ਅਸ਼ੋਕ ਵਰਮਾ
ਬਠਿੰਡਾ, 27 ਜੁਲਾਈ 2020: ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੀ ਗਈ ਮਿਸ਼ਨ ਫਤਿਹ ਮੁਹਿੰਮ ਤਹਿਤ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਡਾ. ਪਵਨ ਕੁਮਾਰ ਸਿੰਗਲਾ ਵੱਲੋਂ ਦਿੱਤੀ ਗਈ।
ਡਿਪਟੀ ਡਾਇਰੈਕਟਰ ਸ੍ਰੀ ਸਿੰਗਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਫਤਿਹ ਮੁਹਿੰਮ ਤਹਿਤ ਪਸ਼ੂ ਪਾਲਣ ਵਿਭਾਗ ਦੇ ਸਮੁੱਚੇ ਸਟਾਫ ਵੱਲੋਂ ਕਰੋਨਾ ਤੋਂ ਬਚਾਅ ਲਈ ਪਸ਼ੂ ਪਾਲਕਾਂ ਨੂੰ ਆਪਸੀ ਸਮਾਜਿਕ ਦੂਰੀ ਰੱਖਣ, ਬਾਰ ਬਾਰ ਹੱਥ ਧੋਣ ਅਤੇ ਮਾਸਕ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਵੱਲੋਂ ਹੁਣ ਤੱਕ ਜ਼ਿਲੇ ਅੰਦਰ 175 ਵੱਖ-ਵੱਖ ਸੰਸਥਾਵਾਂ ਰਾਹੀਂ ਪਸ਼ੂ ਪਾਲਕਾਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ।
ਉਨਾਂ ਇਹ ਵੀ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ, ਪੋਲਟਰੀ ਫਾਰਮਰ, ਫੀਡ ਅਤੇ ਦਵਾਈ ਵਿਕਰੇਤਾ ਨੂੰ ਸਮੇਂ-ਸਮੇਂ ਤੇ 748 ਕਰਫਿਊ ਪਾਸ ਜਾਰੀ ਕੀਤੇ ਗਏ ਤਾਂ ਜੋ ਉਹ ਆਪੋ ਆਪਣੇ ਉਤਪਾਦਾਂ ਨੂੰ ਨਿਰਵਿਘਨ ਵੇਚ ਸਕਣ ਅਤੇ ਕਿਸੇ ਦਾ ਕੋਈ ਵੀ ਜਾਨੀ/ਮਾਲੀ ਨੁਕਸਾਨ ਨਾ ਹੋਵੇ।
ਡਿਪਟੀ ਡਾਇਰੈਕਟਰ ਸ੍ਰੀ ਸਿੰਗਲਾ ਨੇ ਅੱਗੇ ਇਹ ਵੀ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਭਲਾਈ ਸੰਸਥਾਵਾਂ ਦੀ ਸਹਾਇਤਾ ਨਾਲ ਅਵਾਰਾ ਪਸ਼ੂਆਂ ਨੂੰ ਹਰਾ ਚਾਰਾ ਤੇ ਪਾਣੀ ਆਦਿ ਦੀ ਸਪਲਾਈ ਯਕੀਨੀ ਬਣਾਈ ਗਈ। ਇਸ ਤੋਂ ਇਲਾਵਾ ਸਰਕਾਰੀ ਕੈਟਲ ਪੌਂਡ ਹਰਰਾਏਪੁਰ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਖ-ਵੱਖ ਤਰਾਂ ਦੇ ਨਵੇਂ ਛਾਂਦਾਰ ਤੇ ਫਲਦਾਰ ਪੌਦੇ ਵੀ ਲਗਾਏ ਗਏ।