ਨਵੀਂ ਦਿੱਲੀ, 27 ਅਕਤੂਬਰ 2020 - ਕੇਂਦਰ ਦੇ ਬਣਾਏ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੁਆਰਾ ਪੂਰੇ ਭਾਰਤ 'ਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਅੱਜ ਦਿੱਲੀ 'ਚ 20 ਸੂਬਿਆਂ ਦੇ ਕਿਸਾਨਾਂ ਨੇ ਕੀਤੀ ਮੀਟਿੰਗ ਤੋਂ ਬਾਅਦ ਲਿਆ। ਕਿਸਾਨਾਂ ਦੁਆਰਾ ਫੈਸਲਾ ਲਿਆ ਗਿਆ ਕਿ 5 ਨਵੰਬਰ ਨੂੰ 12 ਵਜੇ ਤੋਂ 4 ਵਜੇ ਤੱਕ ਪੂਰੇ ਮੁਲਕ 'ਚ ਚੱਕਾ ਜਾਮ ਕੀਤਾ ਜਾਏਗਾ।
26 ਤੇ 27 ਨਵੰਬਰ ਨੂੰ ਦਿੱਲੀ ਵੱਲ੍ਹ ਕੂਚ ਕਰਨ ਦੀ ਕਾਲ ਕੀਤੀ ਗਈ ਹੈ। ਦੋਹੇਂ ਦਿਨ ਦਿੱਲੀ 'ਚ ਕਿਸਾਨ ਧਰਨਾ ਪ੍ਰਦਰਸ਼ਨ ਕਰਨਗੇ। ਜ਼ਿਕਰੇਖਾਸ ਹੈ ਕਿ ਅੱਜ ਦਿੱਲੀ 'ਚ ਸਮੁੱਚੇ ਭਾਰਤ ਦੇ ਕੁੱਲ 20 ਸੂਬਿਆਂ 'ਚੋਂ ਕਿਸਾਨ ਆਗੂਆਂ ਨੇ ਮੀਟਿੰਗ ਕੀਤੀ ਜਿਸ 'ਚ ਕੇਂਦਰ ਸਰਕਾਰ ਦੇ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਰਣਨੀਤੀ ਐਲਾਨੀ ਹੈ।
ਭਾਰਤ ਦੀਆਂ ਪ੍ਰਮੁੱਖ ਕਿਸਾਨ ਜਥੇਬੰਦੀਆਂ ਜਿਸ 'ਚ ਆਲ ਇੰਡੀਆ ਕਿਸਾਨ ਸੰਘਰਸ਼ ਕੁਆੲਡੀਨੇਸ਼ਨ ਕਮੇਟੀ, ਬਲਬੀਰ ਸਿੰਘ ਰਾਜੇਵਾਲ ਅਤੇ ਗੁਰਨਾਮ ਸਿੰਘ ਦੀ ਅਗਵਾਈ ਵਾਲੀਆਂ ਜਥੇਬੰਦੀਆਂ ਦੀ ਅਗਵਾਈ 'ਚ ਦਿੱਲੀ ਦੇ ਰਕਾਬਗੰਜ ਗੁਰਦੁਆਰਾ ਸਾਹਿਬ 'ਚ ਮੀਟਿੰਗ ਹੋਈ। ਜਿਸ 'ਚ ਇਤਿਹਾਸਕ ਫੈਸਲਾ ਲਿਆ ਗਿਆ ਹੈ ਕਿ ਦੇਸ਼ 'ਚ ਕੇਂਦਰ ਦੇ ਪਾਸ ਕੀਤੇ ਖੇਤੀ ਕਾਨੂੰਨਾਂ ਤੇ ਬਿਜਲੀ ਬਿੱਲ 2020 ਖਿਲਾਫ ਇੱਕ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ । ਜਿਸ 'ਚ ਵੀ.ਐਮ ਸਿੰਘ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ, ਰਾਜੂ ਸ਼ੈਟੀ, ਯੋਗੇਂਦਰ ਯਾਦਵ ਮੈਂਬਰ ਹੋਣਗੇ।
ਮੀਟਿੰਗ 'ਚ ਕੇਂਦਰ ਸਰਕਾਰ ਦੁਆਰਾ ਪੰਜਾਬ ਅੰਦਰ ਮਾਲ ਗੱਡੀਆਂ ਰੋਕੇ ਜਾਣ ਦੀ ਨਿਖੇਧੀ ਕੀਤੀ ਗਈ ਤੇ ਕਿਹਾ ਗਿਆ ਕਿ ਇਹ ਲੋਕਾਂ ਦੇ ਖਿਲਾਫ ਬਲੈਕਮੇਲਿੰਗ ਦਾ ਤਰੀਕਾ ਹੈ ਅਤੇ ਕਿਸੇ ਵੀ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ।