ਮਨਿੰਦਰਜੀਤ ਸਿੱਧੂ
ਜੈਤੋ, 11 ਨਵੰਬਰ 2020 - ਆਮ ਆਦਮੀ ਪਾਰਟੀ ਵੱਲੋਂ ਪਿਛਲ਼ੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਨੂੰ ਇਹ ਕਹਿਕੇ ਘੇਰਿਆ ਜਾ ਰਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀ ਐਮ.ਐਸ.ਪੀ. ਬੰਦ ਕਰਦੀ ਹੈ ਤਾਂ ਪੰਜਾਬ ਸਰਕਾਰ ਨੂੰ ਆਪਣੇ ਪੱਲਿਓਂ ਕਿਸਾਨਾਂ ਦੀਆਂ ਫਸਲਾਂ ਐਮ.ਐਸ.ਪੀ. ਉੱਪਰ ਖਰੀਦੀਆਂ ਜਾਣ। ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫਸਲਾਂ ਨੂੰ ਖੁਦ ਐਮ.ਐਸ.ਪੀ. ਤੇ ਖਰੀਦ ਰਹੀ ਹੈ।
ਕੱਲ੍ਹ ਆਮ ਆਦਮੀ ਪਾਰਟੀ ਯੂਥ ਵਿੰਗ ਦੀ ਨਵ-ਨਿਯੁਕਤ ਮੀਤ ਪ੍ਰਧਾਨ ਗਾਇਕਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਐਮ.ਐਸ.ਪੀ. ਨਹੀਂ ਦੇ ਸਕਦੀ ਤਾਂ ਉਹਨਾਂ ਨੂੰ ਸਰਕਾਰ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।ਉਹਨਾਂ ਨਾਲ ਇਹ ਵੀ ਕਿਹਾ ਕਿ ਸਾਨੂੰ 5 ਮਿੰਟ ਲਈ ਸਰਕਾਰ ਦਿੱਤੀ ਜਾਵੇ ਅਸੀਂ ਸਾਰੇ ਮਸਲਿਆਂ ਦਾ ਹੱਲ ਕਰ ਦੇਵਾਂਗੇ।
ਹੁਣ ਇੱਥੇ ਸਵਾਲ ਹੈ ਇਹ ਉੱਠਦਾ ਹੈ ਕਿ ਕੀ ਪੰਜਾਬ ਸਰਕਾਰ ਐਨੀ ਸਮਰੱਥ ਹੈ ਕਿ ਉਹ ਕਿਸਾਨਾਂ ਦੀਆਂ ਫਸਲਾਂ ਨੂੰ ਆਪਣੇ ਪੱਲਿਓਂ ਆਪਣੇ ਬਜ਼ਟ ਵਿੱਚੋਂ ਫਸਲ ਦਾ ਪੂਰਾ ਮੁੱਲ ਦੇ ਸਕਦੀ ਹੈ? ਹੁਣ ਇੱਥੇ ਇਹ ਵੀ ਜਿਕਰਯੋਗ ਹੈ ਕਿ ਕੇਵਲ ਕਣਕ ਅਤੇ ਝੋਨੇ ਦੀ ਫਸਲ ਉੱਪਰ ਐਮ.ਐਸ.ਪੀ. ਦੇਣ ਤੇ 65000 ਕਰੋੜ ਰੁਪਏ ਦਾ ਖਰਚ ਆਉਂਦਾ ਹੈ। ਜੇਕਰ ਸਾਰੀਆਂ ਫਸਲਾਂ ਉੱਪਰ ਐਮ.ਐਸ.ਪੀ. ਦੇਣੀ ਹੋਵੇ ਤਾਂ ਇਸਦਾ ਖਰਚ ਪੰਜਾਬ ਸਰਕਾਰ ਦੇ ਕੁੱਲ ਸਲਾਨਾ ਬਜ਼ਟ ਦੇ ਬਰਾਬਰ ਅੱਪੜ ਜਾਵੇਗਾ।
ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਸਾਰਾ ਖਰਚ ਐਮ.ਐਸ.ਪੀ. ਉੱਪਰ ਸਰਕਾਰ ਖਰਚ ਕਰ ਦਿੰਦੀ ਹੈ ਤਾਂ ਸਿਹਤ ਸੇਵਾਵਾਂ, ਸਿੱਖਿਆ, ਮੁਲਾਜ਼ਮਾਂ ਦੀਆਂ ਤਨਖਾਹਾਂ, ਬੁਢਾਪਾ ਪੈਨਸ਼ਨਾਂ, ਬੱਚਿਆਂ ਨੂੰ ਵਜ਼ੀਫੇ, ਅਤੇ ਸਰਕਾਰ ਦੇ ਰੋਜਮਰਾ ਦੇ ਖਰਚਿਆਂ ਲਈ ਪੈਸਾ ਕਿੱਥੋਂ ਆਵੇਗਾ। ਸੋ ਇਸ ਤਰ੍ਹਾਂ ਤਾਂ ਇਹੀ ਜਾਪਦਾ ਹੈ ਕਿ ਗਾਇਕੀ ਦੇ ਵਿੱਚੋਂ ਨਵੀਂ ਨਵੀਂ ਸਿਆਸਤ ਵਿੱਚ ਐਂਟਰੀ ਮਾਰ ਕੇ ਸਿੱਧਾ ਪਾਰਟੀ ਦੀ ਯੂਥ ਦੀ ਸਹਿ ਪ੍ਰਧਾਨ ਲੱਗਣ ਉਪਰੰਤ ਦਿੱਤੇ ਜਾ ਰਹੇ ਬਿਆਨ ਬੇਤੁੱਕੇ ਅਤੇ ਤਰਕਹੀਣ ਜਾਪ ਰਹੇ ਹਨ।
ਆਮ ਆਦਮੀ ਪਾਰਟੀ ਹਵਾਈ ਗੱਲਾਂ ਕਰਨੀਆਂ ਬੰਦ ਕਰੇ - ਸਿੰਕਦਰ ਸਿੰਘ ਮਲੂਕਾ
ਜਦ ਅਸੀਂ ਇਸ ਮਸਲੇ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹਵਾਈ ਗੱਲਾਂ ਕਰਨੀਆਂ ਬੰਦ ਕਰੇ ਤੇ ਪੰਜਾਬ ਦੀ ਜਮੀਨੀ ਹਕੀਕਤ ਨੂੰ ਸਮਝੇ। ਉਹਨਾਂ ਕਿਹਾ ਕਿ ਪੰਜਾਬ ਨੂੰ ਦਿੱਲੀ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਅਤੇ ਨਾਂ ਹੀ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਸਾਰੀਆਂ ਫਸਲਾਂ ਉੱਪਰ ਐਮ.ਐਸ.ਪੀ. ਦਿੱਤੀ ਹੋਈ ਹੈ। ਉਹਨਾਂ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਉੱਪਰ ਦਬਾਅ ਹੋਰ ਵਧਾਉਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਦੀ ਜਾਇਜ ਮੰਗਾਂ ਮੰਨੀਆਂ ਜਾ ਸਕਣ। ਕੇਂਦਰ ਨੂੰ ਪੰਜਾਬ ਦੇ ਨਾਲ ਲੱਗਦੇ ਪਾਕਿਸਤਾਨ ਦੇ ਬਾਰਡਰ ਵਪਾਰ ਲਈ ਖੋਲ ਦੇਣੇ ਚਾਹੀਦੇ ਹਨ, ਜਿਸ ਨਾਲ ਪੰਜਾਬ ਦੀਆਂ ਅੱਧੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।
ਆਮ ਆਦਮੀ ਪਾਰਟੀ ਚੱਲ ਰਹੀ ਹੈ ਬੀ.ਜੇ.ਪੀ. ਦੇ ਇਸ਼ਾਰਿਆਂ ਉੱਪਰ- ਮੁਹੰਮਦ ਸਦੀਕ
ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨਾਲ ਜਦ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦਿੱਲੀ ਵਿੱਚ ਬੀ.ਜੇ.ਪੀ. ਨਾਲ ਰਲ ਕੇ ਸਰਕਾਰ ਚਲਾ ਰਹੀ ਹੈ, ਜਿਸ ਕਰਕੇ ਉਹ ਬੇਤੁਕੀਆਂ ਗੱਲਾਂ ਕਰਦੀ ਹੈ। ਆਮ ਆਦਮੀ ਪਾਰਟੀ ਨੂੰ ਇਹ ਸਮਝਣ ਦੀ ਜਰੂਰਤ ਹੈ ਕਿ ਪੰਜਾਬ ਦਿੱਲੀ ਨਹੀਂ ਹੈ। ਪੰਜਾਬ ਵਿੱਚ ਜਿੰਨੀ ਫਸਲ ਇੱਕ ਜ਼ਿਲ੍ਹੇ ਵਿੱਚ ਪੈਦਾ ਹੁੰਦੀ ਹੈ, ਉਨੀ ਫਸਲ ਪੂਰੀ ਦਿੱਲੀ ਵਿੱਚ ਪੈਦਾ ਨਹੀਂ ਹੁੰਦੀ।
ਆਮ ਆਦਮੀ ਪਾਰਟੀ ਹਰ ਵਕਤ ਦੋਗਲੀ ਨੀਤੀ ਅਪਣਾਉਂਦੀ ਹੈ। ਵਿਧਾਨ ਸਭਾ ਵਿੱਚ ਬਿੱਲ ਪਾਸ ਕਰਨ ਮੌਕੇ ਸਰਕਾਰ ਦਾ ਸਾਥ ਦਿੰਦੀ ਹੈ ਅਤੇ ਵਿਧਾਨ ਸਭਾ ਤੋਂ ਬਾਹਰ ਆਕੇ ਸਰਕਾਰ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਦੀ ਹੈ। ਸੋ ਆਮ ਆਦਮੀ ਪਾਰਟੀ ਕਿਸਾਨੀ ਮੰਗਾਂ ਨੂੰ ਲੈਕੇ ਸੁਹਰਦ ਨਹੀਂ ਹੈ ਕਿਤੇ ਨਾਂ ਕਿਤੇ ਉਹ ਬੀ.ਜੇ.ਪੀ. ਦਾ ਸਾਥ ਦੇ ਰਹੀ ਹੈ।
ਪੰਜਾਬ ਸਰਕਾਰ ਆਪਣਾ ਪੂਰਾ ਬਜ਼ਟ ਖਰਚ ਕੇ ਵੀ ਐਮ.ਐਸ.ਪੀ. ਨਹੀਂ ਦੇ ਸਕਦੀ - ਸੁਖਪਾਲ ਖਹਿਰਾ
ਪੰਜਾਬ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਬਿਨ੍ਹਾਂ ਸੋਚੇ ਸਮਝੇ ਬਿਆਨ ਦੇ ਰਹੀ ਹੈ। ਪੰਜਾਬ ਸਰਕਾਰ ਆਪਣੇ ਪੂਰੇ ਸਲਾਨਾ ਬਜਟ ਵੀ ਜੇ ਐਮ.ਐਸ.ਪੀ. ਦੇਣ ਤੇ ਖਰਚ ਕਰੇ ਤਾਂ ਵੀ ਇਹ ਸੰਭਵ ਨਹੀਂ ਹੈ। ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਹਨ ਬੇਤੁਕੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।