ਸੀਆਈਏ ਸਟਾਫ਼ ਦੀ ਇਮਾਰਤ ਦੀ ਪਾਣੀ ਦੀ ਮਾਰ ਹੇਠ ਆਈ
ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਥਾਣਾ ਸਿਟੀ 'ਚ ਕੀਤਾ ਤਬਦੀਲ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 27 ਜੁਲਾਈ 2020: ਪਿਛਲੇ ਦਿਨੀ ਖੇਤਰ ਅੰਦਰ ਮਾਨਸੂਨ ਦੀ ਪਹਿਲੀ ਦਸਤਕ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਹਿਰ ਦੇ ਨਾਲ ਲੱਗਦੇ ਪਿੰਡ ਉੇਦੇਕਰਨ 'ਚ ਪਾਣੀ ਦੀ ਮਾਰ ਇਸ ਕਦਰ ਪਈ ਕਿ ਸੈਂਕੜੇ ਏਕੜ ਫਸਲਾਂ 'ਚ ਭਾਰੀ ਭਰ ਗਿਆ ਹੈ, ਜਦੋਂਕਿ ਲੋਕਾਂ ਦੇ ਘਰਾਂ ਤੱਕ ਪਾਣੀ ਦੀ ਪਹੁੰਚ ਹੋਣ ਨਾਲ ਲੋਕਾਂ ਨੂੰ ਤੰਗੀਆਂ ਤੁਰਸ਼ੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਮਹਿਜ਼ ਦੋ ਕਿਲੋਮੀਟਰ 'ਤੇ ਸਥਿਤ ਇਹ ਪਿੰਡ ਪਾਣੀ-ਪਾਣੀ ਹੋਇਆ ਪਿਆ ਹੈ, ਜੋ ਪਾਣੀ ਹੁਣ ਸ੍ਰੀ ਮੁਕਤਸਰ ਸਾਹਿਬ ਦੀ ਮਾਡਲ ਟਾਊਨ ਬਸਤੀ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਹੈ, ਪਰ ਪ੍ਰਸਾਸ਼ਨ ਵੱਲੋਂ ਅਜੇ ਤੱਕ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਗਿਆ। ਪਿੰਡ ਉਦੇਕਰਨ ਵਿੱਚ ਬਰਸਾਤੀ ਪਾਣੀ ਦੀ ਮਾਰ ਇਸ ਕਦਰ ਹੋਈ ਹੈ ਕਿ ਪਿੰਡ ਵਿੱਚੋਂ ਲੰਘਦੀ ਰੇਲਵੇ ਲਾਈਨ 'ਤੇ ਪਾਣੀ ਭਰ ਗਿਆ ਹੈ, ਉਥੇ ਹੀ ਖੇਤਾਂ ਵਿੱਚ ਨਰਮੇ ਤੇ ਝੋਨੇ ਦੀ ਫ਼ਸਲ ਵੀ ਪਾਣੀ ਦੀ ਮਾਰ ਹੇਠ ਆਈ ਹੈ। ਪਿੰਡ ਵਾਸੀ ਹਰਬੰਸ ਸਿੰਘ, ਤਰੇਸ਼ ਕੁਮਾਰ, ਇਕਬਾਲ ਸਿੰਘ, ਕੌਰਾ ਸਿੰਘ, ਕਾਬਲ ਸਿੰਘ, ਅਮਰਜੀਤ ਸਿੰਘ ਤੇ ਮਾਡਲ ਟਾਉੂਨ ਦੇ ਰਮੇਸ਼ ਕੁਮਾਰ, ਗੁਰਮੇਲ ਸਿੰਘ, ਨਰਿੰਦਰ, ਓਮ ਪ੍ਰਕਾਸ਼ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬਦਬੂ ਪੈਦਾ ਹੋ ਰਹੀ ਹੈ ਤੇ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ। ਉਧਰ ਜਦੋਂ ਇਸ ਸਬੰਧੀ ਜ਼ਿਲ੍ਹਾ ਭਲਾਈ ਅਫ਼ਸਰ ਜਗਮੋਹਨ ਸਿੰਘ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਜਲਦੀ ਹੀ ਇੰਨ੍ਹਾਂ ਖੇਤਰਾਂ ਵਿੱਚ ਪਾਣੀ ਦੀ ਨਿਕਾਸੀ ਕਰ ਦਿੱਤੀ ਜਾਵੇਗੀ।
ਬਾਕਸ
ਸੀਆਈਏ ਸਟਾਫ਼ ਦੀ ਇਮਾਰਤ 'ਤੇ ਵੀ ਪਾਣੀ ਦੀ ਮਾਰ, ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਥਾਣਾ ਸਿਟੀ 'ਚ ਭੇਜਿਆ
ਪਿੰਡ ਉਦੇਕਰਨ ਸਥਿਤ ਸੀਆਈਏ ਸਟਾਫ਼ ਦੀ ਇਮਾਰਤ 'ਚ ਮੀਂਹ ਦਾ ਪਾਣੀ ਦਾਖ਼ਲ ਹੋਣ ਕਰਕੇ ਪੁਲਿਸ ਨੇ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਭਾਰੀ ਸੁਰੱਖਿਆ ਫੋਰਸ ਵਿੱਚ ਉਥੋਂ ਤਬਦੀਲ ਕਰਕੇ ਥਾਣਾ ਸਿਟੀ ਵਿਖੇ ਭੇਜ ਦਿੱਤਾ ਗਿਆ ਹੈ। ਗੈਂਗਸਟਰ ਅਨਮੋਲ ਬਿਸ਼ਨੋਈ ਦੀ ਨਿਗਰਾਨੀ ਰੱਖਣ ਲਈ ਪੁਲਿਸ ਨੇ ਸਟਾਫ਼ ਦੀ ਇਮਾਰਤ ਨੂੰ ਪੁਲਿਸ ਛਾਉਣ ਵਿੱਚ ਤਬਦੀਲ ਕਰ ਦਿੱਤਾ ਤੇ ਹੁਣ ਥਾਣਾ ਸਿਟੀ ਦੇ ਚਾਰੇ ਪਾਸੇ ਪੁਲਿਸ ਪਹਿਰੇ ਸਖ਼ਤ ਕਰ ਦਿੱਤੇ ਗਏ ਹਨ। ਵਰਣਨਯੋਗ ਹੈ ਕਿ ਦਸ ਲੱਖ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿੱਚ ਗੈਂਗਸਟਰ ਅਨਮੋਲ ਬਿਸ਼ਨੋਈ ਦਾ ਸ੍ਰੀ ਮੁਕਤਸਰ ਸਾਹਿਬ ਮਾਣਯੋਗ ਅਦਾਲਤ ਨੇ 28 ਜੁਲਾਈ ਤੱਕ ਪੁਲਿਸ ਰਿਮਾਂਡ ਦਿੱਤਾ ਹੋਇਆ ਹੈ।