ਚੰਡੀਗੜ੍ਹ, 9 ਨਵੰਬਰ 2020 - ਪੰਜਾਬ 'ਚ ਮਹੀਨੇ ਤੋਂ ਉੱਪਰ ਚੱਲ ਰਹੇ ਕਿਸਾਨੀ ਸੰਘਰਸ਼ ਨਾਲ ਕੇਂਦਰ ਦੇ ਕੰਨ 'ਤੇ ਜੂੰ ਨਾ ਸਰਕਣ ਵਾਲੇ ਸੰਕੇਤ ਮਿਲ ਰਹੇ ਨੇ। ਕਿਸਾਨੀ ਸੰਘਰਸ਼ ਕੇਵਲ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ 'ਚ ਦਿਨੋਂ ਦਿਨ ਤਿੱਖਾ ਹੋ ਰਿਹਾ ਹੈ। ਇਸੇ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਦੇ ਸੁਝਾਅ ਮੰਗੇ ਹਨ।
ਰਾਜੇਵਾਲ ਨੇ ਕੇਂਦਰ ਦੇ ਤਿੱਖੇ ਰਵੱਈਏ ਦੇ ਉਲਟ ਪੰਜਾਬ ਦੇ ਕਿਸਾਨਾਂ ਨੂੰ ਅਜਿਹੀ ਅਪੀਲ ਕੀਤੀ ਹੈ ਕਿ ਜਿਸ ਨਾਲ ਕਿਸਾਨਾਂ ਦੁਆਰਾ ਆਏ ਸਾਲ ਖੇਤੀਬਾੜੀ 'ਚ ਕੀਤੇ ਜਾ ਰਹੇ ਖਰਚਿਆਂ 'ਤੇ ਕਾਬੂ ਪੈ ਸਕਦਾ ਹੈ ਉਥੇ ਹੀ ਪੰਜਾਬ ਦੀ ਜ਼ਮੀਨ ਨੂੰ ਮੁੜ ਉਪਜਾਊ ਬਣਾਉਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਰਾਜੇਵਾਲ ਦੁਆਰਾ ਕਿਸਾਨਾਂ ਦੇ ਨਾਂਅ ਲਿਖੇ ਸੰਦੇਸ਼ ਜਾਂ ਅਪੀਲ ਨੂੰ ਹੇਠ ਪੜ੍ਹੋ:
ਪਿਆਰੇ ਕਿਸਾਨ ਵੀਰੋ
ਮੈਨੂੰ ਹਰ ਰੋਜ਼ ਟੈਲੀਫ਼ੋਨ ਰਾਹੀਂ ਅਨੇਕਾਂ ਸੰਦੇਸ਼ ਮਿਲ ਰਹੇ ਹਨ, ਜਿਨ੍ਹਾਂ ਦਾ ਤੱਤਸਾਰ ਇਹ ਹੈ ਕਿ ਆਪਾਂ ਪੰਜਾਬ ਦੇ ਕਿਸਾਨਾਂ ਨੇ, ਦੇਸ਼ ਦੀਆਂ ਅੰਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਿਆਂ, ਵੱਧ ਝਾੜ ਦੀ ਝਾਕ ਵਿਚ, ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਲੱਗਭੱਗ ਖ਼ਤਮ ਕਰ ਲਈ ਹੈ। ਇਹ ਸਭ ਕੁਝ ਅਸੀਂ ਉਨ੍ਹਾਂ ਲੋਕਾਂ ਲਈ ਕੀਤਾ ਹੈ ਜਿਨ੍ਹਾਂ ਦੇ ਦਿਲ ਵਿਚ ਸਾਡੇ ਵੱਲੋਂ ਘਾਲੀਆਂ ਘਾਲਣਾਵਾਂ ਦੀ ਕੋਈ ਕਦਰ ਨਹੀਂ। ਅਸੀਂ ਵੱਧ ਝਾੜ ਹਾਸਲ ਕਰਨ ਲਈ, ਮਹਿੰਗੀਆਂ ਰਸਾਇਣਿਕ ਖਾਦਾਂ ਦੀ ਜ਼ਰੂਰਤ ਤੋਂ ਵੱਧ ਵਰਤੋਂ ਕਰਦੇ ਰਹੇ ਹਾਂ ਅਤੇ ਅੱਜ ਵੀ ਕਰ ਰਹੇ ਹਾਂ. ਨਾਈਟਰੋਜੀਨੀਅਸ ਅਤੇ ਫਾਸਫੈਟਿਕ ਖਾਦਾਂ ਦੀ ਵਰਤੋਂ ਸਾਡੀ ਮਜਬੂਰੀ ਬਣ ਚੁੱਕੀ ਹੈ. ਕਣਕ ਦੀ ਬਿਜਾਈ ਦੇ ਇਸ ਮੌਕੇ ਤੇ, ਯੂਰੀਏ ਅਤੇ ਡੀਏਪੀ ਤੇ ਸਾਡੀ ਨਿਰਭਰਤਾ ਨੂੰ ਕੇਂਦਰ ਸਰਕਾਰ ਬਤੌਰ ਹਥਿਆਰ ਵਰਤ ਰਹੀ ਹੈ ਅਤੇ ਮਾਲ ਗੱਡੀਆਂ ਨੂੰ ਨਾ ਚਲਾਕੇ ਸਾਡੇ ਸਬਰ ਨੂੰ ਅਜ਼ਮਾ ਰਹੀ ਹੈ। ਕੀਟਨਾਸ਼ਕਾਂ ਦੀ ਵਰਤੋਂ ਵਿਚ ਵੀ ਸਾਡਾ ਪਹਿਲਾ ਨੰਬਰ ਹੈ ਅਤੇ ਸਾਨੂੰ ਫ਼ਸਲ ਉੱਪਰ ਹੋਏ ਖਰਚਿਆਂ ਦੀ ਪੂਰਤੀ ਵੀ ਨਹੀਂ ਹੁੰਦੀ। ਉੱਪਰੋਂ ਕੇਂਦਰ ਸਰਕਾਰ ਸਾਡੀਆਂ ਮੰਡੀਆਂ ਨੂੰ ਤੋੜਨ ਲਈ ਬਜ਼ਿੱਦ ਹੈ ਅਤੇ ਐੱਮ ਐੱਸ ਪੀ ਖਤਮ ਕਰ ਕੇ ਸਾਨੂੰ ਕਾਰਪੋਰੇਟ ਘਰਾਣਿਆਂ ਦੇ ਥੱਲੇ ਲਾਉਣਾ ਚਾਹੁੰਦੀ ਹੈ।
ਪਿਆਰੇ ਵੀਰੋ, ਖੇਤੀ ਸਾਡੀ ਜੀਵਨ ਜਾਚ ਹੈ, ਖੇਤੀ ਨਾਲ ਸਬੰਧਤ ਕਾਰਜ ਸਾਡਾ ਨਿਤਨੇਮ ਹਨ। ਸਾਡੇ ਲਈ ਖੇਤੀ ਕਿੱਤਾ ਮਾਤਰ ਨਹੀਂ, ਇਹ ਸਾਡੇ ਵਜੂਦ ਦਾ ਅਹਿਮ ਹਿੱਸਾ ਹੈ। ਪੰਜਾਬ ਦੇ ਕਿਸਾਨ ਖੇਤੀ ਤੋਂ ਬਿਨਾਂ ਕੁਝ ਹੋਰ ਕਰਨਾ ਸੋਚ ਹੀ ਨਹੀਂ ਸਕਦੇ। ਲਹਿਲਹਾਉਂਦੀਆਂ ਫ਼ਸਲਾਂ ਅਤੇ ਵੱਧ ਝਾੜ ਸਾਡੇ ਲਈ ਨਸ਼ੇ ਸਮਾਨ ਹਨ ਅਤੇ ਵੱਧ ਝਾੜ ਦੇ ਸਾਡੇ ਇਸ ਸ਼ੌਂਕ ਨੂੰ, ਸਾਡੀ ਮਿਹਨਤ ਕਰਨ ਦੀ ਸਮਰਥਾ, ਅਤੇ ਖੇਤੀ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ, ਕੇਂਦਰ ਸਰਕਾਰਾਂ ਨੇ ਰੱਜ ਕੇ Exploit ਕੀਤਾ ਹੈ।
ਮੈਨੂੰ ਆਉਣ ਵਾਲੇ ਟੈਲੀਫ਼ੋਨਿਕ ਸੁਨੇਹਿਆਂ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਕਿਉਂ ਨਾਂ ਆਪਾਂ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਨਿਰਭਰਤਾ ਤੋਂ ਮੁਕਤ ਹੋਈਏ ਅਤੇ ਆਪਣੀ ਪ੍ਰਾਪੰਰਿਕ (ਰਿਵਾਇਤੀ) ਖੇਤੀ (ਜਿਸ ਵਿਚ ਗੋਬਰ, ਜਾਨਵਰਾਂ ਦਾ ਮਲਮੂਤਰ ਅਤੇ ਹੋਰ ਬਨਸਪਤੀ ਵਸਤੂਆਂ ’ਤੇ ਆਧਾਰਿਤ ਖਾਦਾਂ ’ਤੇ ਮੁਕੰਮਲ ਨਿਰਭਰਤਾ ਸੀ) ਅਪਣਾਈਏ ਅਤੇ ਆਪਣੀ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਪੁਨਰ ਵਿਕਸਿਤ ਹੋਣ ਦੇਈਏ। ਅਜਿਹਾ ਕਰਨ ਨਾਲ ਭਾਵੇਂ ਸਾਨੂੰ ਘੱਟ ਝਾੜ ਮਿਲੇਗਾ ਪਰ ਸਾਡੇ ਵੱਲੋਂ ਪੈਦਾ ਕੀਤੀ ਸਬਜ਼ੀ, ਦਾਲਾਂ ਅਤੇ ਅੰਨ ਦੀ ਗੁਣਵੱਤਾ ਬਹੁਤ ਜ਼ਿਆਦਾ ਵੱਧ ਜਾਵੇਗੀ ਅਤੇ ਫ਼ਸਲ ਉੱਪਰ ਖਰਚਾ ਵੀ ਘਟੇਗਾ। ਨਾਲੇ ਵੱਧ ਝਾੜ ਲਈ ਵਿਤੋਂ ਵੱਧ ਖਰਚਾ ਕਰਕੇ ਅਤੇ ਦੇਸ਼ ਦੇ ਅੰਨ ਭੰਡਾਰ ਭਰ ਕੇ ਸਾਨੂੰ ਅਜੇ ਤੀਕ ਕੀ ਮਿਲਿਆ ਹੈ? ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਖੇਤੀ ਅਤੇ ਦੇਸ਼ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਸਾਡੀ ਮੂਰਖਤਾ ਹੀ ਸਮਝਿਆ ਗਿਆ ਹੈ ਅਤੇ ਹੁਣ ਜਦੋਂ ਕਿ ਦੇਸ਼ ਦੇ ਅੰਨ ਭੰਡਾਰ ਭਰ ਚੁੱਕੇ ਹਨ, ਸਾਨੂੰ ਨਫ਼ਰਤ ਕੀਤੀ ਜਾ ਰਹੀ ਹੈ ਅਤੇ ਦੁਰਕਾਰਿਆ ਜਾ ਰਿਹਾ ਹੈ।
ਪੰਜਾਬ ਦੀ ਖੇਤੀ ਦਾ ਮੂੰਹ-ਮੁਹਾਂਦਰਾ ਬਦਲਣ ਲਈ, ਇਸਦੀ ਮੁਹਾਰ ਜੈਵਿਕ ਖੇਤੀ ਵੱਲ ਮੋੜਨ ਸਬੰਧੀ ਅਤੇ ਇਸ ਨਾਲ ਹੋਣ ਵਾਲੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਆਪਣੇ ਵਿਚਾਰ ਇਸ ਪੋਸਟ ਦੇ ਹੇਠਾਂ ਕੁਮੈਂਟਸ ਵਜੋਂ ਪੇਸ਼ ਕਰੋ। ਕੇਂਦਰ ਸਰਕਾਰ ਦੀ ਬੇਰੁੱਖੀ ਦੇ ਮੱਦੇਨਜ਼ਰ, ਸਾਨੂੰ ਸਮੂਹਕ ਰੂਪ ਵਿਚ ਵੱਡੇ ਫੈਸਲੇ ਲੈਣੇ ਪੈਣੇ ਹਨ।
ਸਤਿਕਾਰ
ਬਲਬੀਰ ਸਿੰਘ ਰਾਜੇਵਾਲ
ਸੰਪਰਕ ਨੰਬਰ : +91 98142 28005