ਅਸ਼ੋਕ ਵਰਮਾ
ਮਾਨਸਾ, 24 ਨਵੰਬਰ 2020 - ਕਿਸਾਨ ਵਿਰੋਧੀ ਫੈਸਲਿਆਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੇ ਦੌਰਾਨ 26, 27 ਨਵੰਬਰ ਨੂੰ ਲੱਗ ਰਹੇ ਦੇਸ਼-ਵਿਆਪੀ ਦਿੱਲੀ ਵਿੱਚ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ਦੀ ਮਨਸ਼ਾ ਨਾਲ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੀਆਂ ਕੀਤੀਆਂ ਗ੍ਰਿਫਤਾਰੀਆਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ ਨੇ ਅੱਜ ਅਰਥੀ ਫੂਕ ਮੁਜਾਹਰਾ ਕੀਤਾ।
ਜੱਥੇਬੰਦੀ ਨੇ ਅੱਜ ਪੰਜਾਬ ਭਰ ’ਚ ਹਰਿਆਣਾ ਸਰਕਾਰ ਦੀਆਂ ਆਰਥੀਆਂ ਸਾੜਣ ਦਾ ਸੱਦਾ ਦਿੱਤਾ ਸੀ। ਕਿਸਾਨਾਂ ਨੇ ਅੱਜ ਇਸੇ ਸੱਦੇ ਤਹਿਤ ਮਾਨਸਾ ਵਿੱਚ ਖੱਟੜ ਸਰਕਾਰ ਦੀ ਅਰਥੀ ਸਾੜੀ ਅਤੇ ਹਰਿਆਣਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਬੋਲਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਕਾਨੂੰਨ ਲਿਆਂਦੇ ਗਏ ਹਨ ਜਿਸ ਨਾਲ ਕਿਸਾਨਾਂ ਦੀਆਂ ਜਿਨਸਾਂ ਦੀ ਸਰਕਾਰੀ ਖਰੀਦ ਬੰਦ ਹੋਵੇਗੀ ਤੇ ਫ਼ਸਲਾਂ ਦੇ ਤਹਿ ਕੀਤੇ ਜਾਂਦੇ ਰੇਟ ਖਤਮ ਹੋਣਗੇ।
ਸਮੁੱਚੇ ਸਰਕਾਰੀ ਮੰਡੀਕਰਨ ਦਾ ਉਜਾੜਾ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਪ੍ਰਾਈਵੇਟ ਮੰਡੀਆਂ ਕਾਇਮ ਕੀਤੀਆਂ ਜਾਣਗੀਆਂ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਕੌਡੀਆਂ ਦੇ ਭਾਅ ਲੁੱਟਿਆ ਜਾਇਆ ਕਰੇਗਾ। ਉਹਨਾਂ ਕਿਹਾ ਕਿ ਇਸ ਦਾ ਅੰਤਿਮ ਨਤੀਜਾ ਇਹ ਨਿਕਲੇਗਾ ਕਿ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋ ਜਾਣਗੇ। ਖੇਤੀ ਸਿਸਟਮ ਵੱਡੇ ਫਾਰਮਾਂ ਵਿੱਚ ਬਦਲ ਜਾਵੇਗਾ, ਜਿਸ ਨੂੰ ਰੋਕਣ ਲਈ ਪੰਜਾਬ, ਹਰਿਆਣਾ ਦੇ ਕਿਸਾਨ ਸਿਖਰਲੀ ਲੜਾਈ ਲੜ ਰਹੇ ਹਨ।
ਉਹਨਾਂ ਕਿਹਾ ਕਿ ਹੁਣ ਜਦੋਂ ਹੋਰ ਸੂਬਿਆਂ ਦੇ ਕਿਸਾਨ ਵੀ ਨਾਲ ਰਲ ਗਏ ਹਨ ਤਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਵਿਚਲੀ ਖੱਟੜ ਸਰਕਾਰ ਧੁਰੋਂ ਹਿੱਲ ਗਈ ਹੈ ਅਤੇ ਬੁਖਲਾਹਟ ’ਚ ਆ ਕੇ ਹਰਿਆਣਾ ’ਚ ਕਿਸਾਨਾਂ ਦੀਆਂ ਗਿ੍ਰਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਕਿਸਾਨ ਅੰਦੋਲਨ ਰੁਕੇਗਾ ਨਹੀਂ ਸਗੋਂ, ਹੋਰ ਤਿੱਖਾ ਹੋਵੇਗਾ। ਇਸ ਦੌਰਾਨ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਪ੍ਰਾਈਵੇਟ ਥਰਮਲ ਪਲਾਂਟ ਅੱਗੇ ਸ਼ੁਰੂ ਕੀਤਾ ਧਰਨਾ ਜਾਰੀ ਹੈ। ਬੀ.ਜੇ.ਪੀ. ਦੇ ਆਗੂਆਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਫ਼ੈਸਲੇ ਅਨੁਸਾਰ ਸਟੇਟ ਕਮੇਟੀ ਮੈਂਬਰ ਸੂਰਜ ਕੁਮਾਰ ਛਾਬੜਾ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਭੋਲਾ ਸਿੰਘ ਮਾਖਾ, ਨਛੱਤਰ ਸਿੰਘ ਬਹਿਮਣ ਅਤੇ ਉੱਤਮ ਸਿੰਘ ਰਾਮਾਂਨੰਦੀ ਵੀ ਹਾਜ਼ਰ ਸਨ।