ਅਸ਼ੋਕ ਵਰਮਾ
ਬਠਿੰਡਾ, 1 ਨਵੰਬਰ 2020 - ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਿਲ੍ਹਾ ਬਠਿੰਡਾ ਦੇ ਚੱਲ ਰਹੇ ਮੋਰਚਿਆਂ ਵਿੱਚ ਅੱਜ ਗਦਰੀ ਬਾਬਿਆਂ ਨੂੰ ਸਿਜਦਾ ਕਰਦਿਆਂ ਧਰਨਾਂਕਾਰੀਆਂ ਨੇ ਦੋ ਮਿੰਟ ਦਾ ਮੌਨ ਧਾਰਿਆ। ਇਸ ਮੌਕੇ ਬੁਲਾਰਿਆਂ ਨੇ ਗਦਰੀ ਬਾਬਿਆਂ ਵੱਲੋਂ ਅਜ਼ਾਦੀ ਦੀ ਲੜਾਈ ਲਈ ਦਿੱਤੀਆਂ ਕੁਰਬਾਨੀਆਂ ਨੂੰ ਅੱਜ ਦੀ ਲੜਾਈ ਦੇ ਸੰਦਰਭ ’ਚ ਰਾਹ ਦਸੇਰਾ ਅਤੇ ਪ੍ਰੇਰਣਾਸਰੋਤ ਦੱਸਿਆ।
ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ, ਹਰਜਿੰਦਰ ਸਿੰਘ ਬੱਗੀ, ਕਿਸਾਨ ਆਗੂ ਰਾਜਵਿੰਦਰ ਸਿੰਘ ਰਾਜੂ, ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾ ਗੁਰੂ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਅੱਜ ਤੋਂ ਸੌ ਸਾਲ ਤੋਂ ਵੀ ਪਹਿਲਾਂ ਅੰਗਰੇਜ ਹਕੂਮਤ ਵੇਲੇ ਅੰਗਰੇਜਾਂ ਵੱਲੋਂ ਜਮੀਨਾਂ ਤੇ ਲਗਾਏ ਭਾਰੀ ਲਗਾਨ ਕਾਰਨ ਖੇਤੀ ਵਿੱਚੋਂ ਕੁੱਝ ਬਚਦਾ ਨਾ ਹੋਣ ਕਾਰਨ ਬਹੁਤ ਸਾਰੇ ਭਾਰਤੀ ਖਾਸ ਕਰਕੇ ਪੰਜਾਬੀ ਵਿਦੇਸ਼ਾਂ ਵਿੱਚ ਕੰਮ ਦੀ ਭਾਲ ਵਿੱਚ ਚਲੇ ਗਏ ਸਨ।
ਆਗੂਆਂ ਨੇ ਦੱਸਿਆ ਕਿ ਉਥੇ ਵੀ ਗੁਜਾਰੇ ਜੋਗੀ ਆਮਦਨ ਨਾ ਹੋਈ ਅਤੇ ਉਹਨਾਂ ਨਾਲ ਬਦੇਸ਼ੀ ਕਹਿ ਕੇ ਵਿਤਕਰਾ ਅਤੇ ਉੱਥੋਂ ਦੇ ਲੋਕਾਂ ਵੱਲੋਂ ਅਪਮਾਨ ਕੀਤਾ ਜਾਂਦਾ ਤਾਂ ਇਹਨਾਂ ਪੰਜਾਬੀ ਲੋਕਾਂ ਵਿੱਚ ਅੰਗਰੇਜਾਂ ਪ੍ਰਤੀ ਨਫਰਤ ਪੈਦਾ ਹੋਣ ਲੱਗ ਪਈ। ਉਹਨਾਂ ਦੱਸਿਆ ਕਿ ਇਹਨਾਂ ਨੇ ਭਾਰਤ ਚੋਂ ਅੰਗ੍ਰੇਜਾਂ ਨੂੰ ਬਾਹਰ ਕੱਢਣ ਲਈ ਉਥੇ ਹੀ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿਚ 1 ਨਵੰਬਰ ਉੱਨੀ ਸੌ ਤੇਰਾਂ ਨੂੰ ਗਦਰ ਪਾਰਟੀ ਕਾਇਮ ਕੀਤੀ। ਉਸ ਤੋਂ ਬਾਅਦ ਇਕੱਠੇ ਹੋ ਕੇ ਉਹਨਾਂ ਨੇ ਅੰਗਰੇਜਾਂ ਨੂੰ ਕੱਢਣ ਲਈ ਭਾਰਤ ਵੱਲ ਚਾਲੇ ਪਾ ਦਿੱਤੇ ਜਿਹਨਾਂ ਵਿਚੋਂ ਬਹੁਤ ਸਾਰੇ ਅੰਗਰੇਜਾਂ ਨੇ ਗ੍ਰਿਫਤਾਰ ਕਰ ਲਏ। ਉਹਨਾਂ ਤੇ ਮੁਕੱਦਮੇ ਚਲਾ ਕੇ ਜਿਨ੍ਹਾਂ ਵਿੱਚੋਂ 145 ਨੂੰ ਫਾਂਸੀ ਦੀ ਸਜ਼ਾ ਹੋਈ ਜਾਂ ਸਿੱਧੇ ਗੋਲੀ ਮਾਰ ਦਿੱਤੀ ਅਤੇ 306 ਨੂੰ ਉਮਰ ਕੈਦ ਜਾਂ ਕਾਲੇ ਪਾਣੀਆਂ ਦੀ ਕੈਦ ਹੋਈ।
ਬੁਲਾਰਿਆਂ ਨੇ ਕਿਹਾ ਕਿ ਅੱਜ ਇਨਾਂ ਗਦਰੀ ਬਾਬਿਆਂ ਨੂੰ ਸ਼ਹੀਦ ਹੋਇਆ ਸੌ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਪਰ ਉਹਨਾਂ ਦਾ ਲੁੱਟ ਰਹਿਤ ਸਮਾਜ ਦਾ ਸੁਪਨਾ ਅਜੇ ਵੀ ਪੂਰਾ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਅੱਜ ਵੀ ਉਸੇ ਤਰ੍ਹਾਂ ਦੇਸੀ ਬਦੇਸ਼ੀ ਕੰਪਨੀਆਂ ਵੱਲੋਂ ਕਿਸਾਨਾਂ ਤੋਂ ਜਮੀਨਾਂ ਖੋਹੀਆਂ ਜਾ ਰਹੀਆਂ ਹਨ ਅਤੇ ਭਾਰਤੀ ਹਕੂਮਤ ਵੱਲੋਂ ਲੋਕਾਂ ਤੇ ਜਬਰ ਢਾਹਿਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਸਾਨਾਂ ਮਜਦੂਰਾਂ ਨੂੰ ਅਪੀਲ ਕੀਤੀ ਕਿ ਉਹ ਦੇਸੀ ਬਦੇਸੀ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਬੰਦ ਕਰਨ , ਹਕੂਮਤਾਂ ਵੱਲੋਂ ਕੀਤੇ ਜਾ ਰਹੇ ਜਬਰ ਬੰਦ ਕਰਾਉਣ ਅਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਵੱਧ ਤੋਂ ਵੱਧ ਸੰਘਰਸ਼ਾਂ ਦੇ ਮਦਾਨਾਂ ਵਿਚ ਆਉਣ ਇਹੋ ਹੀ ਗਦਰੀ ਬਾਬਿਆਂ ਨੂੰ ਸੱਚੀ ਸ਼ਰਧਾਂਜਲੀ ਹੈ ।
ਇਸ ਮੌਕੇ ਨਿੱਕਾ ਸਿੰਘ ਜੇਠੂਕੇ, ਕੁਲਵੰਤ ਸ਼ਰਮਾ, ਦਰਸ਼ਨ ਸਿੰਘ ਮਾਈਸਰਖਾਨਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਪਾਲਾ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆ, ਕੁਲਵੰਤ ਰਾਏ ਸ਼ਰਮਾ, ਰਾਮ ਸਿੰਘ ਕੋਟ ਗੁਰੂ, ਬਿੰਦਰ ਸਿੰਘ ਜੋਗੇਵਾਲਾ, ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ , ਕਰਮਜੀਤ ਕੌਰ ਲਹਿਰਾ ਖਾਨਾ, ਚਰਨਜੀਤ ਕੌਰ ਭੁੱਚੋ ਖੁਰਦ , ਠੇਕਾ ਮੁਲਾਜਮ ਸੰਘਰਸ਼ ਕਮੇਟੀ ਪਾਵਰਕਾਮ ਐਂਡ ਟਰਾਂਸਕੋ ਦੇ ਆਗੂ ਗੁਰਵਿੰਦਰ ਪੰਨੂੰ , ਲਹਿਰਾ ਥਰਮਲ ਦੇ ਆਗੂ ਜਗਰੂਪ ਸਿੰਘ ਅਤੇ ਤਰਕਸੀਲ ਸੁਸਾਇਟੀ ਦੇ ਆਗੂ ਰਾਮ ਸਿੰਘ ਨਿਰਮਾਣ ਨੇ ਵੀ ਸੰਬੋਧਨ ਕੀਤਾ। ਲੋਕ ਪੱਖੀ ਗਾਇਕ ਨਿਰਮਲ ਸਿੰਘ ਸਿਵੀਆ ਨੇ ਗੀਤ ਪੇਸ਼ ਕੀਤੇ ।ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਵੱਲੋਂ ਮੁਫਤ ਦਵਾਈਆਂ ਦੇ ਕੈਂਪ ਜਾਰੀ ਹਨ।