ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 6 ਨਵੰਬਰ 2020 - ਖੇਤੀ ਕਾਨੂੰਨਾਂ ਦੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਦੇ ਪੱਕੇ ਮੋਰਚੇ ਲਗਾਤਾਰ ਜਾਰੀ ਹੈ। ਜ਼ਿਲ੍ਹੇ ਦੇ ਪਿੰਡ ਵੜਿੰਗ ਦੇ ਟੋਲ ਪਲਾਜ਼ੇ ’ਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਦਾ ਪੱਕਾ ਮੋਰਚਾ ਵੀ ਚੱਲ ਰਿਹਾ ਹੈ, ਜਿੱਥੇ ਅੱਜ ਮੋਰਚੇ ਦੌਰਾਨ ਇਨਕਲਾਬੀ ਨਾਟਕ ਤੇ ਗੀਤ ਸੰਗੀਤ ਪ੍ਰੋਗਰਾਮ ਪੇਸ਼ ਕਰਦਿਆਂ ਕਲਾਕਾਰਾਂ ਨੇ ਰੰਗ ਬੰਨ੍ਹੀ ਰੱਖਿਆ।
ਇਹ ਪ੍ਰੋਗਰਾਮ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ, ਜਿਸ ਵਿੱਚ ਕਲਾਕਾਰਾਂ ਨੇ ‘ਉੱਠਣ ਦਾ ਵੇਲਾ’ ਇਨਕਲਾਬੀ ਨਾਟਕ ਖੇਡਿਆ, ਜਦੋਂਕਿ ਇਨਕਲਾਬੀ ਗੀਤਕਾਰ ਅਤੇ ਗਾਇਕ ਜਗਸੀਰ ਜੀਦਾ ਅਤੇ ਉਸਦੇ ਸਾਥੀਆਂ ਵੱਲੋਂ ਇਨਕਲਾਬੀ ਬੋਲੀਆਂ ਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਇਸ ਸਮੇਂ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਹਰਪ੍ਰੀਤ ਸਿੰਘ ਝਬੇਲਵਾਲੀ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਅਜਾਦ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਫਾਸ਼ੀਵਾਦੀ ਹੱਲੇ ਤਹਿਤ ਇਕ ਤੋਂ ਇਕ ਵੱਧ ਕੇ ਘਾਤਕ ਕਾਨੂੰਨ ਲੋਕਾਂ ’ਤੇ ਮੜ੍ਹ ਰਹੀ ਹੈ।
ਇਸੇ ਏਜੰਡੇ ਤਹਿਤ ਹੀ ਖੇਤੀ ਵਿਰੋਧੀ ਕਾਨੂੰਨ ਪਾਸ ਕਰਕੇ ਜਲ, ਜੰਗਲ ਤੇ ਜਮੀਨ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੀ ਹੈ। ਇਸੇ ਤਹਿਤ ਹੀ ਮਾਲ ਗੱਡੀਆਂ ਬੰਦ ਕੀਤੀਆ ਗਈਆਂ ਹਨ, ਦਿਹਾਤੀ ਵਿਕਾਸ ਫੰਡ ਰੋਕਿਆ ਗਿਆ ਹੈ, ਪਰ ਇਹ ਸੰਘਰਸ਼ ਹੁਣ ਆਰ ਪਾਰ ਦਾ ਹੈ, ਜੋ ਇੰਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਭਾਰਤ ਦੀਆਂ 346 ਕਿਸਾਨ ਜਥੇਬੰਦੀਆਂ ਦੀ ਅਗਵਾਈ ’ਚ 26-27 ਨਵੰਬਰ ਨੂੰ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੱਡੀ ਗਿਣਤੀ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ।
ਇਨ੍ਹਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ (ਰਾਜਾ) ਥਾਂਦੇਵਾਲਾ, ਬਲਾਕ ਖਜ਼ਾਨਚੀ ਗੁਰਤੇਜ ਝਬੇਲਵਾਲੀ, ਬਲਾਕ ਦੇ ਆਗੂ ਲਖਵਿੰਦਰ ਵੜਿੰਗ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਆਗੂ ਗੁਰਦੇਵ ਸਿੰਘ ਵੱਟੂ ਨੇ ਸੰਬੋਧਨ ਕੀਤਾ। ਇਸ ਮੌਕੇ ਔਰਤ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਰਮਜੀਤ ਕੌਰ ਝਬੇਲਵਾਲੀ ਆਪਣੇ ਔਰਤਾਂ ਦੇ ਜਥੇ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਕੰਵਰਜੀਤ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਸਿੰਘ, ਗੁਰਵਿੰਦਰ ਬਰਾੜ ਕਾਲਾ ਸਿੰਘ, ਰਣਜੋਧ ਸਿੰਘ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ, ਅੰਗਰੇਜ ਸਿੰਘ ਕਾਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ।