ਮਾਨਸਾ, 5 ਨਵੰਬਰ 2020 - ਕੇਂਦਰ ਦੀ ਮੋਦੀ ਹਕੂਮਤ ਵੱਲੋਂ ਪੰਜਾਬ ਦੀ ਆਰਥਿਕ ਘੇਰਾਬੰਦੀ ਕਰਨ ਦੀ ਨੀਅਤ ਨਾਲ ਖੁਦ ਹੀ ਟਰੇਨਾਂ ਆਵਾਜਾਈ ਬੰਦ ਕਰ ਕੇ ਰੱਖੀ ਗਈ ਹੈ, ਜਿਸ ਨਾਲ ਮੋਦੀ ਹਕੂਮਤ ਦੀ ਹੈਂਕੜਬਾਜ਼ੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖੀ ਨੀਤੀ ਪੂਰੀ ਨੰਗੀ ਹੋ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਬਣਾਂਵਾਲੀ ਥਰਮਲ ਪਲਾਂਟ ਦੇ ਅੱਗੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਦੌਰਾਨ ਕੀਤਾ।
ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਮੋਦੀ ਸਰਕਾਰ ਲੈ ਕੇ ਆਈ ਹੈ ਇਸ ਨਾਲ ਕਿਸਾਨੀ ਉਜੜ ਜਾਵੇਗੀ ਅਤੇ ਜ਼ਮੀਨਾਂ ਤੇ ਕਾਰਪੋਰੇਟ ਘਰਾਣੇ ਕਾਬਜ ਹੋ ਜਾਣਗੇ। ਜਨਤਕ ਵੰਡ ਪ੍ਰਣਾਲੀ ਦਾ ਭੋਗ ਪੈ ਜਾਵੇਗਾ, ਪੰਜਾਬ ਦਾ 70 ਪ੍ਰਤੀਸ਼ਤ ਕਾਰੋਬਾਰ ਉਜੜ ਜਾਵੇਗਾ, ਬੇਰੁਜ਼ਗਾਰੀ ਹੋਰ ਵਧੇਗੀ, ਜਦਕਿ ਪਹਿਲਾਂ ਤੋਂ ਲੱਖਾਂ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਇਸ ਵਰਤਾਰੇ ਨੂੰ ਕਿਰਤੀ ਲੋਕ ਬਰਦਾਸਤ ਨਹੀਂ ਕਰਨਗੇ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਹੈ ਕਿ ਪਹਿਲਾਂ ਹੀ ਅੰਬਾਨੀ ਤੇ ਅਡਾਨੀ ਦੀਆਂ ਕੰਪਨੀਆਂ ਨੇ ਸੜਕਾਂ ਤੇ ਤੇਲ ਕਾਰੋਬਾਰ ਤੇ ਕਬਜਾ ਕਰਕੇ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨ ਲਈ ਵੱਡੇ-ਵੱਡੇ ਮਾਲ ਖੋਲ੍ਹੇ ਜਾ ਰਹੇ ਹਨ। ਬਿਜਲੀ ਐਕਟ 2020 ਲਿਆ ਕੇ ਬਿਜਲੀ ਦਾ ਕਾਰੋਬਾਰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਅੱਜ ਪੂਰੇ ਪੰਜਾਬ 'ਚ ਚਾਰ ਘੰਟੇ ਵੱਖ-ਵੱਖ ਥਾਵਾਂ ਤੇ 12 ਤੋਂ 4 ਵਜੇ ਤੱਕ ਚੱਕਾ ਜਾਮ ਕੀਤਾ ਹੈ।
ਪਹਿਲਾਂ ਤੋਂ ਹੀ ਟੋਲ ਪਲਾਜਿਆਂ, ਰਿਲਾਇੰਸ ਤੇ ਏਸਾਰ ਦੇ ਪੈਟਰੋਲ ਪੰਪਾਂ, ਵੱਡੇ ਮਾਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨੇ ਤੇ ਘਿਰਾਓ ਜਾਰੀ ਰਹਿਣਗੇ। ਦੇਸ਼ ਭਰ ਦੇ ਕਿਸਾਨ ਸੰਗਠਨਾਂ ਵੱਲੋਂ 26-27 ਨਵੰਬਰ ਨੂੰ ਦਿੱਲੀ ਜਾਣ ਦੇ ਦਿੱਤੇ ਸੱਦੇ ਤੇ ਤਾਲਮੇਲ ਐਕਸ਼ਨ ਤਹਿਤ ਵੱਡੀ ਪੱਧਰ ਤੇ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਜਾਵੇਗੀ। ਇਸ ਮੌਕੇ ਜਗਦੇਵ ਸਿੰਘ ਜੋਗੇਵਾਲਾ, ਬਿੰਦਰ ਸਿੰਘ ਮੌੜ, ਦਰਸ਼ਨ ਸਿੰਘ ਮਾਈਸਰਖਾਨਾ, ਜਸਵਿੰਦਰ ਕੌਰ ਝੇਰਿਆਂਵਾਲੀ, ਰਾਣੀ ਕੌਰ ਭੰਮੇ, ਉਤਮ ਸਿੰਘ ਰਾਮਾਨੰਦੀ, ਜੱਗਾ ਸਿੰਘ ਜਟਾਣਾ, ਭਾਨ ਸਿੰਘ ਬਰਨਾਲਾ, ਮਲਕੀਤ ਸਿੰਘ ਕੋਟਧਰਮੂ ਨੇ ਵੀ ਸੰਬੋਧਨ ਕੀਤਾ।