ਗੁਰਪ੍ਰੀਤ ਸਿੰਘ ਮੰਡਿਆਣੀ
- ਪੰਜਾਬ ਵਿੱਚ ਨਹੀਂ ਪਹੁੰਚ ਰਿਹਾ ਬਾਰਦਾਨਾ, ਸ਼ੈੱਲਰਾਂ ਵਿੱਚੋਂ ਨਹੀਂ ਹੋ ਰਹੀ ਕਣਕ ਦੀ ਚੁਕਾਈ
ਮੋਗਾ, 1 ਨਵੰਬਰ 2020 - ਮਾਲ ਗੱਡੀਆਂ ਦੀ ਆਵਾਜਾਈ ਰੁਕਣ ਨਾਲ ਸੂਬੇ ਵਿੱਚ ਚੱਲ ਰਹੀ ਝੋਨੇ ਦੀ ਖਰੀਦ ਅਤੇ ਨਵੀਂ ਫਸਲ ਨੂੰ ਭੰਡਾਰ ਕਰਨ ਵਿੱਚ ਵੱਡਾ ਸੰਕਟ ਪੈਦਾ ਹੋਣ ਦਾ ਖਦਸ਼ਾ ਬਣ ਗਿਆ ਹੈ। ਇਸ ਨਾਲ ਸੂਬੇ ਦੀ ਆਰਥਿਕਤਾ ਅਤੇ ਕਿਸਾਨੀ ਨੂੰ ਵੱਡੀ ਸੱਟ ਵੱਜ ਸਕਦੀ ਹੈ। ਮਾਲ ਗੱਡੀਆਂ ਨਾ ਚੱਲਣ ਕਾਰਨ ਜਿੱਥੇ ਬਰਦਾਨਾ ਨਹੀਂ ਪਹੁੰਚ ਰਿਹਾ ਹੈ ਉਥੇ ਹੀ ਸ਼ੈੱਲਰਾਂ ਵਿੱਚੋਂ ਕਣਕ ਦੀ ਚੁਕਾਈ ਦਾ ਕੰਮ ਲਗਭਗ ਰੁਕ ਹੀ ਗਿਆ ਹੈ।
ਹੋਰਨਾਂ ਜ਼ਿਲ੍ਹਿਆਂ ਵਾਂਗ ਜ਼ਿਲ੍ਹਾ ਮੋਗਾ ਵਿੱਚ ਵੀ ਬਾਰਦਾਨੇ ਦੀ ਕਮੀ ਸਾਹਮਣੇ ਆਉਣ ਲੱਗੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵਾਰ 13 ਲੱਖ ਮੀਟ੍ਰਿਕ ਟਨ ਝੋਨੇ ਦੀ ਸਰਕਾਰੀ ਖਰੀਦ ਹੋਣ ਦੀ ਸੰਭਾਵਨਾ ਹੈ, ਜਿਸ ਵਿਚੋਂ 8 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਵੀ ਚੁੱਕੀ ਹੈ। ਪਰ ਹੁਣ ਇਸ ਝੋਨੇ ਨੂੰ ਸੰਭਾਲਣ ਲਈ ਬਾਰਦਾਨੇ ਦੀ ਕਮੀ ਹੋ ਗਈ ਹੈ। ਉਹਨਾਂ ਦੱਸਿਆ ਕਿ ਖਰੀਦ ਪ੍ਰਬੰਧਾਂ ਅਧੀਨ 30 ਫੀਸਦੀ ਬਾਰਦਾਨਾ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ ਜਦਕਿ ਬਾਕੀ 70 ਫੀਸਦੀ ਸ਼ੈਲਰ ਮਾਲਕਾਂ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਆਉਣ ਵਾਲਾ ਬਾਰਦਾਨਾ ਕੋਲਕਾਤਾ ਤੋਂ ਆਉਂਦਾ ਹੈ, ਜੋ ਰੇਲਾਂ ਦੀ ਆਵਾਜਾਈ ਰੁਕਣ ਕਰਕੇ ਨਹੀਂ ਆ ਰਿਹਾ ਹੈ। ਕੁਝ ਬਾਰਦਾਨਾ ਸੜਕੀ ਆਵਾਜਾਈ ਰਾਹੀਂ ਲਿਆਂਦਾ ਜਾ ਰਿਹਾ ਸੀ, ਉਹ ਵੀ ਫਰੀਦਾਬਾਦ (ਹਰਿਆਣਾ) ਵਿਖੇ ਰੋਕ ਦਿੱਤਾ ਹੋਇਆ ਹੈ। ਜੇਕਰ ਅਗਲੇ ਕੁਝ ਦਿਨ ਹੋਰ ਇਹ ਬਾਰਦਾਨਾ ਨਾ ਆ ਸਕਿਆ ਤਾਂ ਹੋਰਾਂ ਜ਼ਿਲ੍ਹਿਆਂ ਵਾਂਗ ਮੋਗਾ ਵਿੱਚ ਵੀ ਖਰੀਦ ਪ੍ਰਕਿਰਿਆ ਨੂੰ ਰੋਕ ਲੱਗ ਸਕਦੀ ਹੈ। ਉਹਨਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਉਮੀਦ ਹੈ ਕਿ ਪੰਜਾਬ ਸਰਕਾਰ ਦੇ ਯਤਨਾਂ ਨੂੰ ਬੂਰ ਪਵੇਗਾ।
ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਨੇ ਕਿਹਾ ਕਿ ਰੇਲਾਂ ਦੀ ਆਵਾਜਾਈ ਰੁਕਣ ਨਾਲ ਬਾਹਰੀ ਰਾਜਾਂ ਨੂੰ ਕਣਕ ਭੇਜਣ ਵਿੱਚ ਵੀ ਭਾਰੀ ਦਿੱਕਤ ਆ ਰਹੀ ਹੈ। ਸਪੈਸ਼ਲ ਨਾ ਲੱਗਣ ਕਾਰਨ ਸ਼ੈੱਲਰਾਂ ਵਿੱਚ ਪੁਰਾਣੀ ਕਣਕ ਦੇ ਅੰਬਾਰ ਲੱਗੇ ਪਏ ਹਨ। ਜੇਕਰ ਰੇਲਾਂ ਨਾ ਰੁਕਦੀਆਂ ਤਾਂ ਇਹ ਸ਼ੈੱਲਰ ਹੁਣ ਤੱਕ ਖਾਲੀ ਹੋ ਜਾਣੇ ਸੀ ਪਰ ਇਸ ਵਾਰ ਇਹ ਹਾਲੇ ਤੱਕ ਨਹੀਂ ਹੋ ਸਕਿਆ ਹੈ। ਇਹ ਕਣਕ ਹੋਰਾਂ ਰਾਜਾਂ ਨੂੰ ਭੇਜਣ ਲਈ ਰੇਲਾਂ ਦਾ ਚੱਲਣਾ ਬਹੁਤ ਜਰੂਰੀ ਹੈ।