ਅਸ਼ੋਕ ਵਰਮਾ
ਬਠਿੰਡਾ, 2 ਨਵੰਬਰ 2020 - ਬਠਿੰਡਾ ’ਚ ਭਾਈਵਾਲ ਅਕਾਲੀ ਦਲ ਨਾਲ ਗੱਠਜੋੜ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਵਾਰਡ ਦੀਆਂ ਸਮੱਸਿਆਵਾਂ ਤੇ ਲੋਕਾਂ ਦੇ ਕੰਮ ਧੰਦਿਆਂ ਖਾਤਰ ਅਕਾਲੀ ਮੇਅਰ ਦੀ ਅਗਵਾਈ ਵਾਲੇ ਨਗਰ ਨਿਗਮ ਨਾਲ ਭਿੜ ਜਾਣ ਵਾਲੀ ਵਾਰਡ ਨੰਬਰ 41 ਤੋਂ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਕੌਂਸਲਰ ਅੰਜਨਾ ਰਾਣੀ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਬਠਿੰਡਾ ’ਚ ਇਸ ਨੂੰ ਬੀਜੇਪੀ ਲੀਡਰਸ਼ਿਪ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਜਿਸ ਦਾ ਮੁੱਢ ਨਵੇਂ ਖੇਤੀ ਕਾਨੂੰਨਾਂ ਦੇ ਪਾਸ ਹੋਣ ਨਾਲ ਬੱਝਿਆ ਹੈ। ਅੰਜਨਾ ਰਾਣੀ ਭਾਜਪਾ ਦੇ ਐਸ ਸੀ ਮੋਰਚੇ ਦੀ ਵੀ ਸਕੱਤਰ ਸੀ ਜੋ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੰਚਾਉਣ ਲਈ ਤਨਦੇਹੀ ਨਾਲ ਦਿਨ ਰਾਤ ਇੱਕ ਕਰਦੀ ਸੀ। ਅੰਜਨਾ ਰਾਣੀ ਨੇ ਆਪਣੇ ਅਸਤੀਫੇ ਮੁਤਾਬਕ ਪਿਛੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਦਲਿਤ ਭਾਈਚਾਰੇ ਤੇ ਕੀਤੇ ਜਾ ਰਹੇ ਅੱਤਿਆਚਾਰਾਂ, ਕਿਸਾਨਾਂ ਨਾਲ ਹੋ ਰਹੇ ਧੱਕੇ ਅਤੇ ਖੇਤੀ ਕਾਨੂੰਨਾਂ ਦੇ ਪਾਸ ਹੋਣ ਕਾਰਨ ਉਸ ਨੇ ਇਹ ਫੈਸਲਾ ਲਿਆ ਹੈ।
ਦੱਸਿਆ ਜਾਂਦਾ ਹੈ ਕਿ ਅੰਜਨਾ ਰਾਣੀ ਪਿਛਲੇ ਕੁੱਝ ਸਮੇਂ ਤੋਂ ਪਾਰਟੀ ਵੱਲੋਂ ਕੀਤੀ ਜਾ ਰਹੀ ਅਣਦੇਖੀ ਤੋਂ ਵੀ ਦੁਖੀ ਸੀ ਜਿਸ 'ਤੇ ਕੇਂਦਰੀ ਫੈਸਲਿਆਂ ਨੇ ਬਲਦੀ ਤੇ ਤੇਲ ਵਾਲਾ ਕੰਮ ਕੀਤਾ ਹੈ। ਅਸਤੀਫੇ ’ਚ ਅੰਜਨਾ ਰਾਣੀ ਨੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਮੰਤਰੀ ਵਜੋਂ ਅਸਤੀਫੇ ਦੀ ਹਮਾਇਤ ਕਰਦਿਆਂ ਇਸ ਨੂੰ ਕਿਸਾਨਾਂ ਅਤੇ ਪੰਜਾਬ ਦੇ ਹਿੱਤਾਂ ’ਚ ਦੱਸਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅੰਜਨਾ ਰਾਣੀ ਅਗਲੇ ਦਿਨਾਂ ਦੌਰਾਨ ਅਕਾਲੀ ਦਲ ’ਚ ਸ਼ਾਮਲ ਹੋ ਸਕਦੀ ਹੈ। ਹਾਲਾਂਕਿ ਉਸ ਦੇ ਪਤੀ ਕਰਿਸ਼ਨ ਕੁਮਾਰ ਨੇ ਕਿਸੇ ਹੋਰ ਪਾਰਟੀ ’ਚ ਸ਼ਾਮਲ ਹੋਣ ਬਾਰੇ ਫੈਸਲਾ ਸੋਚ ਵਿਚਾਰ ਕੇ ਕਰਨ ਦੀ ਗੱਲ ਆਖੀ ਹੈ ਪਰ ਸੂਤਰਾਂ ਨੇ ਸਾਬਕਾ ਕੌਂਸਲਰ ਦੇ ਅਕਾਲੀ ਦਲ ’ਚ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਸੂਤਰ ਦੱਸਦੇ ਹਨ ਕਿ ਅੰਜਨਾ ਰਾਣੀ ਨੇ ਦੋ ਤਿੰਨ ਦਿਨ ਪਹਿਲਾਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਇਸ ਕੱਟੜ ਭਾਜਪਾ ਆਗੂ ਦੇ ਅਕਾਲੀ ਦਲ ਨਾਲ ਮਿਲਣ ਲਈ ਰਾਹ ਪੱਧਰਾ ਕੀਤਾ ਹੈ।