ਪਾਣੀ ਨੇ ਖੋਲੀ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ
ਅਸ਼ੋਕ ਵਰਮਾ
ਬਠਿੰਡਾ, 20 ਜੁਲਾਈ 2020: ਬੀਤੀ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋਈ ਬਾਰਸ਼ ਨੇ ਬੰਿਠਡਾ ਪੱਟੀ ਨੂੰ ਜਲਥਲ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਜਨ ਜੀਵਨ ਪੂਰੀ ਤਰਾਂ ਠੱਪ ਹੋ ਕੇ ਰਹਿ ਗਿਆ ਹੈ । ਬਾਰਸ਼ ਬੰਦ ਹੋਣ ਤੋਂ ਕਾਫੀ ਸਮਾਂ ਬਾਅਦ ਪਾਣੀ ਘਟ ਗਿਆ ਫਿਰ ਵੀ ਪਾਣੀ ਤੋਂ ਰਾਹਤ ਨਹੀਂ ਮਿਲ ਸਕੀ ਹੈ। ਬਠਿੰਡਾ ਦੇ ਕਰੀਬ ਇੱਕ ਦਰਜਨ ਇਲਾਕਿਆਂ ਨੂੰ ਪਾਣੀ ਨੇ ਆਪਣੀ ਲਪੇਟ ’ਚ ਲੈ ਲਿਆ ਜਦੋਂਕਿ ਜਿਲੇ ਦੇ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਅਤੇ ਮੌੜ ਮੰੰਡੀ ’ਚ ਹਾਲਾਤ ਬਦਤਰ ਹੋ ਗਏ ਹਨ। ਬਠਿੰਡਾ ’ਚ ਇੱਕ ਕੰਧ ਡਿੱਗਣ ਕਾਰਨ ਇੱਥ ਔਰਤ ਗੰਭੀਰ ਜਖਮੀ ਹੋ ਗਈ ਜਿਸ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਹਸਪਤਾਲ ਦਾਖਲ ਕਰਵਾਇਆ ਹੈ। ਬਠਿੰੰੰਡਾ ’ਚ ਅੱਜ 29.8 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ। ਹਾਲਾਂਕਿ ਸ਼ੁਰੂ ਵਿੱਚ ਹੋਈ ਬਾਰਸ਼ ਦੀ ਰਫਤਾਰ ਘੱਟ ਸੀ ਪਰ ਸਵੇਰ ਵਕਤ ਮੀਂਹ ਦੇ ਤੇਜੀ ਫੜਨ ਕਰਕੇ ਕਈ ਇਲਾਕੇ ਪਾਣੀ ’ਚ ਘਿਰ ਗਏ ਜਿੰਨਾਂ ’ਚ ਐਸਐਸਪੀ ਦੀ ਰਿਹਾਇਸ਼ ਵੀ ਸ਼ਾਮਲ ਹੈ। ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਅਗਲਾ ਗੇਟ ਪੂਰੀ ਤਰਾਂ ਬੰਦ ਕਰ ਦਿੱਤਾ ਗਿਆ ਜਦੋਂਕਿ ਪਿਛਲੇ ਗੇਟ ਤੇ ਬੋਰੀਆਂ ਲਾਉਣੀਆਂ ਪਈਆਂ ਤਾਂ ਜੋ ਪਾਣੀ ਕੋਠੀ ਦੇ ਅੰਦਰ ਦਾਖਲ ਨਾਂ ਹੋ ਸਕੇ।
ਸ਼ਹਿਰ ਦਾ ਸਿਰਕੀ ਬਜ਼ਾਰ, ਮਾਲ ਰੋਡ, ਕੌਮੀ ਮਾਰਗ, ਮਹਿਲਾ ਥਾਣਾ ਅਤੇ ਪਾਵਰ ਹਾਊਸ ਤੋਂ ਇਲਾਵਾ ਬਠਿੰਡਾ ਦੇ ਮਿੰਨੀ ਸਕੱਤਰੇਤ ਦਾ ਪਿਛਲਾ ਇਲਾਕਾ ਸਮੁੰਦਰ ਬਣਿਆ ਪਿਆ ਸੀ। ਅੱਜ ਮਹਿਲਾ ਥਾਣੇ ’ਚ ਜਾਣ ਵਾਲੇ ਮੁਲਾਜਮਾਂ ਅਤੇ ਆਮ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ਤੇ ਪਾਣੀ ’ਚ ਡੁੱਬਣ ਕਰਕੇ ਮੋਟਰਸਾਈਕਲਾਂ ਅਤੇ ਐਕਟਿਵਾ ਸਕੂਟਰਾਂ ਦੇ ਖਰਾਬ ਹੋਣ ਦੀ ਖਬਰ ਵੀ ਹੈ ਜਿੰਨਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਪਾਣੀ ਚੋਂ ਬਾਹਰ ਕੱਢਿਆ ਗਿਆ। ਪਹਿਲੀ ਜੋਰਦਾਰ ਵਰਖਾ ਨੇ ਹੀ ਅੱਜ ਪ੍ਰਸ਼ਾਸ਼ਨ ਵੱਲੋਂ ਹੜ ਰੋਕੂ ਇੰਤਜਾਮਾਂ ਦੀ ਪੋਲ ਖੋਲ ਦਿੱਤੀ ਹੈ ਨਗਰ ਨਿਗਮ ਬਠਿੰਡਾ ਦੇ ਕੀਤੇ ਪ੍ਰਬੰਧ ਵੀ ਧਰੇ-ਧਰਾਏ ਰਹਿ ਗਏ ਹਨ। ਮੁੱਖ ਸੜਕ ਸਮੇਤ ਕਈ ਇਲਾਕਿਆਂ ’ਚ ਪੂਰੀ ਤਰਾਂ ਪਾਣੀ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਰਹੀ। ਖੇਤੀ ਸੈਕਟਰ ’ਚ ਨਹਿਰੀ ਪਾਣੀ ਦੀ ਮੰਗ ਇੱਕਦਮ ਹੇਠਾਂ ਆ ਗਈ ਹੈ । ਨਹਿਰਾਂ ’ਚ ਪਾਣੀ ਵੀ ਵਧ ਗਿਆ ਹੈ ਅਤੇ ਪਾਵਰਕੌਮ ਨੂੰ ਵੀ ਰਾਹਤ ਮਿਲੀ ਹੈ।
ਓਧਰ ਮੌੜ ਮੰਡੀ ਵਿਚ ਗਊਸ਼ਾਲਾ ਰੋਡ ਤੇ ਬਣੇ ਮੇਨ ਹੋਲਾਂ ਦੀ ਸਫਾਈ ਨਾਂ ਹੋਣ ਕਰਕੇ ਪਾਣੀ ਦਾ ਸਮੁੰਦਰ ਬਣਿਆ ਪਿਆ ਸੀ। ਇਸੇ ਤਰਾਂ ਹੀ ਲੜਕੀਆਂ ਦੇ ਸਕੂਲ ਵਾਲੇ ਪਾਸੇ ਸਵੀਰੇਜ਼ ਬੰਦ ਪਿਆ ਹੈ ਇਸੇ ਤਰਾਂ ਹੀ ਮੌੜ ਕਲਾਂ ਵਾਲੇ ਪਾਸੇ ਵੀ ਬਾਰਸ਼ ਨੇ ਵਿਕਾਸ ਤੇ ਪਾਣੀ ਫੇਰ ਦਿੱਤਾ ਹੈ। ਨੌਜਵਾਨ ਵੈਲਫੇਅਰ ਸੁਸਾਇਅੀ ਮੌੜ ਦੇ ਚੇਅਰਮੈਨ ਹੈਪੀ ਜਿੰਦਲ ਦਾ ਕਹਿਣਾ ਸੀ ਕਿ ਮੰਡੀ ਵਾਸੀ ਵਰਿਆਂ ਤੋਂ ਪਾਣੀ ਦੀ ਮਾਰ ਝੱਲ ਰਹੇ ਹਨ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਹੈ। ਉਨਾਂ ਦੱਸਿਆ ਕਿ ਜਦੋਂ ਵੀ ਬਾਰਸ਼ ਆਉਂਦੀ ਹੈ ਤਾਂ ਲੋਕ ਅਨਹੋਣੀ ਦੇ ਡਰੋਂ ਸਹਿਮ ਜਾਂਦੇ ਹਨ। ਉਨਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਤਾਂ ਇੱਥ ਘਰ ਦੀ ਛੱਤ ਡਿੱਗਣ ਕਾਰਨ ਮੌਤਾਂ ਵੀ ਹੋਈਆਂ ਸਨ। ਸ੍ਰ ਿਜੰਦਲ ਨੇ ਮੰਗ ਕਮੀਤੀ ਕਿ ਸਰਕਾਰ ਪਹਿਲ ਦੇ ਅਧਾਰ ਤੇ ਨਿਕਾਸੀ ਦਾ ਮਸਲਾ ਹੱਲ ਕਰਕੇ ਲੋਕਾਂ ਨੂੰ ਰਾਹਤ ਦਿਵਾਏ।
ਇਵੇਂ ਹੀ ਤਲਵੰਡੀ ਸਾਬੋ ’ਚ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਣ ਵਾਲੀ ਸੜਕ ਵੀ ਪਾਣੀ ਨਾਲ ਭਰੀ ਹੋਈ ਸੀ। ਅੱਜ ਮੱਸਿਆ ਹੋਣ ਕਰਕੇ ਤਖਤ ਸਾਹਿਬ ਤੇ ਨਤਮਸਤਕ ਹੋਣ ਲਈ ਆਈ ਸੰੰਗਤ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬਾਰਸ਼ ਕਾਰਨ ਖਲੋਤਾ ਪਾਣੀ ਛੱਪੜ ਦਾ ਦਿ੍ਰਸ਼ ਪੇਸ਼ ਕਰ ਰਿਹਾ ਹੈ। ਉਨਾਂ ਦੱਸਿਆ ਕਿ ਸਰਕਾਰ ਕਰੋੜਾਂ ਰੁਪਏ ਖਰਚ ਕਰਨ ਦਾ ਦਾਅਵਾ ਕਰਦੀ ਹੈ ਪਰ ਹਾਲਾਤ ਸੁਧਰੇ ਨਹੀਂ ਹਨ। ਭਾਵੇਂ ਬਾਅਦ ’ਚ ਧੁੱਪ ਨਿੱਕਲੀ ਅਤੇ ਅਸਮਾਨ ਸਾਫ ਹੋ ਗਿਆ ਪਰ ਲੋਕ ਪਾਣੀ ਕਾਰਨ ਪੈਦਾ ਹੋਈਆਂ ਦਿੱਕਤਾਂ ਨਾਲ ਜੂਝਦੇ ਰਹੇ। ਮੀਂਹ ਕਾਰਨ ਪ੍ਰਭਾਵਿਤ ਹੋਏ ਜਨਜੀਵਨ ਦਾ ਹੀ ਸਿੱਟਾ ਹੈ ਕਿ ਬਠਿੰਡਾ ਸਮੇਤ ਹੋਰ ਸ਼ਹਿਰਾਂ ’ਚ ਰੌਣਕ ਘੱਟ ਰਹੀ। ਜ਼ਿਲਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੁੱਚੇ ਹਾਲਾਤਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਲੋੜ ਅਨੁਸਾਰ ਫੌਰੀ ਸਹਾਇਤਾ ਦਿੱਤੀ ਜਾਵੇਗੀ। ਸੰਪਰਕ ਕਰਨ ਤੇ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰ੍ਰ੍ਰ੍ਰੀ ਨਿਵਾਸਨ ਨੇ ਫੋਨ ਨਹੀਂ ਚੁੱਕਿਆ।
ਕਮਿਸ਼ਨਰ ਵੱਲੋਂ ਸ਼ਹਿਰ ਦਾ ਦੌਰਾ
ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਵੀ ਬਾਰਸ਼ ਦੇ ਮੱਦੇਨਜ਼ਰ ਆਪਣੇ ਅਧਿਕਾਰੀਆਂ ਨਾਲ ਪਾਣੀ ਪ੍ਰਭਾਵਿਤ ਥਾਵਾਂ ਦਾ ਜਾਇਜਾ ਲਿਆ। ਹਾਲਾਂਕਿ ਸੰਪਰਕ ਕਰਨ ਤੇ ਉਨਾਂ ਫੋਨ ਨਹੀਂ ਚੁੱਕਿਆ ਪਰ ਸੂਤਰ ਆਖਦੇ ਹਨ ਕਿ ਕਮਿਸ਼ਨਰ ਇਸ ਮੁੱਦੇ ਤੇ ਨਰਾਜ਼ ਦਿਖੇ। ਉਨਾਂ ਨਿਗਮ ਦੇ ਅਫਸਰਾਂ ਨੂੰ ਸਥਿਤੀ ਤੇ ਕਾਬੂ ਪਾਉਣ ਲਈ ਵੀ ਕਿਹਾ ਹੈ।