← ਪਿਛੇ ਪਰਤੋ
ਐਸ.ਐਸ.ਪੀ.ਪਟਿਆਲਾ ਵੱਲੋਂ ਕੋਵਿਡ-19 ਤੋਂ ਬਚਣ ਲਈ ਲੋਕਾਂ ਨੂੰ ਸਾਵਧਾਨੀਆਂ ਵਤਰਣ ਦੀ ਅਪੀਲ ਜੀ ਐਸ ਪੰਨੂ ਪਟਿਆਲਾ, 27 ਜੁਲਾਈ 2020: ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19 ਤੋਂ ਬਚਣ ਲਈ ਸਾਵਧਾਨੀਆਂ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਅਮਨ ਕਾਨੂੰਨ ਨੂੰ ਕਾਇਮ ਰੱਖਣ ਦੇ ਨਾਲ-ਨਾਲ ਮੁੱਖ ਮੰਤਰੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਵੀ 24 ਘੰਟੇ ਤਤਪਰ ਹੈ। ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਮਿਸ਼ਨ ਫ਼ਤਿਹ ਤਹਿਤ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਨਤਕ ਥਾਵਾਂ 'ਤੇ, ਸਫ਼ਰ ਕਰਦਿਆਂ ਅਤੇ ਡਰਾਇਵਿੰਗ ਵੇਲੇ ਮਾਸਕ ਨਾ ਪਾਉਣ ਵਾਲਿਆ ਸਮੇਤ ਜਨਤਕ ਥਾਵਾਂ 'ਤੇ ਥੁੱਕਣ ਵਾਲਿਆਂ ਦੇ ਚਲਾਨ ਕੱਟਕੇ ਜੁਰਮਾਨੇ ਕੀਤੇ ਜਾ ਰਹੇ ਹਨ ਅਤੇ ਕੋਵਿਡ ਉਲੰਘਣਾਵਾਂ ਦੇ ਹੁਣ ਤੱਕ ਕੁਲ 11501 ਚਲਾਨ ਕੱਟਕੇ 52 ਲੱਖ 30 ਹਜ਼ਾਰ 400 ਰੁਪਏ ਜੁਰਮਾਨਾ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ ਵਾਲਿਆਂ ਦੇ ਹੁਣ ਤੱਕ 11373 ਚਲਾਨ ਕੱਟਕੇ 51 ਲੱਖ 11400 ਰੁਪਏ ਜੁਰਮਾਨੇ ਵਜੋਂ ਵਸੂਲੇ ਹਨ। ਜਦੋਂਕਿ ਜਨਤਕ ਥਾਵਾਂ 'ਤੇ ਥੁੱਕਣ ਦੇ ਕੁਲ 81 ਜਣਿਆਂ ਦੇ ਚਲਾਨ ਕਰਕੇ 17000 ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਇਸੇ ਤਰ੍ਹਾਂ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਸਬੰਧੀਂ 45 ਚਲਾਨ ਕੱਟੇ ਹਨ ਜਿਸ ਲਈ 98000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਸਿੱਧੂ ਨੇ ਘਰੇਲੂ ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ 2 ਜਣਿਆਂ ਦੇ ਚਲਾਨ ਕੱਟਕੇ 4000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਲੋਕਾਂ ਨੂੰ ਘਰੋਂ ਬਾਹਰ ਨਿਕਲਦੇ ਹੀ ਮਾਸਕ ਪਾਉਣ, ਜਨਤਕ ਥਾਵਾਂ 'ਤੇ ਨਾ ਥੁੱਕਣ ਆਦਿ ਹਦਾਇਤਾਂ ਦਾ ਪਾਲਣ ਨਾ ਕਰਨ 'ਤੇ ਚਲਾਣ ਅਤੇ ਜੁਰਮਾਨਿਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਵਿਰੁੱਧ ਐਪੀਡੈਮਿਕ ਡਿਸੀਜ ਐਕਟ 1897 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Total Responses : 267