ਅਸ਼ੋਕ ਵਰਮਾ
ਬਠਿੰਡਾ, 4 ਨਵੰਬਰ 2020 - ਪੰਜਾਬ ਦੀਆਂ ਸੜਕਾਂ ਤੇ ਮੋੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ੀ ਜਲੌਅ ਦਿਖਾਈ ਦੇਵੇਗਾ। ਪਹਿਲੀ ਵਾਰ ਇੰਜ ਹੋਵੇਗਾ ਕਿ ਮੁਲਕ ਭਰ ’ਚ ਇੰਜ ਸੜਕਾਂ ਜਾਮ ਕੀਤੀਆਂ ਜਾਣਗੀਆਂ। ਕੇਂਦਰ ਸਰਕਾਰ ਵੱਲੋਂ ਬਦਲਾਖੋਰ ਕਾਰਵਾਈਆਂ ਰਾਹੀਂ ਮੜੇ ਜਾ ਰਹੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਭਲਕੇ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ 12 ਤੋਂ 4 ਵਜੇ ਤੱਕ ਕੀਤੇ ਜਾ ਰਹੇ ਦੇਸ਼ਵਿਆਪੀ ਹਾਈਵੇ ਜਾਮ ਦਾ ਸੱਦਾ ਦਿੱਤਾ ਗਿਆ ਹੈ। ਇਸ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੰਜਾਬ ਦੇ 14 ਜਿਲਿਆਂ ਵਿੱਚ 35 ਥਾਂਵਾਂ ‘ਤੇ ਭਾਰੀ ਗਿਣਤੀ ਨੌਜਵਾਨਾਂ ਤੇ ਔਰਤਾਂ ਦੇ ਵੱਡੇ ਇਕੱਠ ਕਰਕੇ ਹਾਈਵੇਅ ਜਾਮ ਕੀਤੇ ਜਾਣਗੇ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜਾਮ ਲਈ ਕਿਸਾਨਾਂ,ਮਜਦੂਰਾਂ, ਨੌਜਵਾਨਾਂ, ਔਰਤਾਂ ,ਬੱਚਿਆਂ ਅਤੇ ਹੋਰ ਵੱਖ ਵੱਖ ਵਰਗਾਂ ’ਚ ਉਤਸ਼ਾਹ ਠਾਠਾਂ ਮਾਰ ਰਿਹਾ ਹੈ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਸਾਮਰਾਜੀ ਕਾਰਪੋਰੇਟਾਂ ਦੀ ਹੱਥ ਠੋਕਾ ਬਣ ਚੁੱਕੀ ਭਾਜਪਾ ਮੋਦੀ ਹਕੂਮਤ ਵੱਲੋਂ ਕਿਸਾਨਾਂ ਦੁਆਰਾ ਰੇਲਵੇ ਟਰੈਕ ਰੋਕਣ ਦਾ ਸਰਾਸਰ ਝੂਠਾ ਬਹਾਨਾ ਬਣਾ ਕੇ ਪੰਜਾਬ ਦੀਆਂ ਰੇਲਾਂ ਰੱਦ ਕਰਨ ਦਾ ਫੈਸਲਾ ਅਸਲ ਵਿੱਚ ਲਾਮਿਸਾਲ ਪਰ ਸ਼ਾਂਤਮਈ ਇਕੱਠਾਂ ਦੇ ਜੋਰ ਭਾਜਪਾ ਦੀਆਂ ਸਿਆਸੀ ਜੜਾਂ ਨੂੰ ਦਾਤੀ ਪਾਈ ਬੈਠੇ ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨਾਂ ਅਤੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਖੇਤ ਮਜਦੂਰਾਂ ਤੇ ਹੋਰ ਵਰਗਾਂ ਦੇ ਕਿਰਤੀ ਲੋਕਾਂ ਨੂੰ ਸਜ਼ਾ ਦੇਣ ਵਾਲੀ ਬੁਖਲਾਹਟ ਭਰੀ ਕਾਰਵਾਈ ਹੈ। ਉਹਨਾਂ ਆਖਿਆ ਕਿ ਇਸ ਦੇ ਨਤੀਜੇ ਵਜੋਂ ਪੰਜਾਬ ਤੇ ਜੰਮੂ ਕਸ਼ਮੀਰ ਦੀ ਖੇਤੀ ਸਮੇਤ ਸਾਰੀ ਆਰਥਿਕਤਾ ਲੜਖੜਾ ਰਹੀ ਹੈ। ਉਹਨਾਂ ਦੱਸਿਆ ਕਿ ਅੱਜ ਪੰਜਾਬ ਸਰਕਾਰ ਵੱਲੋਂ ਦੂਜੀ ਵਾਰ ਚੰਡੀਗੜ੍ਹ ਵਿਖੇ ਸੱਦੀ ਗਈ ਮੀਟਿੰਗ ਵਿੱਚ ਵੀ ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਦੋ ਨਿਜੀ ਥਰਮਲਾਂ ਦੀਆਂ ਸਿਰਫ ਅੰਦਰੂਨੀ ਨਿੱਜੀ ਸਪਲਾਈ ਲਾਈਨਾਂ ਤੋਂ ਇਲਾਵਾ ਕੋਈ ਰੇਲਵੇ ਟ੍ਰੈਕ ਨਹੀਂ ਰੋਕਿਆ ਹੋਇਆ ਹੈ।
ਉਹਨਾਂ ਕਿਹਾ ਕਿ ਸਮੁੱਚੇ ਕਿਸਾਨ ਸੰਘਰਸ਼ ਦਾ ਚੋਟ ਨਿਸ਼ਾਨਾ ਤਾਨਾਸ਼ਾਹ ਮੋਦੀ ਹਕੂਮਤ ਦੇ ਚਹੇਤੇ ਦਿਓ ਕੱਦ ਕਾਰਪੋਰੇਟਾਂ ਦੇ ਕਾਰੋਬਾਰ ਹਨ ਜਿਸ ਕਰਕੇ ਕੇਂਦਰੀ ਹਕੂਮਤ ਨੂੰ ਪੀੜ ਲੱਗੀ ਹੈ। ਇਸ ਲਈ ਨਿੱਜੀ ਥਰਮਲਾਂ ਦਾ ਸਰਕਾਰੀਕਰਨ ਕੀਤੇ ਜਾਣ ਅਤੇ ਬਠਿੰਡਾ ਸਮੇਤ ਸਾਰੇ ਸਰਕਾਰੀ ਥਰਮਲ ਪੂਰੀ ਸਮਰੱਥਾ ਵਿੱਚ ਚਾਲੂ ਕੀਤੇ ਜਾਣ ਸਮੇਤ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਗੈਰ ਲੁਟੇਰੇ ਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਖਤਮ ਨਹੀਂ ਕੀਤੇ ਜਾ ਸਕਦੇ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਵੀਰਵਾਰ ਨੂੰ ਸਭ ਵਰਗਾਂ ਦੇ ਪੰਜਾਬ ਵਾਸੀਆਂ ਦੀ ਹਮਾਇਤ ਨਾਲ 35 ਹਾਈਵੇਅ ਜਾਮ ਵੀ ਲਾਮਿਸਾਲ ਹੋਣਗੇ ਅਤੇ 36 ਦਿਨਾਂ ਤੋਂ 65 ਥਾਂਈਂ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਵੀ ਬਾਕੀ ਥਾਂਵਾਂ ‘ਤੇ ਬਾਦਸਤੂਰ ਜਾਰੀ ਰਹਿਣਗੇ। ਉਹਨਾਂ ਪੰਜਾਬ ਦੇ ਸਮੂਹ ਕਿਰਤੀ ਵਰਗਾਂ ਸਮੇਤ ਸਾਰੇ ਕਿਸਾਨਾਂ ਮਜਦੂਰਾਂ ਨੂੰ ਇਸ ਹੱਕੀ ਸੰਘਰਸ਼ ਵਿੱਚ ਪਰਵਾਰਾਂ ਸਮੇਤ ਕੁੱਦਣ ਦਾ ਸੱਦਾ ਦਿੱਤਾ ਹੈ।
ਮੌਤ ਦਾ ਸ਼ਿਕਾਰ ਬਣਨ ਲੱਗੇ ਕਿਸਾਨ
ਕਿਸਾਨ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ ਤੇ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਭਾਰੀ ਕਰਜਿਆਂ ਹੇਠ ਦੱਬੇ ਕਿਸਾਨ ਕਿਸਾਨ ਮਜਦੂਰ ਨਵੇਂ ਆਰਥਿਕ ਹੱਲਿਆਂ ਕਾਰਨ ਹੋਰ ਵੀ ਵਧੇਰੇ ਮਾਨਸਿਕ ਤਣਾਵਾਂ ਦੇ ਸ਼ਿਕਾਰ ਹੋ ਕੇ ਧਰਨਿਆਂ ਵਿੱਚ ਵੀ ਅਚਨਚੇਤੀ ਮੌਤਾਂ ਦਾ ਸ਼ਿਕਾਰ ਲਗਾਤਾਰ ਬਣ ਰਹੇ ਰਹੇ ਹਨ। ਉਹਨਾਂ ਦੱਸਿਆ ਕਿ ਮੋਗਾ ਜਿਲ੍ਹੇ ਦੇ ਚੰਦਪੁਰਾਣਾ ਟੌਲ ਪਲਾਜਾ ਧਰਨੇ ਵਿੱਚ ਨੌਜਵਾਨ ਜਗਰੂਪ ਸਿੰਘ ਡੇਮਰੂ ਕਲਾਂ ਦੀ ਮੌਤ ਇਸਦੀ ਇੱਕ ਹੋਰ ਦੁਖਦਾਈ ਮਿਸਾਲ ਹੈ। ਆਗੂਆਂ ਨੇ ਇਸ ਨੌਜਵਾਨ ਦੇ ਵਾਰਸਾਂ ਨੂੰ ਵੀ ਸੰਗਰੂਰ ਮਾਨਸਾ ਦੀ ਤਰਜ ਤੇ ਮੁਆਵਜਾ ਦੇਣ ਦੀ ਮੰਗ ਕੀਤੀ ਹੈ।