਂ ਵਿਚ।
ਔਕਲੈਂਡ 27 ਜੁਲਾਈ 2020 : ਨਿਊਜ਼ੀਲੈਂਡ ਦੀ ਇਕ ਵਕਾਰੀ ਕੰਪਨੀ 'ਮਿਸਟਰ ਐਪਲ' ਦਾ ਨਾਂਅ ਵਰਤ ਕੇ ਪੰਜਾਬ ਦੇ ਵਿਚ ਕਾਮਿਆਂ ਦੀ ਭਰਤੀ ਕਰਨ ਦੀਆਂ ਖਬਰਾਂ ਹਨ। ਅੱਜ ਇਸ ਪੱਤਰਕਾਰ ਨੇ ਜਦੋਂ ਕੰਪਨੀ ਨੂੰ ਈਮੇਲ ਪਾ ਕੇ ਪਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਧੋਖਾ (ਸਕੈਮ) ਹੈ। ਉਨ੍ਹਾਂ ਦੀ ਕੰਪਨੀ ਸਿਰਫ ਨਿਊਜ਼ੀਲੈਂਡ ਦੇ ਵਿਚ ਆਏ ਹੋਏ ਲੋਕਾਂ ਨੂੰ ਹੀ ਨੌਕਰੀ ਦਿੰਦੀ ਹੈ। ਬੰਗਾ ਲਾਗੇ ਕੁਝ ਲੋਕ ਇਸ ਧੋਖੇ ਦਾ ਸ਼ਿਕਾਰ ਹੋ ਗਏ ਹਨ। ਕਮਾਲ ਦੀ ਗੱਲ ਹੈ ਕਿ ਜਿੰਨੀਆ ਸਹੂਲਤਾਂ ਪੋਸਟਰ ਉਤੇ ਦਰਸਾਈਆਂ ਨੌਕਰੀਆਂ ਲਈ ਦੱਸੀਆਂ ਗਈਆਂ ਹਨ ਓਨੀਆ ਤਾਂ ਸ਼ਾਇਦ ਇਥੇ ਦੇ ਪੱਕਿਆਂ ਨੂੰ ਵੀ ਨਹੀਂ ਮਿਲਦੀਆਂ ਹੋਣੀਆਂ। ਪ੍ਰਾਪਤ ਹੋਏ ਇਕ ਇਸ਼ਤਿਹਾਰ ਮੁਤਾਬਿਕ ਨਿਊਜ਼ੀਲੈਂਡ ਦੇ ਵਿਚ 15 ਇਲੈਕਟ੍ਰੀਸ਼ਨ, 15 ਡ੍ਰਾਈਵਰ, 10 ਕੁੱਕ, 25 ਸਕਿਉਰਿਟੀ ਗਾਰਡ, 40 ਜਨਰਲ ਵਰਕਰ/ਹੈਲਪਰ, 50 ਡੇਅਰੀ ਫਾਰਮ ਵਰਕਰ, 33 ਵੈਜੀਟੇਬਲ ਪੈਕਰ, 23 ਵੈਜੀਟੇਬਲ ਕਟਰ, 10 ਡਿਲਵਰੀ ਡ੍ਰਾਈਵਰਜ਼, 9 ਹਾਊਸ ਕੀਪਰ, 6 ਕੇਟਰਿੰਗ ਸਟਾਫ, 12 ਵੇਟਰ/ਵੇਟਰਸ ਦੀ ਲੋੜ ਹੈ। ਕਾਮੇ ਦਸਵੀਂ ਪਾਸ ਵੀ ਯੋਗ ਹੋਣਗੇ, ਕੰਮ 6 ਦਿਨ (ਪ੍ਰਤੀ ਦਿਨ 8 ਘੰਟੇ) ਹੋਵੇਗਾ, ਤਨਖਾਹ 1600 ਤੋਂ 2500 ਡਾਲਰ ਤੱਕ, ਖਾਣਾ ਫ੍ਰੀ, ਰਿਹਾਇਸ਼ ਫ੍ਰੀ, ਟਰਾਂਸਪੋਰਟੇਸ਼ਨ ਫ੍ਰੀ, ਇੰਸ਼ੋਰੈਂਸ਼ ਫ੍ਰੀ, ਮੈਡੀਕਲ ਫ੍ਰੀ, ਮੋਹਰ ਵਾਲਾ 100% ਵੀਜ਼ਾ ਉਹ ਵੀ 60 ਦਿਨਾਂ ਵਿਚ। ਤਿੰਨ ਸਾਲ ਤੱਕ ਦਾ ਕੰਮ ਦਾ ਸਮਝੌਤਾ ਹੋਵੇਗਾ। ਓਵਰ ਟਾਈਮ ਵੀ ਲੱਗੇਗਾ ਅਤੇ ਲੇਬਰ ਲਾਅ ਅਨੁਸਾਰ ਤਨਖਾਹ ਮਿਲੇਗੀ। ਇਹ ਕਾਮੇ ਇੰਡੀਆ, ਸ੍ਰੀਲੰਕਾ, ਨੇਪਾਲ ਅਤੇ ਬੰਗਲਾਦੇਸ਼ ਤੋਂ ਲਏ ਜਾਣੇ ਹਨ। ਮਹਿਲਾ ਅਤੇ ਪੁਰਸ਼ ਜਾ ਸਕਦੇ ਹਨ। ਜਦ ਕਿ ਕੰਪਨੀ ਨੇ ਅਜਿਹਾ ਕੋਈ ਇਸ਼ਤਿਹਾਰ ਨਹੀਂ ਦਿੱਤਾ ਹੈ। ਕੰਪਨੀ ਦਾ ਨਾਂਅ ਅਤੇ ਲੋਗੋ ਵਰਤਿਆ ਗਿਆ ਹੈ। ਕਿਊ ਆਰ ਕੋਡ ਵੀ ਹੈ ਜੋ ਕਿ ਵੈਬ ਸਾਈਟ ਨਹੀਂ ਖੋਲ੍ਹਦਾ । ਇਹ ਸ਼ਰੇਆਮ ਧੋਖਾ ਹੈ। ਪਤਾ ਲੱਗਾ ਹੈ ਕਿ ਕੁਝ ਲੋਕਾਂ ਨੇ ਪੈਸੇ ਵੀ ਦਿੱਤੇ ਹਨ।
ਸੋ ਇਸ ਖਬਰ ਦੇ ਰਾਹੀਂ ਪੰਜਾਬ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਵੇਲੇ ਨਿਊਜ਼ੀਲੈਂਡ ਦੇ ਵਿਚ ਸਿਰਫ ਇਥੋਂ ਦੇ ਨਾਗਰਿਕ, ਪੱਕੇ ਵਸਨੀਕ ਜਾਂ ਜਿਸ ਦੇ ਕੋਲ ਵੀਜ਼ਾ ਹੋਣ ਦੇ ਬਾਵਜੂਦ ਵੀ ਇਮੀਗ੍ਰੇਸ਼ਨ ਦੀ ਪ੍ਰਵਾਨਗੀ ਹੋਵੇ ਉਹ ਹੀ ਆ ਸਕਦਾ ਹੈ। ਕਰੋਨਾ ਕਰਕੇ ਬਾਰਡਰ ਬੰਦ ਹਨ। ਸੈਂਕੜੇ ਵੀਜਾ ਧਾਰਕ ਇਥੇ ਆਉਣ ਦੀ ਉਡੀਕ ਵਿਚ ਪਹਿਲਾਂ ਹੀ ਬੈਠੇ ਹਨ ਉਹ ਨਹੀਂ ਆ ਸਕਦੇ ਤਾਂ ਨਵੇਂ ਵੀਜ਼ੇ ਵਾਲੇ ਕਿਵੇਂ ਆ ਜਾਣਗੇ? ਦੇਸ਼ ਦੇ ਵਿਚ ਕੋਵਿਡ-19 ਕਰਕੇ ਬੇਰੁਜ਼ਗਾਰੀ ਦੀ ਦਰ 4.2% ਤੋਂ ਕਿਤੇ ਉਪਰ ਚਲੇ ਗਈ ਹੈ। ਸਰਕਾਰ ਨੌਕਰੀ ਗਵਾ ਚੁੱਕਿਆਂ ਨੂੰ ਪੈਸੇ ਦੇ ਰਹੀ ਹੈ, ਨਵੇਂ ਕਾਮੇ ਕਿਵੇਂ ਆਉਣਗੇ ਉਹ ਵੀ 10ਵੀਂ ਪਾਸ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਕਾਮਿਆਂ ਨੂੰ ਬੁਲਾਉਣ ਦੇ ਲਈ ਵੱਡੀ ਨਿਯਮਾਂਵਲੀ ਹੈ ਕਿਸੇ ਦੇ ਬਹਿਕਾਵੇ ਵਿਚ ਨਾ ਆਵੋ। ਕਿਸੇ ਨੂੰ ਪੈਸੇ ਦੇਣ ਤੋਂ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਨੂੰ ਈਮੇਲ ਪਾ ਕੇ ਜਾਂ ਕਿਸੀ ਇਮੀਗ੍ਰੇਸ਼ਨ ਸਲਾਹਕਾਰ ਨਾਲ ਸੰਪਰਕ ਕਰਕੇ ਪਤਾ ਕਰ ਲਿਆ ਕਰੋ। ਨਿਊਜ਼ੀਲੈਂਡ ਦੇ ਇਸ ਵੇਲੇ ਘੱਟੋ-ਘੱਟ ਮਿਹਨਤਾਨਾ ਦਰ 18.90 ਡਾਲਰ ਪ੍ਰਤੀ ਘੰਟਾ ਹੈ ਜੇਕਰ ਕੋਈ 40 ਘੰਟੇ ਕੰਮ ਕਰਦਾ ਹੈ ਤਾਂ ਕੁੱਲ ਤਨਖਾਹ 3024 ਡਾਲਰ ਬਣਦੀ ਹੈ ਅਤੇ ਇਹ ਇਸ਼ਤਿਹਾਰ 48 ਘੰਟੇ ਕੰਮ ਕਰਵਾ ਕੇ 1600 ਡਾਲਰ ਤੋਂ 2500 ਡਾਲਰ ਦੇ ਰਹੀ ਹੈ।