ਹਰੀਸ਼ ਕਾਲੜਾ
ਨੂਰਪੁਰਬੇਦੀ, 27 ਅਕਤੂਬਰ 2020 - ਪੰਜਾਬ ਨੇ ਦੇਸ਼ ਦੀ ਉਦੋਂ ਬਾਂਹ ਫੜੀ ਸੀ ਜਦੋਂ ਹਿੰਦੋਸਤਾਨ ਦਾਣੇ-ਦਾਣੇ ਲਈ ਅਮਰੀਕਾ ਦਾ ਮੁਹਤਾਜ਼ ਸੀ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਨੂਰਪੁਰਬੇਦੀ ਵਿਖੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਨਣ ਤੋਂ ਪਹਿਲਾਂ ਖੇਤਰ ਦੀ ਤਖਤਗੜ ਵਿਖੇ ਸਥਿਤ ਅਨਾਜ ਮੰਡੀ ਦਾ ਦੌਰਾ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਅੱਜ ਐੱਫ.ਸੀ.ਆਈ. ਦੀ ਖਰੀਦ ਬੰਦ ਹੋਣ ਕਾਰਣ ਕਣਕ 1600 ਰੁਪਏ 'ਚ ਵਿੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਕੋਰੋਨਾ ਸੰਕਟ ਦੌਰਾਨ 1 ਕਰੋੜ 28 ਲੱਖ ਟਨ ਕਣਕ ਖਰੀਦੀ ਹੈ ਜਦਕਿ ਮੋਦੀ ਸਾਹਿਬ ਕਹਿ ਰਹੇ ਹਨ ਕਿ ਸਾਨੂੰ ਕਿਸਾਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਕੋਲ ਸੱਤਾ 'ਚ ਹੋਣ 'ਤੇ ਈ.ਡੀ. ਤੋਂ ਇਲਾਵਾ ਸੀ.ਬੀ.ਆਈ. ਸਹਿਤ ਕਈ ਹੋਰ ਜ਼ਾਂਚ ਏਜੰਸੀਆਂ ਹਨ ਜਿਸਦਾ ਮਤਲਬ ਇਹ ਨਹੀਂ ਕਿ ਇਨਾਂ ਏਜੰਸੀਆਂ ਨੂੰ ਗਲਤ ਕੰਮ ਲਈ ਇਸਤੇਮਾਲ ਕਰੋ।
ਜਾਖੜ ਜੋ ਮੰਡੀ 'ਚ ਕਿਸਾਨਾਂ ਤੇ ਆੜਤੀਆਂ ਦੀਆਂ ਸਮੱਸਿਆਵਾਂ ਸੁਨਣ ਲਈ ਰੁਕੇ ਸਨ ਨੇ ਕਿਹਾ ਕਿ ਅੱਜ ਜਦੋਂ ਕਿਸਾਨ ਨੂੰ ਅਪਣੀ ਜਿਣਸ ਸਾਂਭਣ ਲਈ ਘਰਾਂ ਤੇ ਖੇਤਾਂ 'ਚ ਹੋਣ ਚਾਹੀਦਾ ਹੈ ਨੂੰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗਲਤ ਫੈਸਲੇ ਕਾਰਣ ਟੋਲ ਪਲਾਜ਼ਿਆਂ ਤੇ ਰੇਲਵੇ ਲਾਈਨਾਂ 'ਤੇ ਰਾਤ ਗੁਜ਼ਾਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਾਂਗਰਸ ਪਾਰਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਅਖਬਾਰਾਂ 'ਚ ਛਪੇ ਲੇਖ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਜੋ ਰਾਣੀਆਂ ਦੀ ਕੋਖ ਤੋਂ ਜੰਮਿਆ ਹੈ ਉਹ ਤਾਂ ਹੰਕਾਰੀ ਹੋ ਸਕਦਾ ਹੈ। ਮਗਰ ਜਿਸਨੂੰ ਲੋਕਤੰਤਰ ਦੌਰਾਨ ਲੋਕਾਂ ਨੇ ਸ਼ਾਸ਼ਕ ਚੁਣਿਆ ਹੋਵੇ ਉਹ ਹੰਕਾਰੀ ਨਹੀਂ ਹੋ ਸਕਦਾ ਹੈ। ਪਰ ਮੋਦੀ ਸਾਹਿਬ ਨੇ ਅਪਣੀ ਕਲਮ ਦੀ ਤਾਕਤ ਦਾ ਗਲਤ ਇਸਤੇਮਾਲ ਕਰ ਕੇ ਕਿਸਾਨ 'ਤੇ ਮਜ਼ਦੂਰ ਵਿਰੋਧੀ ਕਾਨੂੰਨ ਲਿਆਂਦੇ ਹਨ ਜੋ ਕਿਸਾਨਾਂ ਤੇ ਮਜ਼ਦੂਰਾਂ ਸਹਿਤ ਆਮ ਲੋਕਾਂ ਤੇ ਸਮੁੱਚੇ ਕਾਰੋਬਾਰੀਆਂ ਲਈ ਰੱਦ ਨਾ ਹੋਣ ਦੀ ਸੂਰਤ 'ਚ ਆਉਣ ਵਾਲੇ ਦਿਨਾਂ 'ਚ ਘਾਤਕ ਸਾਬਿਤ ਹੋਣਗੇ।
ਜਾਖੜ ਨੇ ਕਿਹਾ ਕਿ ਮੋਦੀ ਸਾਹਿਬ ਕਹਿੰਦੇ ਹਨ ਕਿ 6 ਫੀਸਦੀ ਜਿੰਮੀਦਾਰਾਂ ਜਿਨ੍ਹਾਂ ਨੂੰ ਐੱਮ.ਐੱਸ.ਪੀ. ਮਿਲ ਰਹੀ ਹੈ। ਉਹ 6 ਫੀਸਦੀ ਅਸੀਂ ਹਾਂ ਜਿਨਾਂ ਨੂੰ ਰਗੜਾ ਲਾਇਆ ਜਾ ਰਿਹਾ ਹੈ। ਜਦਕਿ ਚਾਹੀਦਾ ਤਾਂ ਇਹ ਸੀ ਕਿ ਬਾਕੀਆਂ ਨੂੰ ਵੀ ਐੱਮ.ਐੱਸ.ਪੀ. ਦਾ ਲਾਭ ਹਾਸਿਲ ਹੋਵੇ। ਉਨ੍ਹਾਂ ਕਿਹਾ ਕਿ ਯੂ.ਪੀ. ਤੇ ਬਿਹਾਰ ਸੂਬੇ ਦੀ ਕਮਾਲ ਦੀ ਜ਼ਮੀਨ ਹੈ ਮਗਰ ਉੱਥੇ ਦੇ 2-2 ਤੇ 4-4 ਏਕੜ ਵਾਲੇ ਕਿਸਾਨਾਂ ਨੂੰ ਵੀ ਪੰਜਾਬ 'ਚ ਆ ਕੇ ਮਜ਼ਦੂਰੀ ਕਰਨੀ ਪੈ ਰਹੀ ਹੈ। ਇਸਦਾ ਮੁੱਖ ਕਾਰਣ ਇਹ ਹੈ ਕਿ ਉੱਥੇ ਸਾਲ 2006 ਤੋਂ ਸਰਕਾਰੀ ਖਰੀਦ ਬੰਦ ਕੀਤੀ ਹੋਈ ਹੈ ਜਿਸ ਕਰ ਕੇ ਜ਼ਮੀਨਾਂ ਦੇ ਮਾਲਿਕਾਂ ਦੀ ਇਹ ਦਸ਼ਾ ਹੋਈ ਪਈ ਹੈ।
ਉਨ੍ਹਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਢਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਨਾਂ ਵੱਲੋਂ ਜਿਨਾਂ ਕਿਸਾਨਾਂ ਨੂੰ ਪਹਿਲਾਂ ਏ.ਟੀ.ਐੱਮ. ਦੱਸਿਆ ਜਾ ਰਿਹਾ ਸੀ ਨੂੰ ਹੁਣ ਵਿਚੋਲੀਆ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਨ ਨੂੰ ਲੈ ਕੇ ਈ.ਡੀ. ਨੇ ਕੇਂਦਰ ਦੇ ਇਸ਼ਾਰੇ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਨੂੰ ਦਿੱਲੀ ਵਿਖੇ ਤਲਬ ਕਰ ਕੇ ਬਦਲੇ ਦੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਵਿਧਾਨ ਸਭਾ 'ਚ ਪਾਏ ਗਏ ਮਤਿਆਂ ਕਾਰਨ ਕੇਂਦਰ ਵੱਲੋਂ ਈ.ਡੀ. ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਵਿਸ਼ੇਸ਼ ਸੱਦੇ 'ਤੇ ਅੱਜ ਇਸ ਇਲਾਕੇ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਆਏ ਸਨ। ਇਸ ਮੌਕੇ ਉਨ੍ਹਾਂ ਕਿਸਾਨਾਂ ਤੇ ਆੜਤੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।