- ਪੰਜਾਬ ਭਰ 'ਚ ਸੈਂਕੜੇ ਥਾਵਾਂ 'ਤੇ ਮਸ਼ਾਲ-ਮਾਰਚ
- ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ............ਦਾ ਹੋਕਾ
- ਭਾਈਚਾਰਕ ਸਾਂਝ ਮਜ਼ਬੂਤ ਕਰਦਿਆਂ ਜਥੇਬੰਦਕ ਸੰਘਰਸ਼ਾਂ ਦਾ ਸੱਦਾ
- 26-27 ਨਵੰਬਰ ਨੂੰ ਦਿੱਲੀ ਜਾਣ ਲਈ ਪਿੰਡਾਂ 'ਚ ਭਾਰੀ ਉਤਸ਼ਾਹ
- ਅੱਜ 16 ਨਵੰਬਰ ਨਵੰਬਰ ਨੂੰ ਸ਼ਹੀਦ ਸਰਾਭੇ ਦਾ ਸ਼ਹੀਦੀ-ਦਿਹਾੜਾ ਮਨਾਉਣ ਦਾ ਸੱਦਾ
ਚੰਡੀਗੜ੍ਹ, 15 ਨਵੰਬਰ 2020 - 30 ਕਿਸਾਨ-ਜਥੇਬੰਦੀਆਂ ਦੇ ਸੱਦੇ 'ਤੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਪੰਜਾਬ ਭਰ 'ਚ ਕਿਸਾਨ-ਮੋਰਚਿਆਂ ਅਤੇ ਪਿੰਡਾਂ 'ਚ ਮਸ਼ਾਲ-ਮਾਰਚ ਕੀਤੇ ਗਏ। ਭਾਈਚਾਰਕ-ਸਾਂਝ ਮਜ਼ਬੂਤ ਕਰਦਿਆਂ ਜਥੇਬੰਦਕ ਸੰਘਰਸ਼ ਦਾ ਸੱਦਾ ਦਿੰਦਿਆਂ ਕਿਸਾਨ 45ਵੇਂ ਦਿਨ ਵੀ ਟੋਲ-ਪਲਾਜ਼ਿਆਂ, ਰਿਲਾਇੰਸ-ਪੰਪਾਂ, ਰੇਲਵੇ-ਪਾਰਕਾਂ ਅਤੇ ਭਾਜਪਾ ਆਗੂਆਂ ਦੀ ਰਿਹਾਇਸ਼ਾਂ 'ਤੇ ਡਟੇ ਰਹੇ।
ਕਿਸਾਨ-ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ 12 ਨਵੰਬਰ ਦੀ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਸੀ ਕਿ ਬੰਦੀ ਛੋੜ ਦਿਵਸ ਅਤੇ ਦੀਵਾਲੀ ਨੂੰ ਜੋਸ਼ੋ-ਖਰੋਸ਼ ਨਾਲ ਮਸ਼ਾਲਾਂ ਬਾਲ਼ਦਿਆਂ ਮਨਾਇਆ ਜਾਵੇ, ਉਹਨਾਂ ਕਿਹਾ ਕਿ ਭਾਵੇਂ ਸਰਕਾਰਾਂ ਲੋਕਾਂ ਵੱਲੋਂ ਪੈਦਾ ਕੀਤੇ ਹਾਲਾਤਾਂ ਕਾਰਨ ਕਿਸਾਨ ਵੱਡੇ ਸੰਕਟ 'ਚ ਹਨ, ਨਿਰਾਸ਼ ਵੀ ਹਨ, ਪਰ ਜਥੇਬੰਦੀਆਂ ਨੇ ਮਹਿਸੂਸ ਕੀਤਾ ਕਿ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਲੋਕਾਂ ਨੂੰ ਤਿਓਹਾਰ ਆਪਣੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਮਨਾਉਣੇ ਹੀ ਚਾਹੀਦੇ ਹਨ।
30 ਕਿਸਾਨ-ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ 'ਚ ਪੰਜਾਬ ਦੇ ਸੈਂਕੜੇ ਪਿੰਡਾਂ 'ਚ ਹੋਏ ਮਸ਼ਾਲ-ਮਾਰਚਾਂ ਦੌਰਾਨ ਸੱਦਾ ਦਿੱਤਾ ਗਿਆ 26-27 ਨਵੰਬਰ ਤੋਂ ਪਾਬੰਦੀਆਂ ਦੇ ਬਾਵਜੂਦ ਦਿੱਲੀ ਪਹੁੰਚਿਆ ਜਾਵੇ। ਜਗਮੋਹਨ ਸਿੰਘ ਨੇ ਕਿਹਾ ਕਿ ਸੰਘਰਸਸ਼ੀਲ ਜਥੇਬੰਦੀਆਂ ਦਾ ਇਤਿਹਾਸ ਵੀ ਦਰਸਾਉਂਦਾ ਹੈ ਕਿ ਜੁਝਾਰੂ ਲੋਕ ਇਸ ਆਰਥਿਕ ਅਤੇ ਸਮਾਜਿਕ ਪਾੜੇ ਵਾਲੇ ਸਮਾਜ ਨੂੰ ਬਦਲਣ ਲਈ ਲੜਦੇ ਰਹਿਣਗੇ।
ਉਹਨਾਂ ਦੱਸਿਆ ਕਿ 30 ਕਿਸਾਨ-ਜਥੇਬੰਦੀਆਂ ਨੇ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਦਾ ਰਿਵਿਊ ਕਰਨ ਅਤੇ ਸੰਘਰਸ਼ ਦੀ ਨਵੀਂ ਰੂਪ ਰੇਖਾ ਉਲੀਕਣ -ਲਈ ਕਿਸਾਨ-ਭਵਨ,ਚੰਡੀਗੜ੍ਹ ਵਿਖੇ ਮੀਟਿੰਗ ਸੱਦ ਲਈ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਦੱਸਿਆ ਕਿ ਉਹਨਾਂ ਦੀ ਆਪਣੀ ਜਥੇਬੰਦੀ ਵੱਲੋਂ ਅੱਜ 16 ਨਵੰਬਰ ਨੂੰ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹਾਦਤ-ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ ਹੈ ਅਤੇ ਬਾਕੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ।