ਸੁਖਜਿੰਦਰ ਸਿੰਘ ਪੰਜਗਰਾਈਂ
- ਕਿਹਾ ਕਿਸਾਨ ਵਿਰੋਧੀ ਕਨੂੰਨ ਥੋਪਣ ਵਾਲੇ ਭਾਜਪਾ ਆਗੂਆਂ ਨੂੰ ਵਿਦੇਸ਼ਾਂ ਵਿੱਚ ਵੜਨ ਤੱਕ ਨਹੀ ਦਿਆਂਗੇ
ਪੰਜਗਰਾਈਂ ਕਲਾਂ, 27 ਅਕਤੂਬਰ 2020 - ਪਹਿਲਾਂ ਗੁਜਰਾਤ ਸੂਬੇ ਵਿੱਚ ਪੰਜਾਬੀ ਕਿਸਾਨਾਂ ਦਾ ਉਜਾੜਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਕਿਸਾਨ ਵਿਰੋਧੀ ਤਿੰਨ ਕਨੂੰਨ ਪੰਜਾਬ ਦੇ ਕਿਸਾਨਾਂ 'ਤੇ ਥੋਪ ਕੇ ਇਕੱਲਾ ਕਿਸਾਨੀ ਤੇ ਹੀ ਹਮਲਾ ਨਹੀ ਕੀਤਾ ਸਗੋਂ ਪੰਜਾਬ ਨੂੰ ਬਰਬਾਦ ਕਰਨ ਲਈ ਗਿਣੀ ਮਿਥੀ ਚਾਲ ਚੱਲੀ ਹੈ, ਕਿਉਂਕਿ ਇਹ ਦੇਸ਼ ਦੇ ਹਿੰਦੂ ਕੱਟੜਵਾਦੀ ਹਾਕਮ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਪੰਜਾਬ, ਪੰਜਾਬੀਅਤ ਤੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਾਂਗਕਾਂਗ ਇਕਾਈ ਦੇ ਪ੍ਰਧਾਨ ਭਾਈ ਭਗਵਾਨ ਸਿੰਘ ਘਾਮਾ (ਸਮਾਲਸਰ) ਨੇ ਸਾਡੇ ਇਸ ਪੱਤਰਕਾਰ ਨਾਲ ਫੋਨ ਤੇ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਉਹਨਾਂ ਕਿਹਾ ਕੇ ਸਾਡੀਆਂ ਜ਼ਮੀਨਾਂ ਤੇ ਧਨਾਢ ਘਰਾਣਿਆਂ ਦੇ ਕਬਜੇ ਕਰਵਾਉਣ ਦੇ ਮਕਸਦ ਨਾਲ ਨਵੇਂ ਬਣਾਏ ਕਿਸਾਨ ਵਿਰੋਧੀ ਕਨੂੰਨਾਂ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਜਿੰਨਾਂ ਚਿਰ ਬੀਜੇਪੀ ਦੀ ਕੇਂਦਰ ਸਰਕਾਰ ਇਹਨਾਂ ਕਨੂੰਨਾਂ ਨੂੰ ਵਾਪਸ ਨਹੀ ਲੈਂਦੀ ਉਨ੍ਹਾਂ ਚਿਰ ਸਾਡੀ ਪਾਰਟੀ ਕਿਸੇ ਵੀ ਭਾਜਪਾ ਆਗੂ ਜਾਂ ਮੰਤਰੀ ਨੂੰ ਵਿਦੇਸ਼ਾਂ ਵਿੱਚ ਵੜਨ ਤੱਕ ਨਹੀ ਦੇਵੇਗੀ ਤੇ ਏਅਰਪੋਰਟਾਂ ਤੇ ਹੀ ਇਹਨਾਂ ਆਗੂਆਂ ਦਾ ਭਾਰੀ ਵਿਰੋਧ ਕਰਕੇ ਇਹਨਾਂ ਨੂੰ ਵਾਪਸ ਭਾਰਤ ਮੋੜਿਆ ਜਾਵੇਗਾ।
ਭਾਈ ਭਗਵਾਨ ਸਿੰਘ ਸਮਾਲਸਰ ਨੇ ਅੱਗੇ ਕਿਹਾ ਕੇ ਘੱਟ ਗਿਣਤੀਆਂ ਤੇ ਹਮਲੇ ਕਰਕੇ ਦਬਾਉਣ ਆਲੀ ਮੋਦੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਲਈ ਅਤੇ ਸਿੱਖ ਕੌਮ ਦੇ ਮਸਲੇ ਹੱਲ ਕਰਵਾਉਣ ਲਈ ਸਾਰੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇੱਕ ਥਾਂ ਇਕੱਤਰ ਹੋਣਾ ਪਵੇਗਾ। ਉਹਨਾਂ ਕਿਹਾ ਕੇ ਖਾਲਸਾ ਰਾਜ ਬਿਨਾਂ ਸਿੱਖ ਕੌਮ ਦੇ ਮਸਲਿਆਂ ਦਾ ਹੱਲ ਹੋਣਾ ਮੁਸ਼ਕਿਲ ਹੈ, ਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਸਮੁੱਚੀ ਸਿੱਖ ਕੌਮ ਨੂੰ ਇੱਕਜੁਟ ਹੋ ਕੇ ਸੰਘਰਸ਼ ਕਰਨਾ ਪਵੇਗਾ।