ਅਸ਼ੋਕ ਵਰਮਾ
ਬਰਨਾਲਾ, 25 ਅਕਤੂਬਰ 2020 - ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦੇ ਸੱਦੇ ਤੇ ਅੱਜ ਹਜਾਰਾਂ ਦੀ ਗਿਣਤੀ ’ਚ ਔਰਤਾਂ ਕਿਸਾਨਾਂ ,ਮਜਦੂਰਾਂ ,ਵਿਦਿਆਰਥੀਆਂ,ਦੁਕਾਨਦਾਰਾਂ ਅਤੇ ਹੋਰ ਵੱਖ ਵੱਖ ਵਰਗਾਂ ਨੇ ਬਰਨਾਲਾ ਸ਼ਹਿਰ ’ਚ ਜਬਰਦਸਤ ਨਾਅਰੇਬਾਜੀ ਦੌਰਾਨ ਰੋਹ ਭਰਿਆ ਰੋਸ ਮੁਜਾਹਰਾ ਕਰਕੇ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜੇ। ਮੁਜਾਹਰਾਕਾਰੀਆਂ ਨੇ ਮੋਦੀ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਬੁਖਲਾਹਟ ਵਿੱਚ ਆ ਕੇ ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ ਨੂੰ ਵਿਚੋਲਿਆਂ ਤੇ ਦਲਾਲਾਂ ਦਾ ਸੰਘਰਸ਼ ਕਹਿਣ ਤਿੱਖੀ ਪਤੀਕਿਰਿਆ ਪ੍ਰਗਟਾਈ ਅਤੇ ਖੇਤੀ ਕਾਨੂੰਨਾਂ ਨੂੰ ਤੁਗਲਕੀ ਫਰਮਾਨ ਕਰਾਰ ਦਿੰਦਿਆਂ ਆਖਿਆ ਕਿ ਕਿਸਾਨਾਂ ਵਿੱਚ ਪਹਿਲਾਂ ਨਾਲੋਂ ਗੁੱਸਾ ਹੋਰ ਵਧ ਗਿਆ ਹੈ ਜੋਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਤੇ ਸ਼ਾਂਤ ਹੋਵੇਗਾ। ਉਹਨਾਂ ਕਿਹਾ ਕਿ ਇਸ ਨਾਲ ਇਕੱਲੇ ਕਿਸਾਨ ਹੀ ਪ੍ਰਭਾਵਿਤ ਨਹੀਂ ਹੋਣਗੇ, ਸਗੋਂ ਪੰਜਾਬ ਦਾ ਹਰ ਵਰਗ ਭਾਵੇਂ ਉਹ ਮੰਡੀ ਮਜ਼ਦੂਰ , ਛੋਟਾ ਦੁਕਾਨਦਾਰ , ਛੋਟਾ ਵਪਾਰੀ ਹੋਵੇ, ਹਰ ਇੱਕ ਵਰਗ ਦੇ ਰੁਜਗਾਰ ‘ਤੇ ਬੁਰਾ ਅਸਰ ਪਵੇਗਾ। ਕਿਸਾਨ ਜਥੇਬੰਦੀਆਂ ਵੱਲੋਂ ਲਾਏ ਮੋਰਚੇ ਦੇ ਅੱਜ 25ਵੇਂ ਦਿਨ ਰੇਲਵੇ ਸਟੇਸ਼ਨ, ਮਾਲ, ਟੌਲ ਪਲਾਜ਼ੇ ਅਤੇ ਪਟਰੌਲ ਪੰਪ ਵੀ ਬੰਦ ਕੀਤੇ ਹੋਏ ਹਨ।
ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਦੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਸੂਬਾ ਆਗੂ ਬਲਵੰਤ ਸਿੰਘ ਉੱਪਲੀ, ਭਾਰਤੀ ਕਿਸਾਨ ਯੁਨੀਅਨ ਸਿੱਧੂਪੁਰ ਦੇ ਨਛੱਤਰ ਸਿੰਘ ਸਹੌਰ, ਕਰਨੈਲ ਸਿੰਘ, ਬੀ.ਕੇ.ਯੂ ਕਾਦੀਆਂ ਦੇ ਜਗਸੀਰ ਸਿੰਘ ਸੀਰਾ, ਸਿਕੰਦਰ ਸਿੰਘ , ਬੀ.ਕੇ.ਯੂ ਰਾਜੇਵਾਲ ਦੇ ਗਿਆਨੀ ਨਿਰਭੈ ਸਿੰਘ, ਕ੍ਰਾਂਤੀਕਾਰੀ ਕਿਸਾਨ ਯੁਨੀਅਨ ਦੇ ਪਵਿੱਤਰ ਸਿੰਘ ਲਾਲੀ, ਗੁਰਪ੍ਰੀਤ ਸਿੰਘ ਗੋਪੀ, ਕੁੱਲ ਹਿੰਦ ਕਿਸਾਨ ਸਭਾ (ਸਾਂਬਰ) ਦੇ ਉਜ਼ਾਗਰ ਸਿੰਘ ਬੀਹਲਾ, ਕੁੱਲ ਹਿੰਦ ਕਿਸਾਨ ਸਭਾ ਮਾਸਟਰ ਨਿਰੰਜਣ ਸਿੰਘ, ਜੈ ਕਿਸਾਨ ਅੰਦੋਲਨ ਦੇ ਗੁਰਬਖਸ਼ ਸਿੰਘ ਕੱਟੂ,ਪੰਜਾਬ ਕਿਸਾਨ ਯੁਨੀਅਨ ਦੇ ਜੱਗਾ ਸਿੰਘ ਬਦਰਾ ਅਤੇ ਮੋਹਣ ਸਿੰਘ ਰੂੜੇਕੇ ਨੇ ਕਿਹਾ ਕਿ ਕਿਸਾਨਾਂ ਨੂੰ ਵਿਚੋਲੇ ਅਤੇ ਦਲਾਲ ਦੱਸਣ ਵਾਲੀ ਮੋਦੀ ਸਰਕਾਰ ਵੱਲੋਂ ਖੁਦ ਕਾਰਪੋਰੇਟ ਘਰਾਣਿਆਂ ਦਾ ਵਿਚੋਲਾ ਤੇ ਦਲਾਲ ਬਣ ਕੇ ਅੰਬਾਨੀ ਅਤੇ ਅਡਾਨੀ, ਵਰਗੇ ਹੋਰ ਕਾਰਪੋਰੇਟਾਂ ਨੂੰ ਦੇਸ਼ ਦਾ ਖਜ਼ਾਨਾ ਲੁਟਾਇਆ ਜਾ ਰਿਹਾ ਹੈ ਜਿਸ ਦੇ ਖਿਲਾਫ ਅੱਜ ਪੰਜਾਬ ਦੇ ਹਜਾਰਾਂ ਲੋਕ ਸੜਕਾਂ ਤੇ ਉਤਰ ਕੇ ਸੰਘਰਸ਼ ਦੇ ਰਾਹ ਪਏ ਹੋਏ ਹਨ ਪਰ ਕੇਂਦਰ ਸਰਕਾਰ ਲੋਕ ਵਿਰੋਧੀ ਕਾਨੂੰਨ ਰੱਦ ਕਰਨ ਦੀ ਥਾਂ ਸਾਜਿਸ਼ਾਂ ਰਚ ਰਹੀ ਹੈ।
ਉਹਨਾਂ ਕਿਹਾ ਕਿ ਕਿਸਾਨਾਂ-ਮਜਦੂਰਾਂ ਨੇ ਤਾਂ ਸੱਪਾਂ ਦੀਆਂ ਸਿਰੀਆਂ ਮਿੱਧ-2 ਕੇ ਭਾਰਤ ਨੂੰ ਅਨਾਜ ਪੱਖ ਤੋਂ ਆਤਮ ਨਿਰਭਰ ਬਣਾਉਂਦਿਆਂ ਧਰਤੀ ਹੇਠਲਾ ਪਾਣੀ, ਅਤੇ ਧਰਤੀ ਨੂੰ ਜ਼ਹਿਰੀਲੀ ਬਣਾ ਲਿਆ ਜਿਸ ਦਾ ਮੁੱਲ ਪਾਉਣ ਦੀ ਥਾਂ ਮੋਦੀ ਸਰਕਾਰ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਬਨਾਉਣ ਵੱਲ ਤੁਰ ਪਈ ਹੈ। ਕਿਸਾਨ ਆਗੂਆਂ ਨੇ ਚੇਤਾ ਕਰਾਇਆ ਕਿ ਅੱਜ ਜਿਸ ਤਰਾਂ ਬੀ.ਜੇ.ਪੀ ਵਲੋਂ ਪੰਜਾਬ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਉਸਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹੱਕੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈਪਰ ਪੰਜਾਬ ਦੇ ਕਿਸਾਨ ਆਪਣੇ ਸੰਘਰਸ਼ ਨੂੰ ਸਹੀ ਦਿਸ਼ਾ ਵਿਚ ਲਿਜਾਣ ਲਈ ਜਮਹੂਰੀ ਢੰਗ ਨਾਲ ਚੱਲਦੇ ਹੋਏ ਕਿਸੇ ਵੀ ਹਾਲਤ ਵਿੱਚ ਹੇਠਾਂ ਨਹੀਂ ਲੱਗਣ ਦੇਣਗੇ। ਇਸ ਮੌਕੇ ਔਰਤ ਆਗੂ ਪ੍ਰੇਮਪਾਲ ਕੌਰ, ਅਮਰਜੀਤ ਕੌਰ, ਬਾਰੂ ਸਿੰਘ ਖੁੱਡੀ ਕਲਾਂ, ਗੁਰਮੀਤ ਸੁਖਪੁਰ,ਕੁਲਵੀਰ ਔਲਖ, ਭਾਗ ਸਿੰਘ, ਜ਼ਮਹੂਰੀ ਅਧਿਕਾਰ ਸਭਾ ਦੇ ਮਾਸਟਰ ਹਰਚਰਨ ਸਿੰਘ ਚੰਨਾ, ਗੁਰਦੇਵ ਸਿੰਘ ਮਾਂਗੇਵਾਲ, ਮਲਕੀਤ ਸਿੰਘ, ਸ਼ਿਗਾਰਾ ਸਿੰਘ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਕਾਰਵਾਈ ਜਸਪਾਲ ਸਿੰਘ ਕਲਾਲ ਮਾਜਰਾ ਨੇ ਨਿਭਾਈ।