ਮਨਪ੍ਰੀਤ ਸਿੰਘ ਜੱਸੀ
- ਜਿਵੇਂ ਅਮਰੀਕਾ ਨੇ ਇਰਾਨ ਦੀ ਨਾਕਾਬੰਦੀ ਕੀਤੀ ਉਸੇ ਤਰਾਂ ਕੇਂਦਰ ਪੰਜਾਬ ਨਾਲ ਕਰ ਰਿਹੈ-ਜਾਖੜ
- ਪੰਜਾਬ ਨੂੰ ਸਾਬਾਸ਼ ਦੇਣ ਦੀ ਥਾਂ ਸਿਖਾਇਆ ਜਾ ਰਿਹੈ 'ਸਬਕ'
- ਮਾਝੇ ਵਿਚ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਹਜ਼ਾਰਾਂ ਦੇ ਇਕੱਠ
ਅੰਮ੍ਰਿਤਸਰ, 28 ਅਕਤੂਬਰ 2020 - ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਪ੍ਰਤੀ ਅਪਨਾਏ ਜਾ ਰਹੇ ਵਤੀਰਾ ਦਾ ਤਿੱਖਾ ਵਿਰੋਧ ਕਰਦੇ ਕਿਹਾ ਕਿ ਪੰਜਾਬੀ ਲੋਕ, ਜੋ ਕਿ ਦੇਸ਼ ਦੀ ਖੜਕਭੁਜਾ ਬਣਨ ਦੇ ਨਾਲ-ਨਾਲ ਦੇਸ਼ ਵਾਸੀਆਂ ਦਾ ਪੇਟ ਭਰਦੇ ਆ ਰਹੇ ਹਨ, ਨੂੰ ਸਾਬਾਸ਼ ਦੇਣ ਦੀ ਥਾਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨੂੰ ਸਬਕ ਸਿਖਾਉਣ ਵਾਲੀ ਨੀਤੀ ਨਾਲ ਕੰਮ ਕਰ ਰਹੀ ਹੈ। ਅੱਜ ਅਜਨਾਲਾ ਹਲਕੇ ਦੇ ਪਿੰਡ ਚਮਿਆਰੀ ਅਤੇ ਅਟਾਰੀ ਹਲਕੇ ਦੇ ਪਿੰਡ ਗੁਰੂਵਾਲੀ ਵਿਚ ਕਿਸਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਜਾਖੜ ਨੇ ਕਿਹਾ ਕਿ ਕੇਂਦਰ ਵੱਲੋਂ ਥੋਪੇ ਗਏ ਕਾਨੂੰਨ ਕੇਵਲ ਪੰਜਾਬ ਦੇ ਕਿਸਾਨਾਂ ਲਈ ਹੀ ਨਹੀਂ ਬਲਕਿ ਦੇਸ਼ ਦੀ ਕਿਰਸਾਨੀ ਲਈ ਘਾਤਕ ਹਨ। ਉਨਾਂ ਕਿਹਾ ਕਿ ਇਸ ਨਾਲ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬਿਆਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਬੇਜ਼ਮੀਨੇ ਕਰਕੇ ਉਨਾਂ ਦੀਆਂ ਜਮੀਨਾਂ ਖੋਹ ਕੇ ਵੱਡੇ ਘਰਾਣਿਆਂ ਨੂੰ ਦੇਣ ਦੀਆਂ ਸਾਜਿਸ਼ਾਂ ਰਚੀਆਂ ਗਈਆਂ ਹਨ, ਜਿੰਨਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।।
ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਫਤ ਕਰਦੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਹਨ, ਤਾਂ ਵੀ ਕੇਂਦਰ ਸਰਕਾਰ ਪੰਜਾਬ ਉਤੇ ਉਸੇ ਤਰਾਂ ਆਰਥਿਕ ਪਾਬੰਦੀਆਂ ਲਗਾ ਰਹੀ ਹੈ, ਜਿਵੇਂ ਕਿ ਅਮਰੀਕਾ ਆਪਣੇ ਵਿਰੋਧੀ ਦੇਸ਼ਾਂ ਕਿਊਬਾ, ਇਰਾਨ ਵਗੈਰਾ ਉਤੇ ਲਗਾਉਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜੀ. ਐਸ ਟੀ ਦਾ 9500 ਕਰੋੜ ਰੁਪਏ ਬਕਾਇਆ ਅਤੇ ਹੁਣ ਦਿਹਾਤੀ ਵਿਕਾਸ ਫੰਡ ਦਾ 1100 ਕਰੋੜ ਰੁਪਏ ਫੰਡ ਰੋਕ ਕੇ ਪੰਜਾਬ ਦੇ 'ਗੋਡੇ' ਲਵਾਉਣ ਵਾਲੀ ਚਾਲ ਚੱਲੀ ਜਾ ਰਹੀ ਹੈ, ਪਰ ਸਾਡੀ ਸਰਕਾਰ ਕਿਸਾਨ ਦੇ ਨਾਲ ਖੜੀ ਹੈ, ਚਾਹੇ ਇਸ ਲਈ ਕਿੰਨੀ ਵੀ ਵੱਡੀ ਕੀਮਤ ਕਿਉਂ ਨਾ ਚੁੱਕਾਉਣੀ ਪਵੇ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਸੰਘਰਸ਼ ਤੋਂ ਲੈ ਕੇ ਹੁਣ ਤੱਕ ਦੁਸ਼ਮਣ ਤਾਕਤਾਂ ਨਾਲ ਲੋਹਾ ਲੈਂਦੇ ਆ ਰਹੇ ਪੰਜਾਬ ਦੇ ਜਵਾਨ ਨੂੰ ਚੀਨੀ ਸਰਹੱਦ ਉਤੇ ਦੁਸ਼ਮਣਾਂ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ ਅਤੇ ਇਥੇ ਉਸਦੇ ਮਾਪੇ ਦਿੱਲੀ ਦੀਆਂ ਘਾਤਕ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਦੁਸ਼ਮਣ ਦੇਸ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਥਾਂ ਮੋਦੀ ਸਰਕਾਰ ਗੱਲਬਾਤ ਨਾਲ ਮਸਲੇ ਦਾ ਹੱਲ ਕਰਨ ਲਈ ਹਾੜੇ ਕੱਢ ਰਿਹਾ ਹੈ, ਉਥੇ ਆਪਣੇ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ ਅਤੇ ਉਨ੍ਹਾਂ ਦੀ ਬਾਂਹ ਮਰੋੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਮੋਦੀ ਸਰਕਾਰ ਥੋੜੇ ਦਿਨ ਪਹਿਲਾਂ ਆਰ. ਡੀ. ਐਫ ਅਤੇ ਹੋਰ ਫੰਡਾਂ ਵਿਚ ਨਵੇਂ ਕਾਨੂੰਨਾਂ ਨੂੰ ਕੋਈ ਰੁਕਾਵਟ ਨਹੀਂ ਸੀ ਦੱਸ ਰਹੀ ਉਸਦੇ ਇਹ ਵਾਅਦੇ ਫੰਡ ਰੋਕਣ ਨਾਲ ਜੁਮਲਾ ਬਣ ਗਏ ਹਨ, ਪਰ ਮੋਦੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਸਰਕਾਰਾਂ ਭਰੋਸੇ ਉਤੇ ਚੱਲਦੀਆਂ ਹਨ ਜੁਮਲਿਆਂ ਨਾਲ ਨਹੀਂ।
ਹਰਪ੍ਰਤਾਪ ਸਿੰਘ ਅਜਨਾਲਾ ਦੀ ਰਿਹਾਇਸ਼ ਵਿਖੇ ਪ੍ਰੈਸ ਨਾਲ ਗੱਲਬਾਤ ਕਰਦੇ ਜਾਖੜ ਨੇ ਖਦਸ਼ਾਂ ਪ੍ਰਗਟ ਕੀਤਾ ਕਿ ਕੇਂਦਰ ਦੀ ਸੋਚ ਦੱਸਦੀ ਹੈ ਕਿ ਇਹ ਸੰਘਰਸ਼ ਲੰਮਾ ਚੱਲੇਗਾ ਅਥੇ ਪੰਜਾਬੀਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਕੁਰਸੀ ਪਹਿਲਾਂ ਨਹੀਂ, ਸੂਬੇ ਦੇ ਲੋਕ ਤਰਜੀਹ ਹਨ ਅਤੇ ਅਸੀਂ ਆਪਣੇ ਲੋਕਾਂ ਲਈ ਹਰ ਕੀਮਤ ਤਾਰਨ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਇਹ ਮੁੱਦਾ ਸਾਰੇ ਦੇਸ਼ ਦਾ ਹੈ, ਪਰ ਮੋਦੀ ਸਰਕਾਰ ਇਸ ਨੂੰ ਕੇਵਲ ਪੰਜਾਬ ਉਤੇ ਕੇਂਦਰਤ ਕਰਕੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਕਦੇ ਕਿਸਾਨਾਂ ਨੂੰ ਬਾਗੀ, ਕਦੇ ਵਿਚੋਲੀਏ ਅਤੇ ਕਦੇ 'ਅਰਬਨ ਨੈਕਸਸ' ਦੱਸਦੇ ਹਨ, ਜੋ ਕਿ ਦੇਸ਼ ਦੇ ਅੰਨਦਾਤੇ ਲਈ ਸ਼ੋਭਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਅਜਿਹੇ ਸਬਦਾਂ ਲਈ ਭਾਜਪਾ ਆਗੂਆਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਸੌਖਾ ਅਤੇ ਵਧੀਆ ਹੱਲ ਇਹ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਫਸਲਾਂ ਦੀ ਘੱਟੋ-ਘੱਟ ਸਰਕਾਰੀ ਕੀਮਤ ਜਾਰੀ ਰਹਿਣ ਦਾ ਲਿਖਤੀ ਭਰੋਸਾ ਦੇਣ, ਨਾ ਕਿ ਜੁਮਲਿਆਂ ਨਾਲ।।
ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਜਾਖੜ ਨੇ ਕਿਹਾ ਕਿ ਇਸ ਦੇ ਮੌਜੂਦਾ ਆਗੂਆਂ ਨੇ ਪਹਿਲਾਂ ਪੰਥ ਦੀ ਪਿਠ ਵਿਚ ਛੁਰਾ ਮਾਰਿਆ ਤੇ ਹੁਣ ਕਿਸਾਨ ਦੀ ਪਿਠ ਵਿਚ। ਉਨ੍ਹਾਂ ਕਿਹਾ ਕਿ ਸੰਨ 2017 ਵਿਚ ਵੋਟਾਂ ਦੇ ਨਤੀਜੇ ਆਉਣ ਤੋਂ ਇਕ ਦਿਨ ਪਹਿਲਾਂ ਇਸ ਦੇ ਮੰਤਰੀਆਂ ਵੱਲੋਂ ਕੇਂਦਰ ਕੋਲ ਜਾ ਕੇ ਜੋ 31 ਹਜ਼ਾਰ ਕਰੋੜ ਰੁਪਏ ਦਾ ਅਨਾਜ ਘੁਟਾਲਾ ਸਵਿਕਾਰ ਕਰਕੇ ਇਸਦੇ ਪੈਸੇ ਕਿਸ਼ਤਾਂ ਵਿਚ ਵਾਪਸ ਕਰਨ ਲਈ ਦਸਤਖਤ ਕੀਤੇ ਗਏ ਸਨ, ਉਸਨੇ ਨਵੇਂ ਕਾਨੂੰਨਾਂ ਦਾ ਖਰੜਾ ਤਿਆਰ ਕਰਨ ਵਾਲੀ ਸਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸਾਂ ਦੀ ਪ੍ਰੋੜਤਾ ਕੀਤੀ ਅਤੇ ਇਹ ਕਿਸਾਨਾਂ ਦੀ ਕਬਰ ਵਿਚ ਪਹਿਲਾ ਕਿੱਲ ਸਾਬਤ ਹੋਇਆ।। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਕੈਬਨਿਟ ਮੰਤਰੀ ਜੋ ਕਿਸਾਨ ਮੁੱਦੇ ਉਤੇ ਅਸਤੀਫਾ ਦੇਣ ਦੀ ਗੱਲ ਕਰਦੇ ਹਨ, ਉਹ ਵੀ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਹੈ, ਹਕੀਕਤ ਇਹ ਹੈ ਕਿ ਮੋਦੀ ਨੇ ਇਨ੍ਹਾਂ ਕੋਲੋਂ ਅਸਤੀਫਾ ਧੱਕੇ ਨਾਲ ਲਿਆ ਹੈ ਅਤੇ ਇਨ੍ਹਾਂ ਨੂੰ ਮਜ਼ਬੂਰੀ ਵਸ ਕਿਸਾਨਾਂ ਨਾਲ ਖੜਨਾ ਪਿਆ ਹੈ।
ਇਸ ਮੌਕੇ ਬੋਲਦਿਆਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰ ਰਹੀ ਹੈ ਅਤੇ ਇਕ ਨਵਾਂ ਕਾਰਪੋਰੇਟ ਕਲਚਰ ਲੈ ਕੇ ਆ ਰਹੀ ਹੈ ਜਿਸ ਨਾਲ ਅੰਬਾਨੀ ਤੇ ਅੰਡਾਨੀ ਵਰਗੇ ਹੀ ਅੱਗੇ ਆਉਣਗੇ ਅਤੇ ਕਿਸਾਨੀ ਨੂੰ ਤਬਾਹ ਕਰਨਗੇ।। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਿਆ ਕੇ ਸਮੁੱਚੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬੀ ਯੋਧੇ ਹਾਂ ਅਤੇ ਇਹ ਕਾਲੇ ਕਾਨੂੰਨ ਵਾਪਸ ਕਰਾ ਕੇ ਦਮ ਲਵਾਂਗੇ।। ਉਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਇਨਾਂ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨ ਪੱਖੀ ਹੋਣ ਦਾ ਸਬੂਤ ਦਿੱਤਾ ਹੈ। ਉਨਾਂ ਕਿਹਾ ਕਿ ਕੈਪਟਨ ਸਰਕਾਰ ਪਾਣੀਆਂ, ਕਿਸਾਨੀ ਅਤੇ ਵਪਾਰੀਆਂ ਦੀ ਰਾਖੀ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਬੀ:ਜੇ:ਪੀ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ। ਉਨਾਂ ਕਿਹਾ ਕਿ ਬੀ:ਜੇ:ਪੀ ਸਰਕਾਰ ਪਿਛੇ ਆਰ:ਐਸ:ਐਸ ਦਾ ਏਜੰਡਾ ਕੰਮ ਕਰ ਰਿਹਾ ਹੈ ਜਿਸ ਦਾ ਕੰਮ ਦੇਸ਼ ਵਿੱਚ ਨਫਰਤ ਫੈਲਾਉਣਾ ਹੈ।।
ਇਸ ਮੌਕੇ ਸ੍ਰੀ ਸੁਨੀਲ ਦੱਤੀ ਵਿਧਾਇਕ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਇਹ ਲੜਾਈ ਕੇਵਲ ਕਿਸਾਨਾਂ ਦੀ ਨਹੀਂ, ਬਲਕਿ ਸਾਰੇ ਪੰਜਾਬੀਆਂ ਦੀ ਹੈ।। ਉਨਾਂ ਕਿਹਾ ਕਿ ਕੇਂਦਰ ਸਰਕਾਰ ਕੋਲੋਂ ਹਰ ਵਰਗ ਦੁਖੀ ਹੈ ਅਤੇ ਹੁਣ ਵੇਲਾ ਆ ਗਿਆ ਹੈ ਸਾਰੇ ਲੋਕ ਇਕਮੁੱਠ ਹੋ ਕੇ ਕਿਸਾਨ ਵਿਰੋਧੀ ਬਣਾਏ ਗਏ ਕਾਲੇ ਕਾਨੂੰਨਾ ਦਾ ਵਿਰੋਧ ਕਰਨ।।
ਇਸ ਮੌਕੇ ਬੋਲਦਿਆਂ ਸ੍ਰ ਸੰਤੋਖ ਸਿੰਘ ਭਲਾਈਪੁਰ ਵਿਧਾਇਕ ਹਲਕਾ ਬਾਬਾ ਬਕਾਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਸ਼ਬਦਾਂ ਵਿੱਚ ਸੰਦੇਸ਼ ਦਿੱਤਾ ਹੈ ਕਿ ਸਾਡੀ ਸਰਕਾਰ ਜਾਂਦੀ ਹੈ ਤਾਂ ਜਾਵੇ ਪਰ ਅਸੀਂ ਕਿਰਸਾਨੀ ਦਾ ਸਾਥ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਕਾਨੂੰਨ ਪਾਸ ਕਰ ਦਿੱਤਾ ਹੈ ਕਿ ਐਮ:ਐਸ:ਪੀ ਤੋਂ ਘੱਟ ਰੇਟਾਂ ਤੇ ਖਰੀਦ ਨਹੀਂ ਹੋਵੇਗੀ ਅਗਰ ਕੋਈ ਕਰਦਾ ਹੈ ਤਾਂ ਉਸ ਨੂੰ ਤਿੰਨ ਸਾਲ ਦੀ ਸਜਾ ਹੋਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪੂਰੇ ਦੇਸ਼ ਦੀ ਅਰਥ ਵਿਵਸਥਾ ਚੌਪਟ ਕਰ ਦਿੱਤੀ ਹੈ।
ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸ੍ਰ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ ਨੇ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਨਹੀਂ ਇਹ ਸਾਰੇ ਪੰਜਾਬੀਆਂ ਦੀ ਰੈਲੀ ਹੈ।। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸਾਨਾਂ ਦੇ ਹੱਕ ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਅਤੇ ਬੀ:ਜੇ:ਪੀ ਦੀ ਅੰਦਰੋਂ ਖਿਚੜੀ ਪੱਕ ਰਹੀ ਹੈ।। ਉਨਾਂ ਕਿਹਾ ਕਿ ਇਹ ਲੜਾਈ ਅਜੇ ਲੰਬੀ ਚੱਲਣੀ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਡੱਟਵਾਂ ਮੁਕਾਬਲਾ ਕਰਨਾ ਪੈਣਾ ਹੈ।।
ਇਸ ਮੌਕੇ ਬੋਲਦਿਆਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦਿਲਰਾਜ ਸਿੰਘ ਸਰਕਾਰੀਆ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਪਿਛੇ ਲੱਗੇ ਕੇ ਕਿਰਸਾਨੀ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ। ਉਨਾਂ ਕਿ ਬੜੇ ਦੁੱਖ ਦੀ ਗੱਲ ਹੈ ਕਿ ਬੀ ਜੇ ਪੀ ਦੇ ਰਾਜ ਸਭਾ ਦੇ ਮੈਂਬਰ ਵੀ ਕਿਸਾਨਾਂ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਜਿਸਤੋਂ ਸਾਬਤ ਹੁੰਦਾ ਹੈ ਕਿ ਇਹ ਪੰਜਾਬ ਨੂੰ ਤਬਾਹ ਕਰਨ ਤੇ ਤੁਲੇ ਹੋਏ ਹਨ। ਕੰਵਰ ਪ੍ਰਤਾਪ ਸਿੰਘ ਅਜਨਾਲਾ ਨੇ ਸਟੇਜ ਸੰਚਾਲਨ ਕਰਦੇ ਕਿਹਾ ਕਿ ਕਿਸਾਨ ਆਪਣੀ ਖੂਨ ਪਸੀਨਾ ਲਗਾ ਕੇ ਫਸਲ ਤਿਆਰ ਕਰਦਾ ਹੈ ਅਤੇ ਹੁਣ ਕੇਂਦਰ ਸਰਕਾਰ ਕਿਸਾਨਾਂ ਤੋਂ ਆਪਣੀ ਮਰਜੀ ਦੇ ਰੇਟ ਨਾਲ ਫਸਲ ਖਰੀਦਣ ਦੀ ਨਾਪਾਕ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।।
ਇਸ ਮੌਕੇ ਤਰਸੇਮ ਸਿੰਘ ਡੀ:ਸੀ ਹਲਕਾ ਵਿਧਾਇਕ ਅਟਾਰੀ, ਸ੍ਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਚੇਅਰਮੈਨ ਨਗਰ ਸੁਧਾਰ ਟਰੱਸਟ ਦਿਨੇਸ਼ ਬੱਸੀ, ਅਕਾਸ਼ਦੀਪ ਸਿੰਘ ਮਜੀਠੀਆ, ਰਾਜਬੀਰ ਸ਼ਰਮਾ, ਜੁਗਰਾਜ ਸਿੰਘ, ਮੈਨੂਅਲ ਮਸੀਹ, ਮੈਡਮ ਜਤਿੰਦਰ ਸੋਨੀਆ, ਸਰਪੰਚ ਰਮਨਦੀਪ ਸਿੰਘ ਗ੍ਰੰਥਗੜ, ਚੇਅਰਮੈਨ ਗਰਵਿੰਦਰ ਸਿੰਘ, ਸਰਪੰਚ ਗੁਰਸ਼ਿੰਦਰ ਕਾਹਲੋਂ, ਸਰਪੰਚ ਬੰਟੀ ਕੱਲੇ ਮਾਹਲ, ਸਰਪੰਚ ਹਰਪ੍ਰੀਤ ਸਿੰਘ ਸਹਿੰਸਰਾ, ਪ੍ਰਧਾਨ ਸੁਰਜੀਤ ਸਿੰਘ ਗ੍ਰੰਥਗੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚ ਸਰਪੰਚ ਅਤੇ ਕਿਸਾਨ ਹਾਜਰ ਸਨ।