ਅਸ਼ੋਕ ਵਰਮਾ
ਮਾਨਸਾ, 25 ਅਕਤੂਬਰ 2020 - ਮੋਦੀ ਸਰਕਾਰ ਦੇ ਸਰਮਾਏਦਾਰ ਪੱਖੀ ਨੀਤੀ ਤੇ ਮਾੜੇ ਫੈਸਲਿਆਂ ਕਰਕੇ ਲੋਕਾਂ ਨੂੰ ਮੋਦੀ ਦੇ ਪੁਤਲੇ ਫੂਕਣ ਲਈ ਮਜ਼ਬੂਰ ਹਨ। ਕਿਸਾਨ ਅੰਦੋਲਨ ਦੇ 25ਵੇਂ ਦਿਨ ਮੌਕੇ ਬੀ.ਕੇ.ਯੂ. ਕਾਦੀਆਂ ਹਰਦੇਵ ਸਿੰਘ ਕੋਟਧਰਮੂ, ਕੁੱਲ ਹਿੰਦ ਕਿਸਾਨ ਸਭਾ ਕਿ੍ਰਸ਼ਨ ਚੌਹਾਨ, ਬੀ.ਕੇ.ਯੂ. ਲੱਖੋਵਾਲ ਗੁਰਦੇਵ ਸਿੰਘ ਦਲੀਏਵਾਲੀ, ਬੀ.ਕੇ.ਯੂ. ਮਾਨਸਾ ਤੇਜ ਸਿੰਘ ਚਕੇਰੀਆਂ, ਬੀ.ਕੇ.ਯੂ. ਸਿੱਧੂਪੁਰ ਬਾਬੂ ਸਿੰਘ ਜੌੜਕੀਆਂ, ਜਮਹੂਰੀ ਕਿਸਾਨ ਯੂਨੀਅਨ ਮਾਸਟਰ ਛੱਜੂ ਰਾਮ ਰਿਸ਼ੀ, ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ ਮਾਨਸਾ, ਬੀ.ਕੇ.ਯੂ. ਕ੍ਰਾਂਤੀਕਾਰੀ ਪੰਜਾਬ ਜਲੌਰ ਸਿੰਘ, ਬੀ.ਕੇ.ਯੂ. ਡਕੌਂਦਾ ਦੀ ਆਗੂ ਐਡਵੋਕੇਟ ਬਲਵੀਰ ਕੌਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਜਨ ਸਿੰਘ ਘੁੰਮਣ ਆਗੂਆਂ ਨੇ ਕਿਹਾ ਕਿ ਕਿ ਰਾਮਰਾਜ ਦੇ ਬਣਾਉਣ ਲਈ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਦੇਸ਼ ਵਿੱਚ ਅੰਬਾਨੀਆਂ/ਅਡਾਨੀਆਂ ਨੂੰ ਦੇਸ਼ ਦੀ ਸੰਪਤੀ ਦੇਣ ਵਾਲੇ ਨਰਿੰਦਰ ਮੋਦੀ ਸਰਮਾਏਦਾਰਾਂ ਦੇ ਝੋਲੀ ਚੁੱਕ ਬਣ ਚੁੱਕੇ ਹਨ।
ਕਿਸਾਨ ਆਗੂਆਂ ਨੇ ਕਿਹਾ ਦੇਸ਼ ਵਿੱਚ ਫੈਲੇ ਭਿ੍ਰਸ਼ਟਾਚਾਰ, ਰਿਸ਼ਵਤਖੋਰੀ, ਬੇਰੁਜ਼ਗਾਰੀ ਨੇ ਪੂਰੀ ਦੁਨੀਆਂ ਵਿੱਚ ਭਾਰਤ ਨੂੰ ਬਦਨਾਮ ਕਰ ਦਿੱਤਾ ਹੈ ਜਿਸ ਲਈ ਅਸਲ ’ਚ ਸਿਆਸੀ ਨੇਤਾ ਜਿੰਮੇਵਾਰ ਹਨ। ਪੰਜਾਬ ਵਿੱਚ ਸਰਬਸੰਮਤੀ ਨਾਲ ਕੇਂਦਰ ਦੇ ਮਤੇ ਰੱਦ ਕਰਨ ਤੇ ਕਿਸਾਨ ਅੰਦੋਲਨ ਦੀ ਜਿੱਤ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਵਿੱਚ ਕੇਵਲ 10 ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ ਇਸ ਲਈ ਬਾਕੀ 19 ਰਾਜਾਂ ਦੀਆਂ ਸਰਕਾਰਾਂ ਨੂੰ ਸਰਬਸੰਮਤੀ ਨਾਲ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਕਰਕੇ ਸੰਵਿਧਾਨਕ ਤੌਰ ਤੇ ਕੇਂਦਰ ਸਰਕਾਰ ਨੂੰ ਵੀ ਇਸ ਰਾਹ ਪੈਣਾ ਚਾਹੀਦਾ ਹੈ। ਇਸ ਮੌਕੇ ਧੰਨਾ ਮੱਲ ਗੋਇਲ ਦੀ ਅਗਵਾਈ ’ਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋ ਮੁਫਤ ਸਿਹਤ ਸੇਵਾਵਾਂ ਜਾਰੀ ਹਨ। ਇਸ ਮੌਕੇ ਦਰਸ਼ਨ ਸਿੰਘ ਜਟਾਣਾ, ਲੰਗਰ ਕਮੇਟੀ ਕਰਨੈਲ ਸਿੰਘ ਮਾਨਸਾ, ਇਕਬਾਲ ਸਿੰਘ ਮਾਨਸਾ, ਸੰਚਾਲਕ ਕਮੇਟੀ ਉਗਰ ਸਿੰਘ ਮਾਨਸਾ ਵੀ ਸ਼ਾਮਲ ਸਨ।