ਅਸ਼ੋਕ ਵਰਮਾ
- ਬੀਕੇਯੂ ਉਗਰਾਹਾਂ ਵੱਲੋਂ ਪ੍ਰਬੰਧ ਮੁਕੰਮਲ ਕਰਨ ਦਾਅਵਾ
ਬਠਿੰਡਾ, 25 ਨਵੰਬਰ 2020 - ਕੇਂਦਰ ਦੇ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਾਉਣ ਲਈ 26-27 ਨਵੰਬਰ ਨੂੰ ਦਿੱਲੀ ਕੂਚ ਵਾਸਤੇ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਖਨੌਰੀ ਅਤੇ ਡੱਬਵਾਲੀ ਵਿਖੇ ਜੁੜ ਰਹੇ ਕਾਫਲਿਆਂ ਵਿੱਚ 15-16 ਜ਼ਿਲ੍ਹਿਆਂ ਤੋਂ 25000 ਤੋਂ ਵੱਧ ਔਰਤਾਂ ਅਤੇ ਹੋਰ ਵੀ ਵਧੇਰੇ ਨੌਜਵਾਨਾਂ ਸਮੇਤ ਦੋ ਲੱਖ ਕਿਸਾਨ ਮਜ਼ਦੂਰ ਸ਼ਾਮਲ ਹੋ ਰਹੇ ਹਨ। ਨਿਸ਼ਾਨੇ ‘ਤੇ ਪਹੁੰਚਣ ਅਤੇ ਪੱਕਾ ਮੋਰਚਾ ਗੱਡਣ ਲਈ 4000 ਤੋਂ ਵੱਧ ਛੱਤਾਂ ਵਾਲੀਆਂ ਟਰਾਲੀਆਂ ਅਤੇ 1600 ਤੋਂ ਵੱਧ ਬੱਸਾਂ ਸਮੇਤ ਸੈਂਕੜੇ ਹੋਰ ਬੰਦ ਗੱਡੀਆਂ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ, ਜਿਹਨਾਂ ’ਚ ਦਰਜਨਾਂ ਗੱਡੀਆਂ ਉੱਤੇ ਸਪੀਕਰ ਲਾਏ ਹੋਏ ਹਨ।
ਇਸਤੋਂ ਇਲਾਵਾ ਰਾਸ਼ਨ, ਬਾਲਣ, ਬਰਤਨਾਂ, ਕੰਬਲਾਂ, ਤਰਪਾਲਾਂ ਅਤੇ ਹੋਰ ਜਰੂਰੀ ਵਸਤਾਂ ਦੇ ਪ੍ਰਬੰਧ ਵੀ ਲੋੜ ਅਨੁਸਾਰ ਪੂਰੇ ਕੀਤੇ ਜਾ ਚੁੱਕੇ ਹਨ। ਪੇਂਡੂ ਡਾਕਟਰਾਂ ਦੀਆਂ ਟੀਮਾਂ ਨੇ ਵਲੰਟਰੀ ਤੌਰ ਤੇ ਡਾਕਟਰੀ ਸਹਾਇਤਾ ਦੇ ਪੁਖਤਾ ਇੰਤਜਾਮ ਵੀ ਕੀਤੇ ਹਨ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਥੇਬੰਦੀ ਵੱਲੋਂ ਭਾਜਪਾ ਆਗੂਆਂ, ਟੌਲ ਪਲਾਜਿਆਂ, ਸ਼ਾਪਿੰਗ ਮਾਲਜ਼ ਤੇ ਹੋਰ ਕਾਰਪੋਰੇਟ ਕਾਰੋਬਾਰਾਂ ਦੇ 41 ਥਾਂਈਂ ਘਿਰਾਓ ਧਰਨੇ ਵੀ ਬਾਦਸਤੂਰ ਜਾਰੀ ਰਹਿਣਗੇ।
ਪੰਜਾਬ ਦੇ ਪਿੰਡਾਂ ਅੰਦਰ ਕਿਸਾਨਾਂ ਮਜ਼ਦੂਰਾਂ ਖਾਸ ਕਰਕੇ ਨੌਜਵਾਨਾਂ ਤੇ ਔਰਤਾਂ ਵਿੱਚ ਮੋਦੀ ਭਾਜਪਾ ਹਕੂਮਤ ਵਿਰੁੱਧ ਅੰਤਾਂ ਦਾ ਰੋਹ ਅਤੇ ਦਿੱਲੀ ਘੇਰਨ ਲਈ ਭਾਰੀ ਉਤਸ਼ਾਹ ਤੇ ਰੋਹ ਪਾਇਆ ਜਾ ਰਿਹਾ ਹੈ ਜਿਸ ਨੂੰ ਹਰਿਆਣੇ ਦੀ ਖੱਟਰ ਸਰਕਾਰ ਦੀਆਂ ਰੋਕਾਂ ਟੋਕਾਂ ਨੇ ਹੋਰ ਵੀ ਪ੍ਰਚੰਡ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਦਿਨ ਰਾਤ ਇੱਕ ਕਰ ਰਹੀਆਂ ਤਿਆਰੀ ਟੀਮਾਂ ਨੂੰ ਹਰ ਵਰਗ ਦੇ ਕਿਰਤੀ ਲੋਕਾਂ ਵੱਲੋਂ ਸੰਘਰਸ਼ ਫੰਡ, ਰਾਸ਼ਨ/ਬਾਲਣ ਅਤੇ ਕੰਬਲ ਵਗੈਰਾ ਵੀ ਦਿਲ ਖੋਲ ਕੇ ਦਿੱਤੇ ਜਾ ਰਹੇ ਹਨ। ਮੌਸਮ ਖਰਾਬ ਹੋਣ ਦੇ ਬਾਵਜੂਦ ਕਿਸਾਨਾਂ ਦੀਆਂ ਸਿਰਤੋੜ ਸਰਗਰਮੀਆਂ ਲਗਾਤਾਰ ਜਾਰੀ ਹਨ ਅਤੇ ਗਿਣਤੀ ਹੋਰ ਵਧਣ ਦੇ ਅੰਦਾਜ਼ੇ ਬਣ ਰਹੇ ਹਨ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਚਰਚਾ ਦਾ ਵਿਸ਼ਾ ਬਣਿਆ ਮੋਦੀ ਹਕੂਮਤ ਵੱਲੋਂ 3 ਦਸੰਬਰ ਨੂੰ ਮੁੜ ਗੱਲਬਾਤ ਦਾ ਸੱਦਾ ਸੰਘਰਸ਼ਸ਼ੀਲ ਕਿਸਾਨਾਂ ਦਾ ਦਮਖਮ ਹਫਤਾ ਭਰ ਪਰਖਣ ਅਤੇ ਆਮ ਕਿਸਾਨਾਂ ਅੰਦਰ ਭੁਲੇਖੇ ਪਾਉਣ ਦੀ ਬਦਨੀਤ ਜ਼ਾਹਰ ਕਰਦਾ ਹੈ। ਜਥੇਬੰਦੀ ਵੱਲੋਂ ਬਾਕਾਇਦਾ ਲਿਖਤੀ ਸੱਦਾ ਮਿਲਣ ਮਗਰੋਂ ਹੀ ਸਾਰੇ ਪੱਖ ਵਿਚਾਰ ਕੇ ਇਸ ਬਾਰੇ ਫੈਸਲਾ ਕੀਤਾ ਜਾਵੇਗਾ। ਉਹਨਾਂ ਸਮੂਹ ਕਿਸਾਨਾਂ ਮਜਦੂਰਾਂ ਤੇ ਸਾਰੇ ਕਿਰਤੀਆਂ ਨੂੰ ਆਪਣੀਆਂ ਜ਼ਮੀਨਾਂ ਤੇ ਰੋਜ਼ੀ ਰੋਟੀ ਦੀ ਰਾਖੀ ਲਈ ਸੰਘਰਸ਼ ਦੇ ਮੈਦਾਨ ਵਿੱਚ ਪਰੀਵਾਰਾਂ ਸਮੇਤ ਕੁੱਦਣ ਦਾ ਸੱਦਾ ਦਿੱਤਾ ਹੈ।