ਅਸ਼ੋਕ ਵਰਮਾ
ਬਠਿੰਡਾ, 19 ਨਵੰਬਰ 2020 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅੱਜ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਬਠਿੰਡਾ ਦਫਤਰ ਦੇ ਉਦਘਾਟਨੀ ਸਮਾਗਮਾਂ ਦੇ ਰੰਗ ’ਚ ਭੰਗ ਪਾ ਦਿੱਤਾ। ਭਾਜਪਾ ਵੱਲੋਂ ਇਹਨਾਂ ਸਮਾਗਮਾਂ ਨੂੰ ਲੈਕੇ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ। ਬੀਜੇਪੀ ਆਗੂਆਂ ਅਤੇ ਸੂਬਾ ਲੀਡਰਸ਼ਿਪ ਦੀ ਸ਼ਮੂਲੀਅਤ ਨੂੰ ਦੇਖਦਿਆਂ ਪੰਚਵਟੀ ਨਗਰ ਦੇ ਸਾਹਮਣੇ ਮਿੱਤਲ ਸਿਟੀ ਮਾਲ ਕੋਲ ਟੈਂਟ ਲਾਕੇ ਦਰੀਆਂ ਵਿਛਾਈਆਂ ਜਾ ਰਹੀਆਂ ਸਨ। ਇਸ ਦੀ ਭਿਣਕ ਪੈਂਦਿਆਂ ਕਿਸਾਨਾਂ ਨੇ ਪਿੰਡਾਂ ’ਚ ਇਸ ਸਥਾਨ ਤੇ ਪੁੱਜਣ ਦੇ ਸੁਨੇਹੇ ਲਾ ਦਿੱਤੇ। ਪਤਾ ਲੱਗਦਿਆਂ ਹੀ ਕਿਸਾਨਾਂ ਦੇ ਜੱਥਿਆਂ ਨੇ ਦਫਤਰ ਵਾਲੀ ਥਾਂ ਕੋਲ ਧਰਨਾ ਲਾ ਦਿੱਤਾ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਧਰਨੇ ’ਚ ਸ਼ਾਮਲ ਕਿਸਾਨ ਔਰਤਾਂ ਨੇ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਵੱਲੋਂ ਪਿਛਲੇ ਦਿਨੀਂ ਦਲਾਲ ਕਹਿਣ ਨੂੰ ਲੈ ਕੇ ਨੱਢਾ ਦਾ ਪਿੱਟ ਸਿਆਪਾ ਕੀਤਾ।
ਧਰਨਾਕਾਰੀ ਔਰਤਾਂ ਨੇ ਕਿਹਾ ਕਿ ਕਿਸਾਨ ਕਿਸੇ ਵੀ ਕੀਮਤ ਤੇ ਨੱਢਾ ਨੂੰ ਬਠਿੰਡਾ ’ਚ ਪੈਰ ਨਹੀਂ ਪਾਉਣ ਦੇਣਗੇ। ਭੜਕੇ ਕਿਸਾਨਾਂ ਨੇ ਆਖਿਆ ਕਿ ਜੇਪੀ ਨੱਢਾ ਉਸ ਪਾਰਟੀ ਦਾ ਆਗੂ ਹੈ ਜੋ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਬਨਾਉਣ ਦੇ ਰਾਹ ਪਈ ਹੋਈ ਹੈ ਇਸ ਲਈ ਉਸ ਦਾ ਬਠਿੰਡਾ ਕੀ ਪੰਜਾਬ ’ਚ ਦਾਖਲਾ ਮਨਜੂਰ ਨਹੀਂ ਹੈ।ਬਠਿੰਡਾ ‘ਚ ਬਣੇ ਹਾਲਾਤਾਂ ਨੂੰ ਭਾਂਪਦਿਆਂ ਅੱਜ ਦੇ ਪ੍ਰੋਗਰਾਮ ਵਾਲੀ ਥਾਂ ਤੇ ਕੋਈ ਵੀ ਭਾਜਪਾ ਆਗੂ ਨਹੀਂ ਆਇਆ। ਪਾਰਟੀ ਨੇ ਕਿਸੇ ਕੌਮੀ ਆਗੂ ਦੀ ਮੌਤ ਕਾਰਨ ਜੇਪੀ ਨੱਢਾ ਦਾ ਦੌਰਾ ਰੱਦ ਹੋਣ ਕਾਰਨ ਸਮਾਗਮ ਮੁਲਤਵੀ ਕਰਨ ਦੀ ਦਲੀਲ ਦਿੱਤੀ ਹੈ । ਇਸ ਦੇ ਉਲਟ ਸੂਤਰ ਦੱਸਦੇ ਹਨ ਕਿ ਨੱਢਾ ਵੱਲੋਂ ਨਾਂ ਆਉਣ ਕਰਕੇ ਅੱਜ ਦਫਤਰ ਦਾ ਉਦਘਾਟਨ ਵਰਚੂਅਲ ਤੌਰ ਤੇ ਕੀਤਾ ਜਾਣਾ ਸੀ ਜਿਸ ਲਈਂ ਦੇਰ ਰਾਤ ਤੋਂ ਹੀ ਚੁੱਪ ਚੁਪੀਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।
ਕਿਸਾਨਾਂ ਨੇ ਦੱਸਿਆ ਕਿ ਜਦੋਂ ਉਹ ਮੌਕੇ ਤੇ ਪੁੱਜੇ ਤਾਂ ਮਜਦੂਰ ਦਰੀਆਂ ਵਿਛਾ ਰਹੇ ਸਨ ਜਦੋਂਕਿ ਟੈਂਟ ਲਾਉਣ ਦਾ ਕੰਮ ਮੁਕਮੰਲ ਹੋ ਚੁੱਕਿਆ ਸੀ। ਉਹਨਾਂ ਦੱਸਿਆ ਕਿ ਜਦੋਂ ਕਿਸਾਨਾਂ ਨੇ ਭਾਰਤੀ ਜੰਤਾ ਪਾਰਟੀ ਖਿਲਾਫ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਲੇਬਰ ਮੌਕੇ ਤੋਂ ਚਲੀ ਗਈ। ਕਿਸਾਨਾਂ ਨੇ ਦਫਤਰ ਦੇ ਉਦਘਾਨ ਦੇ ਰੋਸ ਵਜੋਂ ਸ਼ਹਿਰ ’ਚ ਰੋਸ ਮਾਰਚ ਕੱਢਿਆ ਅਤੇ ਸ਼ਹਿਰੀਆਂ ਨੂੰ ਖੇਤੀ ਕਾਨੂੰਨਾਂ ਦੇ ਨਫੇ ਨੁਕਸਾਨ ਤੋਂ ਜਾਣੂੰ ਕਰਵਾਇਆ। ਕਿਸਾਨਾਂ ਨੇ ਸ਼ਹਿਰ ਵਾਸੀਆਂ ਨੂੰ ਮੋਦੀ ਸਰਕਾਰ ਖਿਲਾਫ ਸੰਘਰਸ਼ ’ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਓਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪ੍ਰੈਸ ਬਿਆਨ ਰਾਹੀਂ ਦਾਅਵਾ ਕੀਤਾ ਹੈ ਕਿ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੱਲੋਂ ਬਠਿੰਡਾ ਵਿਖੇ ਕੀਤੇ ਜਾ ਰਹੇ ਦਫਤਰ ਦੇ ਉਦਘਾਟਨ ਦਾ ਜਬਰਦਸਤ ਵਿਰੋਧ ਕੀਤਾ ਗਿਆ ਹੈ ਜਿਸ ਨੂੰ ਦੇਖਦਿਆਂ ਬੀਜੇਪੀ ਨੇ ਪ੍ਰੋਗਰਾਮ ਰੱਦ ਕਰਨਾ ਪਿਆ ਹੈ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਹਨ ਸਿੰਘ ਕੋਟੜਾ ਅਤੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜ ਕਿਸਾਨ ਅਤੇ ਲੋਕ ਵਿਰੋਧੀ ਕਾਨੂੰਨ ਧੱਕੇ ਨਾਲ ਲਾਗੂ ਕਰ ਰਹੀ ਹੈ ਜਿਸ ਦਾ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਅਗਵਾਈ ’ਚ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਪੰਜਾਬ ਵਿੱਚ ਮਾਲਗੱਡੀਆਂ ਬੰਦ ਕਰਕੇ ਯੂਰੀਆ ਖਾਦ ਅਤੇ ਕੋਲੇ ਦਾ ਸੰਕਟ ਪੈਦਾ ਕੀਤਾ ਜਾ ਰਿਹਾ ਹੈ ਅਤੇ ਵਪਾਰੀਆਂ ਦਾ ਮਾਲ ਰੁਕਿਆ ਪਿਆ ਹੈ । ਉਹਨਾਂ ਦੱਸਿਆ ਕਿ ਇਸੇ ਤਰਾਂ ਇਹ ਪੰਜਾਬ ਦੇ ਕਿਸਾਨਾਂ ਨਾਲ ਬਦਲਾ-ਲਊ ਦੀ ਭਾਵਨਾ ਦੇ ਕਦਮਾਂ ਤੇ ਚਲਦਿਆਂ ਕੇਂਦਰ ਵੱਲੋਂ ਕਿਸਾਨਾਂ ਨੂੰ ਵਿਆਜ ਤੇ ਵਿਆਜ ਦੀ ਦੀ ਬੀਤੀ ਰਾਤ ਤੋਂ ਪੰਜਾਬ ਦੇ ਕਿਸਾਨਾਂ ਨੂੰ ਬਾਹਰ ਰੱਖ ਕੇ ਦੁਸ਼ਮਣੀ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ ।
ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਇਹਨਾਂ ਜਾਬਰ ਕਦਮਾਂ ਖਿਲਾਫ ਪੰਜਾਬ ਦੇ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਪੰਜਾਬ ਵਿਚ ਮੱਚੀ ਹਾ-ਹਾ-ਕਾਰ ਦੌਰਾਨ ਭਾਜਪਾ ਆਗੂਆਂ ਨੂੰ ਭੇਜ ਕੇ ਪੰਜਾਬ ’ਚ ਭਟਕਾਹਟ ਪੈਦਾ ਕਰਨਾ ਚਾਹੁੰਦੀ ਹੈ ਤਾਂ ਜੋ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕੀਤਾ ਜਾ ਸਕੇ। ਕਿਸਾਨ ਆਗੂਆਂ ਨੇ ਕਿਹਾ ਕਿ ਅਸਲ ’ਚ ਭਾਰਤੀ ਜੰਤਾ ਪਾਰਟੀ ਦੀ ਕੌਮੀ ਲੀਡਰਸ਼ਿਪ ਕਿਸਾਨ ਸੰਘਰਸ਼ ਨੂੰ ਮੋਹਰਾ ਬਣਾਕੇ ਪੰਜਾਬ ਦੀ ਗੱਦੀ ਤੇ ਬੈਠਣ ਦੇ ਸੁਫਨੇ ਦੇਖ ਰਹੀ ਹੈ ਜਿਹਨਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ । ਅੱਜ ਦੇ ਇਕੱਠ ਨੂੰ ਰਾਜਵਿੰਦਰ ਸਿੰਘ ਰਾਜੂ, ਬਸੰਤ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆ, ਹੁਸਅਿਾਰ ਸਿੰਘ ਚੱਕ ਫਤਿਹ ਸਿੰਘ ਵਾਲਾ ਅਤੇ ਅਵਤਾਰ ਸਿੰਘ ਪੂਹਲਾ ਨੇ ਆਖਿਆ ਕਿ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਏਗਾ।
ਉੱਪ ਰਾਜਪਾਲ ਦੀ ਮੌਤ ਕਾਰਨ ਸਮਾਗਮ ਮੁਲਤਵੀ
ਭਾਰਤੀ ਜੰਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਦਾ ਕਹਿਣਾ ਸੀ ਕਿ ਕਿਸਾਨਾਂ ਕਾਰਨ ਨਹੀਂ ਬਲਕਿ ਗੋਆ ਦੀ ਉੱਪ ਰਾਜਪਾਲ ਦੀ ਬੀਤੀ ਦੇਰ ਸ਼ਾਮ ਮੌਤ ਹੋ ਗਈ ਸੀ ਜਿਸ ਕਾਰਨ ਰਾਤ ਨੂੰ ਹੀ ਸਮਾਗਮ ਮੁਲਤਵੀ ਕਰ ਦਿੱਤੇ ਸਨ। ਉਹਨਾਂ ਆਖਿਆ ਕਿ ਹੁਣ ਉਦਘਾਟਨ ਲਈ ਨਵੀਂ ਤਰੀਕ ਤੈਅ ਕੀਤੀ ਜਾਏਗੀ ਅਤੇ ਦਫਤਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਜਾਏਗਾ।