- ਸਰਕਾਰ ਵੱਲੋਂ ਕਿਸਾਨਾਂ ਦਾ ਸਾਹਮਣਾ ਕਰਨ ਤੋਂ ਭੱਜਣ ਦੀ ਕੀਤੀ ਨਿਖੇਧੀ
- ਅਕਾਲੀ ਦਲ 26 ਨਵੰਬਰ ਦੇ ਕਿਸਾਨ ਮਾਰਚ ਦੀ ਪੂਰੀ ਤਰੀਕੇ ਤੇ ਸਰਗਰਮੀ ਨਾਲ ਹਮਾਇਤ ਕਰੇਗਾ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 24 ਨਵੰਬਰ 2020 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੇਸ਼ ਦੇ ਅੰਨਦਾਤਾ ਨੂੰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਬੇਦਿਮਾਗੇ ਤੇ ਤਬਾਹਕੁੰਨ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਰੋਸ ਪ੍ਰਗਟ ਕਰਨ ਦੇ ਲੋਕਤੰਤਰੀ ਅਧਿਕਾਰ ਨਾ ਦੇਣ ਦੀ ਜ਼ੋਰਦਾਰ ਨਿਖੇਧੀ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਕਿਸਾਨਾਂ ਨੂੰ ਆਖ ਰਹੀ ਹੈ ਕਿ ਉਹਨਾਂ ਲਈ ਬੂਹੇ ਖੁੱਲ੍ਹੇ ਹਨ ਜਦਕਿ ਦੂਜੇ ਪਾਸੇ ਕਿਸਾਨਾਂ ਲਈ ਦਰਵਾਜ਼ੇ ਬੰਦ ਕਰ ਰਹੀ ਹੈ ਤੇ ਉਹਨਾਂ ਨੂੰ ਲੋਕਤੰਤਰੀ ਢੰਗ ਨਾਲ ਵੀ ਰੋਸ ਮੁਜ਼ਾਹਰਾ ਕਰਨ ਦੀ ਆਗਿਆ ਨਹੀਂ ਦੇ ਰਹੀ ਜਦਕਿ ਦੇਸ਼ ਸਾਹਮਣੇ ਆਪਣੀ ਗੱਲ ਰੱਖਣਾ ਕਿਸਾਨਾਂ ਦਾ ਕਾਨੂੰਨੀ ਤੇ ਲੋਕਤੰਤਰੀ ਹੱਕ ਹੈ।
ਅਕਾਲੀ ਦਲ ਮੁਖੀ ਨੇ ਪੁੱਛਿਆ ਕਿ ਇਹ ਕਿਸ ਤਰੀਕੇ ਦਾ ਸਦਭਾਵਨ ਵਾਲਾ ਕਦਮ ਹੈ ਜਿਥੇ ਲੋਕ ਆਪਣੇ ਸੋਚਣ ਤੇ ਬੋਲਣ ਦੇ ਅਧਿਕਾਰ ਦੀ ਆਜ਼ਾਦੀ ਦੇ ਹੱਕ ਦੀ ਵਰਤੋਂ ਨਹੀਂ ਕਰ ਸਕਦੇ ?
ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 26 ਨਵੰਬਰ ਨੂੰ ਦਿੱਲੀ ਵਿਚ ਕਿਸਾਨ ਮਾਰਚ ਦੀ ਖੁੱਲ•ੀ ਹਮਾਇਤ ਵਾਸਤੇ ਤਿਆਰ ਬਰ ਤਿਆਰ ਹੈ ਤੇ ਇਸਨੂੰ ਸਫਲ ਬਣਾਏਗਾ।
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਪੂਰੇ ਦਿਲੋਂ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਹੈ ਤੇ ਇਹ ਕੇਂਦਰ ਸਰਕਾਰ ਨੂੰ ਆਪਣੇ ਬੇਦਿਮਾਗੇ ਕਾਨੂੰਨਾਂ 'ਤੇ ਮੁੜ ਝਾਤ ਮਾਰਨ ਅਤੇ ਕਿਸਾਨਾਂ ਦੇ ਹੱਕ ਵਿਚ ਹਰ ਫੈਸਲਾ ਲੈਣ ਲਈ ਹਰ ਕਦਮ ਚੁੱਕਣ ਵਾਸਤੇ ਮਜਬੂਰ ਕਰੇਗੀ।
ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਰੋਸ ਧਰਨਿਆਂ ਮਗਰੋਂ ਉਹਨਾਂ ਦੀ ਪਾਰਟੀ ਕਿਸਾਨ ਮਾਮਲਿਆਂ 'ਤੇ ਵੱਖਰੇ ਰੋਸ ਧਰਨੇ ਦੇਣ ਤੋਂ ਗੁਰੇਜ਼ ਕਰੇਗੀ ਅਤੇ ਇਸਨੇ ਕਿਸਾਨਾਂ ਵੱਲੋਂ ਦਿੱਤੇ ਪ੍ਰੋਗਰਾਮਾਂ ਅਨੁਸਾਰ ਚੱਲਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਬਾਰੇ ਬਹੁਤ ਸਪਸ਼ਟ ਹਾਂ ਤੇ ਅਸੀਂ ਕੋਈ ਦੁਬਿਧਾ ਨਹੀਂ ਚਾਹੁੰਦੇ। ਅਸੀਂ ਸਿਰਫ ਕਿਸਾਨਾਂ ਦੇ ਹਰ ਮਸਲੇ 'ਤੇ ਸਿਰਫ ਕਿਸਾਨਾਂ ਦੇ ਨਾਲ ਹੀ ਰਹਿਣਾ ਚਾਹੁੰਦੇ ਹਾਂ। ਸਾਨੂੰ ਉਹਨਾਂ 'ਤੇ ਪੂਰਾ ਵਿਸ਼ਵਾਸ ਹੈ।
ਉਹਨਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ 26 ਨਵੰਬਰ ਦੇ ਧਰਨੇ ਦੀ ਸਫਲਤਾ ਲਈ ਲੋੜੀਂਦਾ ਹਰ ਕੰਮ ਕਰਨਗੇ ਅਤੇ ਕਿਸਾਨਾਂ ਦੀ ਮਦਦ ਕਰਨ, ਇਕਜੁੱਟਤਾ ਪ੍ਰਗਟ ਕਰਨ ਦੇਨਾਲ ਹੀ ਧਰਨੇ ਦੀ ਹਮਾਇਤ ਕਰਦਿਆਂ ਇਸ ਵਿਚ ਸ਼ਾਮਲ ਹੋਣਗੇ।
ਉਹਨਾਂ ਕਿਹਾ ਕਿ ਮੈਂ ਪਾਰਟੀ ਵਿਚ ਹਰ ਕਿਸੇ ਨੂੰ ਧਰਨੇ ਦੀ ਸਫਲਤਾ ਲਈ ਕੰਮ ਕਰਨ ਵਾਸਤੇ ਆਖਿਆ ਹੈ। ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਦੀ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਲੰਗਰ ਸਮੇਤ ਕਿਸਾਨਾਂ ਦੀ ਹਰ ਪੱਖੋਂ ਮਦਦ ਤੇ ਸਹਾਇਤਾ ਕੀਤੀ ਜਾਵੇ।