ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ/ਮਲੋਟ, 4 ਨਵੰਬਰ 2020 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨਾਲ ਦੋਸਤਾਨਾ ਖੇਡ-ਖੇਡ ਕੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਸੁਖਬੀਰ ਬਾਦਲ ਮਲੋਟ ਵਿਖੇ ਸੁਖਿੰਦਰ ਸਿੰਘ ਭੁੱਲਰ ਦੀ ਰਿਹਾਇਸ਼ ’ਤੇ ਵਰਕਰ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਸਬੰਧੀ ਕਾਨੂੰਨਾਂ ਨੂੰ ਰੱਦ ਕਰਨ ਲਈ ਪੇਸ਼ ਬਿੱਲ ਗੈਰ-ਕਾਨੂੰਨੀ ਸਨ ਅਤੇ ਇਸ ਕਰਕੇ ਉਨ੍ਹਾਂ ਬਿੱਲ ਉਪਰ ਗਵਰਨਰ ਨੇ ਦਸਤਖ਼ਤ ਨਹੀਂ ਕੀਤੇ।
ਇਸ ਬਾਰੇ ਅਸੀਂ ਕੈਪਟਨ ਨੂੰ ਕਿਹਾ ਸੀ ਕਿ ਸੂਬੇ ਨੂੰ ਇਕ ਮੰਡੀ ਵਜੋਂ ਬਿੱਲ ਪੇਸ਼ ਕੀਤਾ ਜਾਵੇ, ਜਿਵੇਂ ਛੱਤੀਸ਼ਗੜ੍ਹ ਸੂਬੇ ’ਚ ਕੀਤਾ ਹੈ, ਪਰ ਕੈਪਟਨ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਡਰਾਮਾ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਦਿੱਲੀ ਧਰਨਾ ਨਹੀਂ ਸਗੋਂ ਮਰਨ ਵਰਤ ਰੱਖਣਾ ਚਾਹੀਦਾ ਹੈ ਤਾਂ ਜੋ ਪਤਾ ਲੱਗੇ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਆਪਣੀ ਮੰਗ ਲਈ ਵਰਤ ’ਤੇ ਬੈਠਾ ਹੈ। ਭਲਕੇ ਕਿਸਾਨ ਯੂਨੀਅਨਾਂ ਵੱਲੋਂ ਧਰਨੇ ਸਬੰਧੀ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ ਹੈ ਅਤੇ ਇਸ ਲਈ ਉਨ੍ਹਾਂ ਨੇ ਦਹਾਕਿਆਂ ਪੁਰਾਣੇ ਗਠਜੋੜ ਅਤੇ ਕੇਂਦਰੀ ਵਜਾਰਤ ਨੂੰ ਲੱਤ ਮਾਰੀ ਹੈ। ਉਹ ਕਿਸਾਨਾਂ ਦੇ ਹਰ ਸੰਘਰਸ਼ ਦੇ ਨਾਲ ਹਨ।