ਅਸ਼ੋਕ ਵਰਮਾ
ਬਠਿੰਡਾ, 24 ਅਕਤੂਬਰ 2020 - ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪਾਂ ਨੂੰ ਤੇਲ ਦੀ ਵਿੱਕਰੀ ਕਰਨ ਦੀ ਇਜ਼ਾਜਤ ਦੇਣ ਜਾਂ ਧਰਨੇ ਜਾਰੀ ਰੱਖਣ ਸਬੰਧੀ ਹੁਣ ਫੈਸਲਾ 28 ਅਕਤੂਬਰ ਨੂੰ ਲਿਆ ਜਾਏਗਾ ਜਿਸ ਲਈ ਸਮੂਹ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਸੱਦ ਲਈ ਗਈ ਹੈ। ਖੇਤੀ ਵਿਰੋਧੀ ਬਣਾਏ ਤਿੰਨ ਕਾਨੂੰਨਾਂ ਦੇ ਵਿਰੋਧ ਵਿਚ ਇੱਕ ਅਕਤੂਬਰ ਤੋਂ ਸਰਮਾਏਦਾਰਾਂ ਦੇ ਪ੍ਰਾਈਵੇਟ ਪੰਪਾਂ ਤੋਂ ਤੇਲ ਦੀ ਕੀਤੀ ਸਪਲਾਈ ਬੰਦ ਕਰਨ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨਾਲ ਰਿਲਾਇੰਸ ਅਤੇ ਐਸਾਰ ਕੰਪਨੀ ਦੇ ਡੀਲਰਾਂ ਦੀ ਮੀਟਿੰਗ ਟੀਚਰਜ ਹੋਮ ਬਠਿੰਡਾ ਵਿਖੇ ਹੋਈ। ਇਸ ਤੋ ਪਹਿਲਾਂ ਇਨਾਂ ਕੰਪਨੀਆਂ ਦੇ ਡੀਲਰਾਂ ਵੱਲੋਂ ਇੱਕ ਚਿੱਠੀ ਭੇਜੀ ਗਈ ਸੀ ਕਿ ਸਾਡੇ ਬੰਦ ਪਏ ਕਾਰੋਬਾਰ ਨੂੰ ਚਾਲੂ ਕੀਤਾ ਜਾਵੇ ।
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ ਅਤੇ ਰਿਲਾਇੰਸ ਕੰਪਨੀ ਦੇ ਡੀਲਰ ਆਰ ਐਸ ਪਠਾਨੀਆ, ਹਰਨੇਕ ਸਿੰਘ ਅਤੇ ਐਸਾਰ ਕੰਪਨੀ ਦੇ ਡੀਲਰਾਂ ਨਾਲ ਵਿਚਾਰਾਂ ਕੀਤੀਆਂ ਗਈਆਂ। ਡੀਲਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਡੀਲਰਾਂ ਦੀ ਸਮੱਸਿਆ ਸੰਬੰਧੀ 28 ਅਕਤੂਬਰ ਨੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਟੀਚਰਜ ਹੋਮ ਬਠਿੰਡਾ ਵਿਖੇ 11ਵਜੇ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਇਸ ਸਮੱਸਿਆ ਸੰਬੰਧੀ ਫੈਸਲਾ ਕੀਤਾ ਜਾਵੇਗਾ। ਉਹਨਾਂ ਸਮੂਹ ਕਿਸਾਨ ਜਥੇਬੰਦੀਆਂ ਨੂੰ 28 ਅਕਤੂਬਰ ਨੂੰ 11ਵਜੇ ਟੀਚਰਜ ਹੋਮ ਬਠਿੰਡਾ ਵਿਖੇ ਪਹੁੰਚਣ ਲਈ ਅਪੀਲ ਕੀਤੀ ਹੈ।